ਸਾਹਿਬਜ਼ਾਦਾ ਅਜੀਤ ਸਿੰਘ ਨਗਰ/ਚੰਡੀਗੜ੍ਹ 23 ਅਪਰੈਲ (ਮੰਗਤ ਸਿੰਘ ਸੈਦਪੁਰ) : ਪੰਜਾਬ, ਜੰਮੂ-ਕਸ਼ਮੀਰ ਅਤੇ ਉਤਰਾਖੰਡ ਦੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਸੁਨਹਿਰੀ ਭਵਿੱਖ ਦਾ ਝਾਂਸਾ ਦੇ ਕੇ ਅਗਵਾ ਕਰਨ ਅਤੇ ਫਿਰ ਕਰੋੜਾਂ ਰੁਪਏ ਦੀ ਫ਼ਿਰੌਤੀ ਵਸੂਲਣ ਦਾ ਇੱਕ ਭਿਆਨਕ ਮਾਮਲਾ ਸਾਹਮਣੇ ਆਇਆ ਹੈ। ‘ਪੰਜਾਬ ਅਗੇਂਸਟ ਕੁਰੱਪਸ਼ਨ’ ਸੰਸਥਾ ਦੇ ਪ੍ਰਧਾਨ ਸਤਨਾਮ ਦਾਊਂ ਅਤੇ ਮੈਂਬਰ ਨਵਨੀਤ ਫਾਜ਼ਿਲਕਾ ਨੇ ਖ਼ੁਲਾਸਾ ਕੀਤਾ ਹੈ ਕਿ ਟਰੈਵਲ ਏਜੰਟਾਂ ਅਤੇ ਅੰਤਰਰਾਸ਼ਟਰੀ ਅਗਵਾਕਾਰਾਂ ਦੀ ਮਿਲੀਭੁਗਤ ਨਾਲ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਖ਼ਤਰਨਾਕ ਖੇਡ ਖੇਡੀ ਜਾ ਰਹੀ ਹੈ। ਕੋਰੀਆ ਦੀ ਥਾਂ ਇਥੋਪੀਆ ਭੇਜ ਕੇ ਕੀਤਾ ਜਾਂਦਾ ਹੈ ਅਗਵਾ :ਜਾਣਕਾਰੀ ਅਨੁਸਾਰ, ਜ਼ਿਲ੍ਹਾ ਫਾਜ਼ਿਲਕਾ ਦੇ ਅਸ਼ੋਕ ਕੁਮਾਰ, ਫ਼ਤਿਹਗੜ੍ਹ ਸਾਹਿਬ (ਪਿੰਡ ਲਖਣਪੁਰ) ਦੇ ਹਰਬੰਸ ਸਿੰਘ ਤੋਂ ਇਲਾਵਾ ਦੀਨਾਨਗਰ ਅਤੇ ਜੰਮੂ ਦੇ ਕਈ ਨੌਜਵਾਨਾਂ ਨੂੰ ਏਜੰਟਾਂ ਨੇ ਦੱਖਣੀ ਕੋਰੀਆ ਭੇਜਣ ਦਾ ਝਾਂਸਾ ਦਿੱਤਾ ਸੀ। ਕੋਰੀਆ ਦੀ ਬਜਾਏ ਇਨ੍ਹਾਂ ਨੂੰ ਥਾਈਲੈਂਡ ਅਤੇ ਖਾੜੀ ਦੇਸ਼ਾਂ ਦੇ ਰਸਤੇ ਇਥੋਪੀਆ ਭੇਜ ਦਿੱਤਾ ਗਿਆ, ਜਿੱਥੇ ਏਅਰਪੋਰਟ ਤੋਂ ਬਾਹਰ ਆਉਂਦੇ ਹੀ ਅਗਵਾਕਾਰਾਂ ਨੇ ਉਨ੍ਹਾਂ ਨੂੰ ਬੰਦੀ ਬਣਾ ਲਿਆ। ਤਸ਼ੱਦਦ ਅਤੇ ਵੀਡੀਓ ਰਾਹੀਂ ਫ਼ਿਰੌਤੀ ਦੀ ਮੰਗ ਕੀਤੀ। ਪੀੜਤਾਂ ਦੇ ਪਰਿਵਾਰਾਂ ਤੋਂ ਮਿਲੀ ਜਾਣਕਾਰੀ ਆਡੀਓ ਅਤੇ ਵੀਡੀਓਜ਼ ਤੋਂ ਪਤਾ ਲੱਗਦਾ ਹੈ ਕਿ ਅਗਵਾਕਾਰ ਨੌਜਵਾਨਾਂ ਨੂੰ ਬੰਨ੍ਹ ਕੇ ਬੁਰੀ ਤਰ੍ਹਾਂ ਕੁੱਟਦੇ ਹਨ ਅਤੇ ਉਨ੍ਹਾਂ ਨੂੰ ਭੁੱਖਾ ਰੱਖਿਆ ਜਾਂਦਾ ਹੈ ਅਤੇ ਪਰਿਵਾਰ ਤੋ ਨੌਜਵਾਨਾਂ ਨੂੰ ਛੱਡਣ ਲਈ ਪੰਜਾਹ ਲੱਖ ਰੁਪਏ ਪ੍ਰਤੀ ਨੌਜਵਾਨ ਮੰਗੇ ਜਾਂਦੇ ਹਨ। ਅਗਵਾਕਾਰ ਜੋ ਆਪਣਾ ਨਾਮ ‘ਖਾਨ ਬਾਬਾ’ ਦੱਸਦਾ ਹੈ ਉਹ ਭਾਰਤੀ ਨੰਬਰ 947**7508 ਅਤੇ ਵਿਦੇਸ਼ੀ ਨੰਬਰ 001289561**0 ਦੇ ਵ੍ਹਟਸਐਪ ਰਾਹੀਂ ਨੌਜਵਾਨਾਂ ‘ਤੇ ਹੁੰਦੇ ਤਸ਼ੱਦਦ ਦੀਆਂ ਵੀਡੀਓਜ਼ ਪਰਿਵਾਰਾਂ ਨੂੰ ਭੇਜ ਕੇ ਫ਼ਿਰੌਤੀ ਮੰਗਦਾ ਹੈ ਅਤੇ ਫਿਰੌਤੀ ਨਾ ਦੇਣ ਦੀ ਸੂਰਤ ਵਿੱਚ ਨੌਜਵਾਨਾਂ ਦੇ ਕੰਨ ਜਾਂ ਉਂਗਲਾਂ ਵੱਢਣ ਦੀਆਂ ਧਮਕੀਆਂ ਜਾਂ ਫਿਰੌਤੀ ਨਾ ਦੇਣ ਤੇ ਕਤਲ ਕਰਨ ਦੀਆਂ ਧਮਕੀਆਂ ਦਿੰਦਾ ਹੈ। ਹੈਰਾਨੀ ਦੀ ਗੱਲ ਹੈ ਕਿ ਉਹ ਸਰੇਆਮ ਭਾਰਤੀ ਏਜੰਸੀਆਂ ਅਤੇ ਪੁਲਿਸ ਨੂੰ ਚੁਣੌਤੀ ਦਿੰਦੇ ਹੋਏ ਕਹਿੰਦਾ ਹੈ ਕਿ ਉਸ ਦਾ ਕੋਈ ਕੁੱਝ ਨਹੀਂ ਬਿਗਾੜ ਸਕਦਾ ਅਤੇ ਫਿਰੌਤੀ ਦੇ ਪੈਸੇ ਦੇਣੇ ਹੀ ਪੈਣਗੇ। ਸਰਕਾਰੀ ਏਜੰਸੀਆਂ ਦੀ ਕਾਰਗੁਜ਼ਾਰੀ ‘ਤੇ ਸਵਾਲ* ਕਰਦਿਆਂ ਸਤਨਾਮ ਦਾਊਂ ਨੇ ਦੱਸਿਆ ਕਿ ਉਨ੍ਹਾਂ ਨੇ ਖ਼ੁਦ ਅਗਵਾਕਾਰ ਨਾਲ ਗੱਲਬਾਤ ਕਰਕੇ ਉਸਦੀ ਰਿਕਾਰਡਿੰਗ ਉਤਰਾਖੰਡ ਪੁਲਿਸ ਦੇ ਸਬੰਧਤ ਐੱਸ.ਐੱਸ.ਪੀ. ਨੂੰ ਭੇਜੀ ਸੀ ਤਾਂ ਜੋ ਕੋਈ ਜਾਲ ਵਿਛਾਇਆ ਜਾ ਸਕੇ। ਇਸ ਤੋਂ ਇਲਾਵਾ ਪੰਜਾਬ ਦੇ ਕਈ ਮੈਂਬਰ ਪਾਰਲੀਮੈਂਟਜ ਨੇ ਵੀ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖੇ ਹਨ ਅਤੇ ਨਵਨੀਤ ਫਾਜਿਲਕਾ ਨੇ ਭਾਰਤੀ ਦੂਤਾਵਾਸਾਂ ਨੂੰ ਵੀ ਈਮੇਲ ਕੀਤੀਆਂ ਹਨ ਹਨ ਜਿਹਨਾਂ ਦੇ ਜੁਆਬ ਵੀ ਆਏ ਹਨ, ਪਰ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਹੋਈ। ਕਈ ਪਰਿਵਾਰ ਆਪਣੀ ਜ਼ਮੀਨ-ਜਾਇਦਾਦ ਵੇਚ ਕੇ 50-50 ਲੱਖ ਦੀ ਫ਼ਿਰੌਤੀ ਦੇ ਕੇ ਆਪਣੇ ਬੱਚਿਆਂ ਨੂੰ ਛੁਡਵਾ ਚੁੱਕੇ ਹਨ, ਪਰ ਜਿਲ੍ਹਾ ਫਤਿਹਗੜ੍ਹ ਸਾਹਿਬ ਦੇ ਇੱਕ ਪਿੰਡ ਪਿੰਡ ਦਾ ਨੌਜਵਾਨ ਅਜੇ ਵੀ ਅਗਵਾਕਾਰਾਂ ਦੇ ਚੁੰਗਲ ਵਿੱਚ ਹੈ, ਜਿਸਦੀ ਜਾਨ ਨੂੰ ਗੰਭੀਰ ਖ਼ਤਰਾ ਹੈ। ਪੰਜਾਬ ਅਗੇਂਸਟ ਕੁਰੱਪਸ਼ਨ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਇੰਟਰਪੋਲ ਦੀ ਮਦਦ ਨਾਲ ਇਸ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕਰੇ ਅਤੇ ਫਸੇ ਹੋਏ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਲਿਆਵੇ ਅਤੇ ਨਾਲ ਅਗਵਾਹ ਹੋਏ ਨੌਜਵਾਨਾਂ ਦੀ ਬਣਦੀ ਮੱਦਦ ਕੀਤੀ ਜਾਵੇ। ਉਹਨਾਂ ਮੰਗ ਕੀਤੀ ਕਿ ਠੱਗੀ ਮਾਰਨ ਵਾਲੇ ਅਤੇ ਅਗਵਾਕਾਰਾਂ ਨਾਲ ਮਿਲੇ ਹੋਏ ਟਰੈਵਲ ਏਜੰਟਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਤਰਾਖੰਡ ਪੁਲਿਸ ਵੱਲੋ ਗਿਰਫ਼ਤਾਰ ਕੀਤੇ ਗਏ ਠੱਗ ਏਜੰਟਾਂ ਦੀ ਸਖ਼ਤ ਪੁੱਛ ਪੜਤਾਲ ਕਰਕੇ ਉਹਨਾਂ ਦੇ ਬਾਕੀ ਨੈੱਟਵਰਕ ਨੂੰ ਕਾਬੂ ਕੀਤਾ ਜਾਵੇ। ਇਸਦੇ ਨਾਲ ਹੀ ਸੰਸਥਾ ਨੇ ਜਨਤਕ ਅਪੀਲ ਵੀ ਕੀਤੀ ਕਿ ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨ ਸਿਰਫ਼ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਏਜੰਟਾਂ ਰਾਹੀਂ ਹੀ ਵਿਦੇਸ਼ ਜਾਣ। ਉਹਨਾਂ ਇਹ ਵੀ ਅਪੀਲ ਕੀਤੀ ਕਿ ਏਜੰਟਾਂ ਨੂੰ ਕੋਈ ਵੀ ਰਕਮ ਨਗਦ ਨਾ ਦਿੱਤੀ ਜਾਵੇ। ਜੇਕਰ ਕੋਈ ਏਜੰਟ ਟੈਕਸ ਬਚਾਉਣ ਦਾ ਬਹਾਨਾ ਬਣਾ ਕੇ ਨਗਦ ਪੈਸੇ ਮੰਗਦਾ ਹੈ, ਤਾਂ ਇਹ ਠੱਗੀ ਮਾਰਨ ਅਤੇ ਫਸਾਉਣ ਦਾ ਸੰਕੇਤ ਹੋ ਸਕਦਾ ਹੈ। ਸੰਸਥਾ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਕੋਈ ਕਦਮ ਨਾ ਚੁੱਕਿਆ ਗਿਆ ਤਾਂ ਕਈ ਹੋਰ ਨੌਜਵਾਨ ਇਸ ਮੌਤ ਦੇ ਜਾਲ ਵਿੱਚ ਫਸ ਸਕਦੇ ਹਨ।
Home
»
Uncategorized
»
ਵਿਦੇਸ਼ ਭੇਜਣ ਦੇ ਨਾਂ ‘ਤੇ ਅਗਵਾ ਅਤੇ ਕਰੋੜਾਂ ਦੀ ਫ਼ਿਰੌਤੀ ਦਾ ਵੱਡਾ ਗੋਰਖਧੰਦੇ ਦਾ ਹੋਇਆ ਪਰਦਾਫਾਸ ਪੰਜਾਬ ਅਗੇਂਸਟ ਕੁਰੱਪਸ਼ਨ ਵੱਲੋਂ ਸਰਕਾਰ ਨੂੰ ਤੁਰੰਤ ਕਾਰਵਾਈ ਦੀ ਅਪੀਲ : ਪ੍ਰਧਾਨ ਸਤਨਾਮ ਸਿੰਘ ਦਊ


