Home » Uncategorized » ਪਾਕਿਸਤਾਨ ਦੇ ਐਚਿਸਨ ਕਾਲਜ ਲਾਹੌਰ ਵਿਖੇ ਗੁਰਦੁਆਰਾ ਸਾਹਿਬ ‘ਚ 80 ਸਾਲਾਂ ਬਾਅਦ ਹੋਇਆ ਸ਼ਬਦ ਕੀਰਤਨ ਅਤੇ ਸਿੱਖ ਅਰਦਾਸ : ਡਾ. ਤਰੁਣਜੀਤ ਸਿੰਘ ਬੁਤਾਲੀਆ

ਪਾਕਿਸਤਾਨ ਦੇ ਐਚਿਸਨ ਕਾਲਜ ਲਾਹੌਰ ਵਿਖੇ ਗੁਰਦੁਆਰਾ ਸਾਹਿਬ ‘ਚ 80 ਸਾਲਾਂ ਬਾਅਦ ਹੋਇਆ ਸ਼ਬਦ ਕੀਰਤਨ ਅਤੇ ਸਿੱਖ ਅਰਦਾਸ : ਡਾ. ਤਰੁਣਜੀਤ ਸਿੰਘ ਬੁਤਾਲੀਆ

ਚੰਡੀਗੜ੍ਹ / ਲੌਹਾਰ 13 ਫਰਵਰੀ (ਮੰਗਤ ਸਿੰਘ ਸੈਦਪੁਰ) : 13 ਫਰਵਰੀ ਨੂੰ ਐਚਿਸਨ ਕਾਲਜ ਕੰਪਲੈਕਸ ‘ਚ ਸਥਿਤ ਪੁਰਾਤਨ ਗੁਰਦੁਆਰਾ ਸਾਹਿਬ ਮਾਲ ਰੋਡ ਲਾਹੌਰ ਵਿਖੇ ਇਕ ਇਤਿਹਾਸਕ ਅਤੇ ਭਾਵਨਾਤਮਕ ਸਿੱਖ ਸ਼ਬਦ ਕੀਰਤਨ ਉਪਰੰਤ ਅਰਦਾਸ ਕੀਤੀ ਗਈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਤਰੁਣਜੀਤ ਸਿੰਘ ਬੁਤਾਲੀਆ, ਜਿਨ੍ਹਾਂ ਨੇ ਕਾਲਜ ਪ੍ਰਬੰਧਕਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਕਰਵਾਇਆ, ਨੇ ਦੱਸਿਆ ਕਿ ਸਥਾਨਕ ਰਾਗੀ ਜਥੇ ਵਿੱਚ ਸ਼ਾਮਲ ਹਰਵਿੰਦਰ ਸਿੰਘ, ਅਕਸ਼ੈਦੀਪ ਸਿੰਘ ਅਤੇ ਦਲੀਪ ਸਿੰਘ ਵੱਲੋਂ ਗੁਰਬਾਣੀ ਦੇ ਪਵਿੱਤਰ ਸ਼ਬਦਾਂ ਦਾ ਰਸ-ਭਿੰਨਾ ਕੀਰਤਨ ਸਰਵਣ ਕਰਵਾਇਆ ਗਿਆ। ਇਸ ਧਾਰਮਿਕ ਅਤੇ ਗੌਰਵਮਈ ਮੌਕੇ ‘ਤੇ ਪਾਕਿਸਤਾਨ ਦੇ ਘੱਟ ਗਿਣਤੀ ਮਾਮਲਿਆਂ ਦੇ ਮੰਤਰੀ ਸ. ਰਮੇਸ਼ ਸਿੰਘ ਅਰੋੜਾ ਸਮੇਤ ਸਥਾਨਕ ਸਿੱਖ ਸੰਗਤ ਅਤੇ ਹੋਰ ਪ੍ਰਮੁੱਖ ਹਸਤੀਆਂ ਹਾਜ਼ਰ ਸਨ। . ਖਾਸ ਗੱਲ ਇਹ ਹੈ ਕਿ ਵਰਤਮਾਨ ਵਿੱਚ ਐਚਿਸਨ ਕਾਲਜ ਦੇ ਲਗਭਗ 15 ਸਿੱਖ ਪੁਰਾਣੇ ਵਿਦਿਆਰਥੀ ਭਾਰਤ ਵਿੱਚ ਰਹਿੰਦੇ ਹਨ। ਉਨ੍ਹਾਂ ਨਾਲ ਕੀਤੀਆਂ ਗੱਲਬਾਤਾਂ ਦੌਰਾਨ ਉਨ੍ਹਾਂ ਨੇ ਕਾਲੇ ਅਤੇ ਚਿੱਟੇ ਸੰਗਮਰਮਰ ਦੀ ਫਰਸ਼ ਅਤੇ ਕਿਲ੍ਹੇ ਵਰਗੀ ਅੰਦਰੂਨੀ ਬਣਾਵਟ ਵਾਲੇ ਗੁਰਦੁਆਰਾ ਸਾਹਿਬ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ। ਗੁਰਦੁਆਰੇ ਤੋਂ ਇਲਾਵਾ ਕਾਲਜ ਦੇ ਅਹਾਤੇ ਵਿੱਚ ਵੰਡ ਤੋਂ ਪਹਿਲਾਂ ਦੀ ਇੱਕ ਮਸਜਿਦ ਅਤੇ ਇੱਕ ਹਿੰਦੂ ਮੰਦਰ ਵੀ ਇਸ ਵੇਲੇ ਮੌਜੂਦ ਹੈ। ਉਨ੍ਹਾਂ ਅੱਗੇ ਦੱਸਿਆ ਕਿ ਸਾਲ 1947 ਤੋਂ ਬਾਅਦ ਸਿੱਖ ਵਿਦਿਆਰਥੀਆਂ ਦੀ ਕਮੀ ਕਾਰਨ ਇਹ ਗੁਰਦੁਆਰਾ ਸਾਹਿਬ ਬੰਦ ਹੋ ਗਿਆ ਸੀ ਪਰ ਇਸ ਦੀ ਦੇਖਭਾਲ ਕਾਲਜ ਪ੍ਰਸ਼ਾਸਨ ਵੱਲੋਂ ਨਿਰੰਤਰ ਕੀਤੀ ਜਾਂਦੀ ਰਹੀ। ਇਹ ਵਿਸ਼ੇਸ਼ ਸ਼ਬਦ ਕੀਰਤਨ ਕਾਲਜ ਦੀ 140ਵੀਂ ਵਰ੍ਹੇਗੰਢ ਦੇ ਸਬੰਧ ਵਿੱਚ ਆਯੋਜਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਇਸ ਕਾਲਜ ਦੀ ਨੀਂਹ 3 ਨਵੰਬਰ 1886 ਨੂੰ ਅਣਵੰਡੇ ਪੰਜਾਬ ਦੇ ਸ਼ਾਹੀ ਅਤੇ ਪ੍ਰਮੁੱਖ ਪਰਿਵਾਰਾਂ ਨੂੰ ਉੱਚ ਸਿੱਖਿਆ ਪ੍ਰਦਾਨ ਕਰਨ ਦੇ ਉਦੇਸ਼ ਨਾਲ ਰੱਖੀ ਗਈ ਸੀ। ਰਿਕਾਰਡ ਅਨੁਸਾਰ ਐਚਿਸਨ ਦੇ ਗੁਰਦੁਆਰਾ ਸਾਹਿਬ ਦਾ ਡਿਜ਼ਾਈਨ ਤੱਤਕਾਲੀਨ ਮੇਯੋ ਸਕੂਲ ਆਫ ਆਰਟਸ (ਮੌਜੂਦਾ ਨੈਸ਼ਨਲ ਕਾਲਜ ਆਫ ਆਰਟਸ) ਦੇ ਪ੍ਰਸਿੱਧ ਸਿੱਖ ਵਾਸਤੂਕਾਰ ਸਰਦਾਰ ਰਾਮ ਸਿੰਘ ਵੱਲੋਂ ਤਿਆਰ ਕੀਤਾ ਗਿਆ ਸੀ। ਡਾ. ਬੁਤਾਲੀਆ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਨੀਂਹ 1910 ਵਿੱਚ ਪਟਿਆਲਾ ਦੇ ਮਹਾਰਾਜਾ ਭੂਪਿੰਦਰ ਸਿੰਘ ਵੱਲੋਂ ਰੱਖੀ ਗਈ ਸੀ। ਉਹ ਖੁਦ 1904 ਤੋਂ 1908 ਤੱਕ ਇਸ ਕਾਲਜ ਦੇ ਵਿਦਿਆਰਥੀ ਵੀ ਰਹੇ ਸਨ। ਇਸ ਤੋਂ ਅਗਲੇ ਦੋ ਸਾਲਾਂ ਵਿੱਚ ਗੁਰਦੁਆਰਾ ਭਵਨ ਦਾ ਨਿਰਮਾਣ ਪੂਰਾ ਹੋ ਗਿਆ ਅਤੇ ਇਸ ਨੂੰ ਇਕ ਸਰਗਰਮ ਧਾਰਮਿਕ ਸਥਾਨ ਵਜੋਂ ਸਮਰਪਿਤ ਕੀਤਾ ਗਿਆ। ਜਿੱਥੇ ਸਿੱਖ ਵਿਦਿਆਰਥੀ ਰੋਜ਼ਾਨਾ ਸ਼ਾਮ ਨੂੰ ਸ਼ਬਦ ਕੀਰਤਨ ਅਤੇ ਅਰਦਾਸ ਵਿੱਚ ਹਿੱਸਾ ਲੈਂਦੇ ਸਨ। ਪ੍ਰੰਤੂ ਹੁਣ ਲੈਂਦੇ ਪੰਜਾਬ ਦੀਆਂ ਸੰਗਤਾਂ ਆਪਣੇ ਇਤਿਹਾਸਿਕ ਅਸਥਾਨਾਂ ਦੀ ਰਹਿਤ ਮਰਿਆਦਾ ਅਤੇ ਸੁਰੱਖਿਆ ਪ੍ਰਤੀ ਜਾਗਰੂਕ ਜਾਪਦੀਆਂ ਹਨ 80 ਸਾਲਾਂ ਬਾਅਦ ਇਸ ਸਥਾਨ ਤੇ ਹੋਏ ਸ਼ਬਦ ਕੀਰਤਨ ਅਤੇ ਅਰਦਾਸ ਤੋਂ ਬਾਅਦ ਹੁਣ ਇੰਜ ਲੱਗਦਾ ਹੈ ਕਿ ਇੱਥੇ ਹਰ ਸਾਲ ਹੀ ਇਸ ਤਰ੍ਹਾਂ ਦੇ ਧਾਰਮਿਕ ਸ਼ਬਦ ਕੀਰਤਨ ਹੋਇਆ ਕਰਨਗੇ।

Leave a Reply

Your email address will not be published. Required fields are marked *