ਲੋਇਨਜ ਕਲੱਬ ਪੰਚਕੁਲਾ ਪ੍ਰੀਮੀਅਰ ਵੱਲੋਂ ਸਰਕਾਰੀ ਸਕੂਲ ਗੋਬਿੰਦਗੜ੍ਹ ਦੇ ਬੱਚਿਆਂ ਨੂੰ ਦਿੱਤੇ ਗਰਮ ਕੱਪੜੇ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 22 ਦਸੰਬਰ (ਮੰਗਤ ਸਿੰਘ ਸੈਦਪੁਰ) : ਲੋਇਨਜ ਕਲੱਬ ਪੰਚਕੂਲਾ ਪ੍ਰੀਮੀਅਮ ਦੀ ਤਰਫੋਂ ਗੌਰਮੈਂਟ ਸੀਨੀਅਰ ਸੈਕੰਡਰੀ ਸਕੂਲ ਗੋਬਿੰਦਗੜ੍ਹ ਮੋਹਾਲੀ ਵਿਖੇ 400 ਦੇ ਕਰੀਬ ਸਕੂਲੀ ਬੱਚਿਆਂ ਨੂੰ ਜਰਸੀਆਂ ਅਤੇ ਬੂਟ ਵੰਡੇ। ਇਸ ਮੌਕੇ ਵਿਧਾਇਕ ਮੋਹਾਲੀ ਕੁਲਵੰਤ ਸਿੰਘ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ। ਇੱਕ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਲੋਇਨਜ ਕਲੱਬ ਪੰਚਕੂਲਾ ਪ੍ਰੀਮੀਅਰ ਦੀ ਤਰਫੋਂ ਇਸ ਤੋਂ ਪਹਿਲਾਂ ਵੀ ਸਮਾਜ ਸੇਵਾ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਂਦਾ ਹੈ ਅਤੇ ਅੱਜ ਵੀ 400 ਦੇ ਕਰੀਬ ਵਿਦਿਆਰਥੀਆਂ ਨੂੰ ਸਰਦੀ ਤੋਂ ਬਚਾਉਣ ਲਈ ਜਰਸੀਆਂ ਅਤੇ ਬੂਟ ਵੰਡਣੇ ਸੇਵਾ ਦਾ ਵਧੀਆ ਉਪਰਾਲਾ ਹੈ। ਲੋਇਨਜ਼ ਕਲੱਬ ਪੰਚਕੁਲਾ ਪ੍ਰੀਮੀਅਰ ਦੀ ਇਸ ਕੋਸ਼ਿਸ਼ ਦੇ ਨਾਲ ਹੋਰਨਾਂ ਸਮਾਜ ਸੇਵੀ ਜਥੇਬੰਦੀਆਂ ਨੂੰ ਵੀ ਪ੍ਰੇਰਨਾ ਮਿਲਦੀ ਹੈ ਅਤੇ ਇਸ ਤਰ੍ਹਾਂ ਹੋਰਨਾਂ ਸਕੂਲਾਂ ਦੇ ਵਿਦਿਆਰਥੀਆਂ ਨੂੰ ਸਰਦੀ ਦੀ ਰੁੱਤ ਤੋਂ ਰਾਹਤ ਦੇਣ ਦੇ ਲਈ ਗਰਮ ਕੱਪੜੇ ਵੰਡੇ ਜਾਣਗੇ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਇਕੱਲੀ ਸਰਕਾਰ ਕਦੀ ਵੀ ਕੁਝ ਨਹੀਂ ਕਰ ਸਕਦੀ ਜਦੋਂ ਤੱਕ ਸੂਬੇ ਦੇ ਲੋਕੀ ਅਤੇ ਸਮਾਜ ਸੇਵੀ ਜਥੇਬੰਦੀਆਂ ਅਗਾਂਹ ਹੋ ਕੇ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੀਆਂ ਅਤੇ ਜਦੋਂ ਇਹ ਤਿੰਨੇ ਧਿਰਾਂ ਇਕੱਠੇ ਹੋ ਜਾਂਦੀਆਂ ਹਨ ਤਾਂ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਕੰਮ ਅਧੂਰਾ ਰਹਿ ਸਕਦਾ ਹੈ। ਉਹਨਾਂ ਸਭਨਾਂ ਨੂੰ ਅਪੀਲ ਕੀਤੀ ਕਿ ਸਾਰੇ ਮਿਲ ਕੇ ਸਮਾਜਿਕ ਚੌਗਿਰਦੇ ਨੂੰ ਵਧੀਆ ਬਣਾਉਣ ਦੇ ਲਈ ਅਤੇ ਲੋੜਵੰਦਾਂ ਦੀ ਸਹਾਇਤਾ ਕਰਨ ਦੇ ਲਈ ਇਕੱਠੇ ਹੋ ਕੇ ਹੰਭਲਾ ਮਾਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਕਲੱਬ ਦੀ ਤਰਫੋਂ ਆਉਣ ਵਾਲੇ ਦਿਨਾਂ ਵਿੱਚ ਨਾਲ ਲੱਗਦੇ ਹੋਰ ਕਈ ਸਕੂਲਾਂ ਦੇ ਵਿੱਚ ਵੀ ਸਮਾਜ ਸੇਵਾ ਦਾ ਇਹ ਕਾਰਜ ਜਾਰੀ ਰੱਖਿਆ ਜਾਵੇਗਾ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਜੇਕਰ ਇਸੇ ਤਰ੍ਹਾਂ ਹੋਰ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਲੋਕੀ ਆਪ ਮੁਹਾਰੇ ਹੋ ਕੇ ਆਪੋ ਆਪਣੀ ਜ਼ਿੰਮੇਵਾਰੀ ਲੈਣ ਅਤੇ ਹੋਰਨਾਂ ਸਮਾਜ ਸੇਵੀ ਸੰਸਥਾਵਾਂ ਦੇ ਲਈ ਵੀ ਪ੍ਰੇਰਣਾ ਸਰੋਤ ਬਣਨ ਤਾਂ ਹੀ ਇਹ ਸਮਾਜ ਦਾ ਸਹੀ ਮਾਅਨਿਆਂ ਦੇ ਵਿੱਚ ਭਲਾ ਹੋ ਸਕਦਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਿੱਖਿਆ ਦਾ ਪੱਧਰ ਉਤਾਂਹ ਚੁੱਕਣ ਦੇ ਲਈ ਸਰਕਾਰੀ ਸਕੂਲਾਂ ਦੇ ਵਿੱਚ ਲੋੜੀਂਦੇ ਇਨਫਰਾਸਟਰਕਚਰਸ ਨੂੰ ਪੂਰਾ ਕੀਤਾ ਗਿਆ ਹੈ। ਉਥੇ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਸੰਬੰਧਿਤ ਸਟਾਫ ਦੀ ਵੀ ਭਰਤੀ ਵੱਡੇ ਪੱਧਰ ‘ਤੇ ਕੀਤੀ ਗਈ ਹੈ। ਉਹਨਾਂ ਕਲੱਬ ਦੀ ਸਮੁੱਚੀ ਟੀਮ ਮੈਂਬਰਾਂ ਦਾ ਧੰਨਵਾਦ ਕੀਤਾ। ਜਿਨ੍ਹਾਂ ਨੇ ਇਸ ਸਕੂਲ ਦੇ ਵਿਦਿਆਰਥੀਆਂ ਨੂੰ ਜਰਸੀਆਂ ਅਤੇ ਬੂਟ ਤਕਸੀਮ ਕੀਤੇ ਹਨ। ਇਸ ਮੌਕੇ ਡਾਕਟਰ ਸਤਿੰਦਰ ਸਿੰਘ ਭੰਵਰਾ, ਕੁਲਦੀਪ ਸਿੰਘ ਸਮਾਣਾ, ਅਕਵਿੰਦਰ ਸਿੰਘ ਗੋਸਲ, ਜਸਪਾਲ ਸਿੰਘ ਮਟੌਰ, ਰਜਿੰਦਰ ਪ੍ਰਸਾਦ ਸ਼ਰਮਾ ਸਾਬਕਾ ਕੌਂਸਲਰ, ਜਗਜੀਤ ਸਿੰਘ ਗੋਬਿੰਦਗੜ੍ਹ, ਗੁਰਪ੍ਰੀਤ ਸਿੰਘ ਬਲਿਆਲੀ, ਕਰਮਾਪੁਰੀ ਸਰਪੰਚ ਗੋਵਿੰਦਗੜ, ਹਰਪਾਲ ਸਿੰਘ ਬਰਾੜ, ਗੁਰਪ੍ਰੀਤ ਸਿੰਘ ਕੁਰੜਾ, ਗੁਰਪਾਲ ਸਿੰਘ ਗਰੇਵਾਲ, ਰਵੀ ਮਹਿਰਾ, ਅਸ਼ੀਸ਼ ਅਗਰਵਾਲ, ਮਨਜੀਤ ਕੌਰ, ਨਿਸ਼ਾ ਸਚਦੇਵਾ, ਏਕਸ਼ਪਾਲ ਸਿੰਘ, ਪਰਵਿੰਦਰ ਸਿੰਘ, ਦਿਨੇਸ਼ ਸਚਦੇਵਾ, ਗੌਰਵ ਖੰਨਾ ਵੀ ਹਾਜ਼ਰ ਸਨ।


