ਸਾਹਿਬਜ਼ਾਦਾ ਅਜੀਤ ਸਿੰਘ ਨਗਰ 4 ਦਸੰਬਰ (ਮੰਗਤ ਸਿੰਘ ਸੈਦਪੁਰ):- ਸ਼੍ਰੀ ਅਕਾਲ ਤਖਤ ਸਾਹਿਬ ਦੇ ਸੱਤਵੇਂ ਜਥੇਦਾਰ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਜਿਨ੍ਹਾਂ ਦਾ ਜਨਮ ਦਿਹਾੜਾ ਉਹਨਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਵਿਖੇ ਮਨਾਇਆ ਗਿਆ। ਉੱਥੇ ਇਸ ਜਨਮ ਦਿਹਾੜੇ ਨੂੰ ਮੁੱਖ ਰੱਖਦਿਆਂ ਪਹਿਲੀ ਵਾਰ ਸਮਾਜਸੇਵੀ ਅਤੇ ਖੇਡ ਪ੍ਰਮੋਟਰ ਰੁਪਿੰਦਰ ਸਿੰਘ ਰੂਪਾ ਸੋਹਾਣਾ ਅਤੇ ਕੌਂਸਲਰ ਹਰਜੀਤ ਸਿੰਘ ਭੋਲੂ ਵੱਲੋਂ ਹੈਲੀਕਾਪਟਰ ਰਾਹੀਂ ਅਸਥਾਨ ‘ਤੇ ਫੁੱਲਾਂ ਦੀ ਵਰਖਾ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਰੂਪਾ ਸੋਹਾਣਾ ਨੇ ਦੱਸਿਆ ਕਿ ਉਹਨਾਂ ਦੀ ਸ਼ੁਰੂ ਤੋਂ ਦਿਲੀ ਇੱਛਾ ਸੀ ਕਿ ਜਦੋਂ ਵੀ ਮੌਕਾ ਮਿਲਿਆ ਬਾਬਾ ਹਨੂੰਮਾਨ ਸਿੰਘ ਜੀ ਦੇ ਜਨਮ ਦਿਹਾੜੇ ਉੱਤੇ ਉਹ ਇੱਕ ਵਿਲੱਖਣ ਸੇਵਾ ਲੈਣ। ਉਹਨਾਂ ਦੱਸਿਆ ਕਿ ਦੇਹਰਾਦੂਨ ਤੋਂ ਵਿਸ਼ੇਸ਼ ਤੌਰ ਤੇ ਬੁੱਕ ਕਰਕੇ ਹੈਲੀਕਾਪਟਰ ਮੰਗਵਾਇਆ ਗਿਆ ਅਤੇ ਸੱਤ ਵਾਰੀ ਵਿੱਚ ਇੱਕ ਕੁਇੰਟਲ ਗੁਲਾਬ ਦੇ ਫੁੱਲ ਅਤੇ 51 ਕਿਲੋ ਗੈਂਦੇ ਦੇ ਫੁੱਲਾਂ ਦੀ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਦੇ ਅਸਥਾਨ ‘ਤੇ ਵਰਖਾ ਕੀਤੀ ਗਈ। ਉਹਨਾਂ ਦੱਸਿਆ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਅੱਗੇ ਤੋਂ ਵੀ ਇਹ ਸੇਵਾ ਨਿਰੰਤਰ ਜਾਰੀ ਰਹੇਗੀ।



