ਚੰਡੀਗੜ੍ਹ 20 ਮਾਰਚ (ਮੰਗਤ ਸਿੰਘ ਸੈਦਪੁਰ) : ਪੀਐਸਪੀਸੀਐਲ ਦਫ਼ਤਰ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ ਵਿਖੇ ਤਾਇਨਾਤ ਜੂਨੀਅਰ ਇੰਜੀਨੀਅਰ ਲਖਵੀਰ ਸਿੰਘ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਪੰਜਾਬ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਅਨੁਸਾਰ ਉਕਤ ਦੋਸ਼ੀ ਨੂੰ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਵਿਜੀਲੈਂਸ ਬਿਊਰੋ ਦੇ ਥਾਣਾ ਬਠਿੰਡਾ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸ ਦੇ ਸਹਿ-ਮੁਲਜ਼ਮ ਰੇਸ਼ਮ ਸਿੰਘ ਏ.ਐਲ.ਐਮ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ। ਸ਼ਿਕਾਇਤਕਰਤਾ ਦੇ ਪੁੱਤਰ ਨੇ ਆਪਣੀ ਗੱਡੀ ਪਾਰਕ ਕਰਦੇ ਸਮੇਂ ਗਲੀ ਵਿੱਚ ਸਥਿਤ ਬਿਜਲੀ ਦੇ ਖੰਭੇ ਨਾਲ ਟੱਕਰ ਮਾਰ ਦਿੱਤੀ। ਗੱਡੀ ਖਰਾਬ ਹੋ ਗਈ ਅਤੇ ਖੰਭਾ ਵੀ ਟੁੱਟ ਗਿਆ। ਦੋਸ਼ੀ ਰੇਸ਼ਮ ਸਿੰਘ ਏ.ਐਲ.ਐਮ ਅਤੇ ਲਖਬੀਰ ਸਿੰਘ ਜੇ.ਈ. ਮੌਕੇ ‘ਤੇ ਪਹੁੰਚੇ ਅਤੇ ਕਿਹਾ ਕਿ ਤੁਹਾਡੀ ਗੱਡੀ ਜ਼ਬਤ ਕਰ ਲਈ ਜਾਵੇਗੀ। ਦੋਵਾਂ ਦੋਸ਼ੀਆਂ ਨੇ ਮਾਮਲੇ ਨੂੰ ਸੁਲਝਾਉਣ ਲਈ 25000 ਰੁਪਏ ਰਿਸ਼ਵਤ ਮੰਗੀ। ਉਹ ਸ਼ਿਕਾਇਤਕਰਤਾ ਦੇ ਕਹਿਣ ‘ਤੇ 25000 ਰੁਪਏ ਦੀ ਥਾਂ 15000 ਰੁਪਏ ਦੀ ਰਿਸ਼ਵਤ ਲੈਣ ਲਈ ਰਾਜ਼ੀ ਹੋ ਗਏ। ਸ਼ਿਕਾਇਤਕਰਤਾ ਨੇ ਰਿਸ਼ਵਤ ਮੰਗਣ ਸਬੰਧੀ ਪੂਰੀ ਗੱਲਬਾਤ ਰਿਕਾਰਡ ਕਰ ਲਈ ਸੀ। ਸ਼ਿਕਾਇਤਕਰਤਾ ਰਿਸ਼ਵਤ ਨਹੀਂ ਦੇਣਾ ਚਾਹੁੰਦਾ ਸੀ ਇਸ ਲਈ ਉਸ ਨੇ ਵਿਜੀਲੈਂਸ ਬਿਊਰੋ ਰੇਂਜ ਬਠਿੰਡਾ ਨਾਲ ਸੰਪਰਕ ਕੀਤਾ। ਉਸ ਦੀ ਸ਼ਿਕਾਇਤ ਦੀ ਮੁੱਢਲੀ ਜਾਂਚ ਤੋਂ ਬਾਅਦ, ਵਿਜੀਲੈਂਸ ਬਿਊਰੋ ਦੀ ਟੀਮ ਨੇ ਇੱਕ ਜਾਲ ਵਿਛਾਇਆ ਜਿਸ ਦੌਰਾਨ ਦੋਸ਼ੀ ਜੂਨੀਅਰ ਇੰਜੀਨੀਅਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 14,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਇਸ ਸਬੰਧੀ ਹੋਰ ਕੀ ਖੁਲਾਸੇ ਹੋਣਗੇ ਫਿਲਹਾਲ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ ਪ੍ਰੰਤੂ ਸਰਕਾਰ ਦੀ ਸ਼ਖਤੀ ਦੇ ਬਾਵਜੂਦ ਵੀ ਰਿਸ਼ਵਤ ਲੈਣ ਅਤੇ ਹੋਰ ਕ੍ਰਿਮੀਨਲ ਵਾਪਰਨ ਵਾਲੀਆਂ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਖਾਸ ਗੱਲ ਇਹ ਹੈ ਕਿ ਹੁਣ ਪਿੰਡਾਂ ਦੇ ਵਿੱਚ ਉਹਨਾਂ ਲੋਕਾਂ ਦੇ ਬਿਜਲੀ ਕਨੈਕਸ਼ਨ ਕੱਟੇ ਜਾ ਰਹੇ ਹਨ ਜਿਨ੍ਹਾਂ ਦੇ ਘਰ ਚੰਗੇ ਹਨ ਅਤੇ ਉੱਚੀਆਂ ਇਮਾਰਤਾਂ ਹਨ। ਪ੍ਰੰਤੂ ਇਸ ਕਰਕੇ ਉਹਨਾਂ ਦੇ ਬਿਜਲੀ ਬਿੱਲ ਭੇਜੇ ਜਦੋਂ ਕਿ ਬਿਜਲੀ ਬਿੱਲ ਮੁਆਫ ਹਨ। ਪਰੰਤੂ ਇਹੋ ਜਿਹੇ ਭਰਿਸ਼ਟ ਮੁਲਾਜ਼ਮ ਉਹਨਾਂ ਦੇ ਕਨੈਕਸ਼ਨ ਕੱਟ ਕੇ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਹਨ ਕਿ ਉਹਨਾਂ ਨੂੰ ਰਿਸ਼ਵਤ ਦਿੱਤੀ ਜਾਵੇ ਅਤੇ ਉਹਨਾਂ ਦੇ ਅੱਗੋਂ ਕਨੈਕਸ਼ਨ ਕੱਟੇ ਨਹੀਂ ਜਾਣਗੇ। ਇਹੋ ਜਿਹੇ ਰਿਸ਼ਵਤਖੋਰਾਂ ਤੋਂ ਪੰਜਾਬ ਦੇ ਬਹੁਤ ਸਾਰੇ ਲੋਕ ਪਰੇਸ਼ਾਨ ਹਨ। ਸਰਕਾਰ ਨੂੰ ਇਹਨਾਂ ਪ੍ਰਤੀ ਵਿਸ਼ੇਸ਼ ਤੌਰ ਤੇ ਧਿਆਨ ਦੇਣਾ ਚਾਹੀਦਾ ਹੈ।
Home
»
Uncategorized
»
ਪੀਐਸਪੀਸੀਐਲ ਦੇ ਜੂਨੀ. ਇੰਜੀਨੀਅਰ ਨੂੰ 14,000 ਰੁਪਏ ਰਿਸ਼ਵਤ ਲੈਂਦਿਆਂ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ : ਬੁਲਾਰਾ


