Translate Your Language

October 5, 2026 12:21 pm

PUNPUN03583/19/1/2007-TC

PUNPUN03583/19/1/2007-TC

Home » Uncategorized » ਸ਼੍ਰੀ ਅਕਾਲ ਤਖਤ ਸਾਹਿਬ ਦਾ ਭਗੋੜਾ ਸੁਖਬੀਰ ਬਾਦਲ ਖਾਲਸਾ ਪੰਥ ਦੇ ਅਸਲ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਖਿਲਾਫ ਬੋਲਣ ਤੋਂ ਪਹਿਲਾਂ ਫੇਰੇ ਆਪਣੀ ਪੀੜੀ ਹੇਠਾਂ ਸੋਟੀ : ਢੀਂਡਸਾ, ਵਡਾਲਾ ਅਤੇ ਛੋਟੇਪੁਰ

ਸ਼੍ਰੀ ਅਕਾਲ ਤਖਤ ਸਾਹਿਬ ਦਾ ਭਗੋੜਾ ਸੁਖਬੀਰ ਬਾਦਲ ਖਾਲਸਾ ਪੰਥ ਦੇ ਅਸਲ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਖਿਲਾਫ ਬੋਲਣ ਤੋਂ ਪਹਿਲਾਂ ਫੇਰੇ ਆਪਣੀ ਪੀੜੀ ਹੇਠਾਂ ਸੋਟੀ : ਢੀਂਡਸਾ, ਵਡਾਲਾ ਅਤੇ ਛੋਟੇਪੁਰ

ਖਾਲਸਾ ਪੰਥ ਦੀ ਸਰਵਉੱਚ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ‘ਤੇ ਪੰਥ ਵਿਰੁੱਧ ਕੀਤੇ ਸਾਰੇ ਗੁਨਾਹ ਕਬੂਲੇ ਪ੍ਰੰਤੂ ਗੁਰੂ ਨਾਲ ਜੋੜਨ ਵਾਲੀ ਧਰਤੀ ਮੁਕਤਸਰ ਸਾਹਿਬ ‘ਤੇ ਮੁੱਕਰ ਕੇ ਸੁਖਬੀਰ ਨੇ ਗੁਰੂ ਨੂੰ ਦਿੱਤਾ ਬੇਦਾਵਾ.?
ਚੰਡੀਗੜ੍ਹ 20 ਮਾਰਚ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ ਦੋ ਦਸੰਬਰ ਦੇ ਹੁਕਮਨਾਮਿਆਂ ਅਨੁਸਾਰ ਪੁਨਰ ਸੁਰਜੀਤ ਹੋਇਆ ਸੀ, ਜੋ ਪੰਥਕ ਭਾਵਨਾਵਾਂ ਅਨੁਸਾਰ ਕੰਮ ਕਰ ਰਿਹਾ ਹੈ। ਸੁਖਬੀਰ ਸਿੰਘ ਬਾਦਲ ਨੂੰ ਇਸ ਦੇ ਖਿਲਾਫ ਬੋਲਣ ਤੋਂ ਪਹਿਲਾਂ ਆਪਣੀ ਪੀੜੀ ਹੇਠ ਸੋਟੀ ਫੇਰਨੀ ਚਾਹੀਦੀ ਹੈ। ਇਹਨਾਂ ਗੱਲਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਕੱਤਰ ਜਨਰਲ ਗੁਰਪ੍ਰਤਾਪ ਸਿੰਘ ਵਡਾਲਾ ਅਤੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਅਤੇ ਸੁੱਚਾ ਸਿੰਘ ਛੋਟੇਪੁਰ ਨੇ ਇੱਕ ਸਾਂਝੇ ਲਿਖਤੀ ਪ੍ਰੈਸ ਬਿਆਨ ਵਿੱਚ ਕੀਤਾ। ਤਿੰਨਾਂ ਨੇਤਾਵਾਂ ਨੇ ਕਿਹਾ ਕਿ ਦੋ ਦਸੰਬਰ 2024 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਸਪਸ਼ਟ ਆਦੇਸ਼ ਹੋਏ ਸਨ ਕਿ ਅਕਾਲੀ ਦਲ ਦੀ ਨੈਤਿਕ ਅਧਿਕਾਰ ਗਵਾ ਚੁੱਕੀ ਲੀਡਰਸ਼ਿਪ ਦੀ ਥਾਂ ਨਵੀਂ ਭਰਤੀ ਕਰਕੇ ਨਵੀਂ ਲੀਡਰਸ਼ਿਪ ਨੂੰ ਉਭਾਰਿਆ ਜਾਵੇ। ਸ੍ਰੀ ਅਕਾਲ ਤਖਤ ਸਾਹਿਬ ਤੋਂ ਬਣੀ ਕਮੇਟੀ ਵਿੱਚੋਂ ਜਦੋਂ ਸੁਖਬੀਰ ਸਿੰਘ ਬਾਦਲ ਦਾ ਸਿਪਾਹੀ ਹਰਜਿੰਦਰ ਸਿੰਘ ਧਾਮੀ ਭਗੌੜਾ ਹੋ ਗਿਆ ਤਾਂ ਇਹਨਾਂ ਆਦੇਸ਼ਾਂ ਦੀ ਰੌਸ਼ਨੀ ਵਿੱਚ ਪੰਜ ਮੈਂਬਰੀ ਭਰਤੀ ਕਮੇਟੀ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਦੇਸ਼ ਲੈ ਕੇ ਭਰਤੀ ਮੁਹਿੰਮ ਸ਼ੁਰੂ ਕੀਤੀ ਸੀ। ਜਿਸ ਨੇ 15 ਲੱਖ ਤੋਂ ਵੱਧ ਲੋਕਾਂ ਦੀ ਭਰਤੀ ਕਰਕੇ ਡੈਲੀਗੇਟ ਹਾਊਸ ਚੁਣਿਆ। ਉਸ ਡੈਲੀਗੇਟ ਹਾਊਸ ਵਿੱਚ ਪੂਰਨ ਮਰਿਆਦਾ ਅਤੇ ਸੰਵਿਧਾਨਿਕ ਤਰੀਕੇ ਨਾਲ ਪੰਥ ਦੀ ਪਾਰਟੀ ਨੇ ਆਪਣਾ ਨਵਾਂ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੂੰ ਚੁਣਿਆ। ਉਨਾਂ ਨੇ ਆਪਣੀ ਸਹਾਇਤਾ ਲਈ ਪਾਰਟੀ ਦਾ ਪੂਰਾ ਜਥੇਬੰਦਕ ਢਾਂਚਾ ਉਸਾਰਿਆ ਜੋ ਪੰਜਾਬ ਵਿੱਚ ਵਿਚਰਦਿਆਂ ਲੋਕਾਂ ਦੀਆਂ ਭਾਵਨਾਵਾਂ ਅਨੁਸਾਰ ਕੰਮ ਕਰ ਰਿਹਾ ਹੈ। ਇਹਨਾਂ ਨੇਤਾਵਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਦੋ ਵਿਚੋਂ ਇੱਕ ਚੁਣਿਆ ਹੋਇਆ ਐਮ.ਐਲ.ਏ, ਅੱਧ ਤੋਂ ਵੱਧ ਵਰਕਿੰਗ ਕਮੇਟੀ ਮੈਂਬਰ ਅਤੇ ਸਰਪ੍ਰਸਤ ਸ ਸੁਖਦੇਵ ਸਿੰਘ ਢੀਂਡਸਾ ਇਸ ਪੁਨਰ ਸੁਰਜੀਤ ਅਕਾਲੀ ਦਲ ਦੇ ਨਾਲ ਸਨ। ਇਸੇ ਲਈ ਚੋਣ ਨਿਸ਼ਾਨ ਤੱਕੜੀ ਉੱਤੇ ਵੀ ਸਾਡਾ ਦਾਅਵਾ ਬਣਦਾ ਹੈ। ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਪੰਥ ਦਾ ਅਕਾਲੀ ਦਲ ਹੈ ਜਦੋਂ ਕਿ ਅਕਾਲੀ ਦਲ ਬਾਦਲ ਬਾਦਲ ਪਰਿਵਾਰ ਦਾ ਦਲ ਹੈ। ਬਾਦਲ ਦਲ ਪਾਰਟੀ ਨੂੰ ਲੋਕਾਂ ਵੱਲੋਂ ਦਿੱਤੇ ਫੰਡ ਨਾਲ ਹੀ ਉਹ ਆਪਣੇ ਮੁੱਖ ਮੰਤਰੀ ਬਣਨ ਲਈ ਰੈਲੀਆਂ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਪਹਿਲਾ ਐਸਾ ਬਦਕਿਸਮਤ ਮਨੁੱਖ ਹੈ। ਜਿਸ ਨੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਆਪਣੇ ਗੁਨਾਹ ਬਖਸ਼ਾ ਲਏ, ਪਰ ਗੁਰੂ ਨਾਲ ਜੋੜਨ ਵਾਲੀ ਧਰਤੀ ਮੁਕਤਸਰ ਸਾਹਿਬ ਵਿੱਚ ਸਭ ਕਾਸੇ ਤੋਂ ਮੁੱਕਰ ਕੇ ਗੁਰੂ ਨੂੰ ਬੇਦਾਵਾ ਦੇ ਦਿੱਤਾ। ਐਸੇ ਬੇਦਾਵੀਏ ਮਨੁੱਖ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਨਾਲ ਪੁਨਰ ਸੁਰਜੀਤ ਹੋਇਆ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਪਾਰਟੀ ਦੇ ਖਿਲਾਫ ਬੋਲਣ ਦਾ ਕੋਈ ਅਧਿਕਾਰ ਨਹੀਂ।
ਆਗੂਆ ਨੇ ਦੱਸਿਆ ਕਿ ਸੁਖਬੀਰ ਬਾਦਲ ਦਾ ਆਪਣੀਆ ਰੈਲੀਆ ‘ਚ ਇਹ ਕਹਿਣਾ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਵਾਲੇ ਏਜੰਸੀਆ ਦੇ ਬੰਦੇ ਹਨ। ਰਾਜਸੀ ਤੌਰ ਅਣਜਾਣਤਾ ਦੀ ਨਿਸ਼ਾਨੀ ਹੈ ਕਿਉਂਕਿ ਇਸ ਤੋਂ ਪਹਿਲਾਂ ਸੁਖਬੀਰ ਦੇ ਪਿਤਾ ਸਰਦਾਰ ਪ੍ਰਕਾਸ਼ ਬਾਦਲ ਵੀ ਜਥੇਦਾਰ ਜਗਦੇਵ ਸਿੰਘ ਤਲਵੰਡੀ ਅਤੇ ਸ ਗੁਰਚਰਨ ਸਿੰਘ ਟੌਹੜਾ ਵਰਗੇ ਨਿਧੜਕ ਆਗੂਆਂ ਨੂੰ ਕਾਂਗਰਸ ਦੇ ਏਜੰਟ ਕਹਿੰਦੇ ਰਿਹਾ। ਪਰ ਬਾਅਦ ਵਿੱਚ ਉਸੇ ਮੂੰਹ ਨਾਲ ਹੀ ਪੰਥ ਰਤਨ ਕਹਿਣਾ ਲੱਗ ਪਿਆ ਸੀ। ਹੁਣ ਸੁਖਬੀਰ ਨੂੰ ਵੀ ਪੰਥਕ ਪਾਰਟੀ ਖਿਲਾਫ ਬੋਲਣ ਲੱਗਿਆਂ ਆਪਣੀ ਜ਼ੁਬਾਨ ‘ਤੇ ਕੰਟਰੋਲ ਰੱਖਣਾ ਚਾਹੀਦਾ ਹੈ ਕਿਤੇ ਐਸਾ ਨਾ ਹੋਵੇ ਕਿ ਪੰਥ ਵਿੱਚ ਵਾਪਸੀ ਲਈ ਉਸ ਕੋਲ ਕੋਈ ਆਖਰੀ ਰਾਹ ਵੀ ਨਾ ਬਚੇ। ਸਿੰਘ ਸਾਹਿਬਾਨਾਂ ਦੀ ਕਿਰਕਰਕੁਸ਼ੀ ਕਰਨੀ ਵੀ ਇਹਨਾਂ ਦੀ ਪੁਰਾਣੀ ‘ਤੇ ਪਿਛੋਕੜ ਆਦਤ ਹੈ. ਪ੍ਰਕਾਸ਼ ਸਿੰਘ ਬਾਦਲ ਵੀ ਕਦੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਭਾਈ ਰਣਜੀਤ ਸਿੰਘ ਕਦੇ ਪ੍ਰੋਫੈਸਰ ਮਨਜੀਤ ਸਿੰਘ ਅਤੇ ਗਿਆਨੀ ਕੇਵਲ ਸਿੰਘ ਵਰਗਿਆਂ ਦੀ ਕਿਰਦਾਰਕੁਸ਼ੀ ਕਰਦਾ ਰਿਹਾ। ਹੁਣ ਸੁਖਬੀਰ ਵੀ ਆਪਣੇ ਪਿਤਾ ਵਾਂਗ ਹੀ ਸਿੰਘ ਸਾਹਿਬਾਨਾਂ ਦੀ ਕਿਰਦਾਰਕੁਸ਼ੀ ਕਰ ਰਿਹਾ ਹੈ। ਪੰਜਾਬ ਦਾ ਬੱਚਾ ਬੱਚਾ ਜਾਣਦਾ ਹੈ ਕਿ ਬਾਦਲ ਪਰਿਵਾਰ ਨੇ ਪੰਥ ਦੇ ਨਾਂ ਤੇ ਆਰਐਸਐਸ ਬੀਜੇਪੀ ਨਾਲ ਮਿਲ ਕੇ ਸ੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕਰਾਉਣ ਲਈ ਕਿੰਨਾ ਯੋਗਦਾਨ ਪਾਇਆ ਹੈਂ। ਬਾਦਲ ਵੱਲੋਂ ਭੇਜੀਆਂ ਚਿੱਠੀਆਂ ਅਤੇ ਕੀਤੀਆਂ ਮੀਟਿੰਗਾਂ ਇਸ ਦਾ ਸਬੂਤ ਹਨ। ਖਾਸ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸਮੁੱਚੇ ਆਗੂਆਂ ਵੱਲੋਂ ਖਾਸ ਕਰਕੇ ਪੰਜਾਬ ਦਾ ਹਰ ਪੱਖੋਂ ਪੱਲਾ ਚਾਹੁਣ ਵਾਲੇ ਨਾਗਰਿਕਾਂ ਅਤੇ ਨੌਜਵਾਨਾਂ ਨੂੰ ਵੱਧ ਤੋਂ ਵੱਧ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਅਸਲ ਪੰਥਕ ਪਾਰਟੀ ਨਾਲ ਜੁੜਨ ਦੀ ਅਪੀਲ ਵੀ ਕੀਤੀ। ਤਾਂ ਕਿ ਪੰਜਾਬ ਚ ਮੁੜ ਖਾਲਸਾ ਰਾਜ ਦੀ ਸਥਾਪਤੀ ਹੋ ਸਕੇ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਵਰਗਾ ਮੁੜ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਪਲੇਟਫਾਰਮ ਉੱਤੇ ਖਾਲਸਾ ਰਾਜ ਸਥਾਪਿਤ ਹੋ ਸਕੇ।

Leave a Reply

Your email address will not be published. Required fields are marked *