ਪੰਜਾਬ ਯੂਨੀਵਰਸਿਟੀ ਦੇ ਵਿਹੜੇ ‘ਚ ਬੇਮਿਸਾਲ, ਲਾਮਿਸਾਲ, ਲਾਜਵਾਬ, ਅਨੋਖਾ ਅਤੇ ਵਿਲੱਖਣ ਦਿੱਖਿਆ ਹਜ਼ਾਰਾਂ ਦਾ ਯੂਨੀਵਰਸਿਟੀ ਦੇ ਕੋਨੇ-ਕੋਨੇ ‘ਚ ਇਕੱਠ.
ਪੰਜਾਬ ਭਰ ਚੋਂ ਜੋ ਅੱਜ ਵਿਦਿਆਰਥੀਆਂ ਨਾਲ ਹੋ ਰਹੇ ਧੱਕੇ ਦਾ ਇਨਸਾਫ ਲੈਣ ਲਈ ਨਹੀਂ ਪੁੱਜਿਆ, ਜ਼ਿੰਦਗੀ ਭਰ ਰਹੇਗਾ ਪਛਤਾਵਾ.
ਅੱਜ ਦਾ ਇਕੱਠ ਪੰਜਾਬ ਦੇ ਸਾਂਝੇ ਦਰਦ ਦੀ ਆਵਾਜ਼ ਬਣਿਆ.
ਪੰਜਾਬ ਯੂਨੀਵਰਸਟੀ ‘ਚ ਦਾਖਲ ਹੋਣ ਦਾ ਯਤਨ ਕਰਨ ਵਾਲੇ ਵਿਦਿਆਰਥੀਆਂ ਉੱਤੇ ਲਾਠੀਚਾਰਜ,ਅੱਥਰੂ ਗੈਸ ਕੇਂਦਰ ਅਤੇ ਪੰਜਾਬ ਸਰਕਾਰ ਦੀ ਨਲਾਇਕੀ .
ਪੰਜਾਬ ਯੂਨੀਵਰਸਿਟੀ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੇ ਰਾਜਧਾਨੀ ਚੰਡੀਗੜ੍ਹ ਦੀ ਆਜ਼ਾਦੀ ਲਈ ਵੀ ਅਗਲਾ ਸੰਘਰਸ਼ ਪੰਜਾਬ ਦੇ ਸਮੂਹ ਨਾਗਰਿਕਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ ਸ਼ੁਰੂ : ਪੀ ਯੂ ਸਟੂਡੈਂਟ ਚੰਡੀਗੜ੍ਹ .
ਕਰਮਜੀਤ ਸਿੰਘ ਚੰਡੀਗੜ੍ਹ ਸੀਨੀ. ਪੱਤਰਕਾਰ/ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ.


ਚੰਡੀਗੜ੍ਹ 10 ਨਵੰਬਰ : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਭੰਗ ਹੋਈ ਸੈਨਟ ਅਤੇ ਸਿੰਡੀਕੇਟ ਨੂੰ ਬਹਾਲ ਕਰਨ ਲਈ ਵਿਦਿਆਰਥੀਆਂ ਵੱਲੋਂ ਸ਼ੁਰੂ ਕੀਤਾ ਸੰਘਰਸ਼ ਇੰਟਰਨੈਸ਼ਨਲ ਅਤੇ ਨੈਸ਼ਨਲ ਦੇ ਆਖਰੀ ਪੜਾਅ ਉੱਤੇ ਪਹੁੰਚ ਗਿਆ। ਜਦੋਂ ਵਿਦਿਆਰਥੀ ਆਗੂਆਂ ਦੇ ਸੱਦੇ ਉੱਤੇ ਪੰਜਾਬ ਯੂਨੀਵਰਸਟੀ ਦੇ ਵਿਹੜੇ ਵਿੱਚ ਬੇਮਿਸਾਲ, ਲਾਜਵਾਬ, ਅਨੋਖਾ, ਵਿਲੱਖਣ, ਹੈਰਾਨਕੁਨ ਤੇਰਿਕਾਰਡ ਤੋੜ ਪੰਜਾਬ ਭਰ ਚੋਂ ਇਕੱਠ ਹੋਇਆ ਜੋ ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਜ਼ਿੰਦਗੀ ਭਰ ਸ਼ਾਇਦ ਹੀ ਇਹੋ ਜਿਹਾ ਇਕੱਠ ਕਿਸੇ ਨੇ ਵੇਖਿਆ ਜਾਂ ਸੁਣਿਆ ਪਹਿਲੀ ਵਾਰ ਹੋਵੇਗਾ। ਆਹ ਇੱਕ ਤਰ੍ਹਾਂ ਨਾਲ ਉਦਾਸ ਨਹੀਂ ਸਗੋਂ ਇਹ ਗੱਲ ਪੰਜਾਬ ਦੇ ਨੌਜਵਾਨਾਂ ਨੇ ਸਪਸ਼ਟ ਕਰ ਦਿੱਤੀ ਹੈ ਕਿ ਪੰਜਾਬੀ ਯੂਨੀਵਰਸਿਟੀ ਦੀ ਆਜ਼ਾਦੀ ਤੋਂ ਬਾਅਦ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਵੀ ਗੱਲ ਅੱਜ ਤੋਂ ਸ਼ੁਰੂ ਹੋ ਚੁੱਕ ਹੈ। ਸਾਹਿਤ ਤੇ ਫਿਲਾਸਫੀ ਵਿੱਚ ਦਿਲਚਸਪੀ ਰੱਖਣ ਵਾਲੇ ਇੱਕ ਵਿਦਿਆਰਥੀ ਨਰੋਤਮ ਸਿੰਘ ਦਾ ਕਹਿਣਾ ਸੀ ਕਿ ਜਿਸ ਨੇ ਇਹ ਇਕੱਠ ਨਹੀਂ ਵੇਖਿਆ ਜਾਂ ਇਕੱਠ ਵਿੱਚ ਆਇਆ ਨਹੀਂ ਉਹ ਜ਼ਿੰਦਗੀ ਭਰ ਪਛਤਾਉਂਦਾ ਰਵੇਗਾ। ਪਰ ਉੰਝ ਪਛਤਾਵਾ ਵੀ ਚੰਗਾ ਹੁੰਦਾ ਹੈ। ਜਦੋਂ ਮੈਂ ਪੁੱਛਿਆ ਕਿ ਪਛਤਾਵਾ ਚੰਗਾ ਕਿਵੇਂ ਹੁੰਦਾ ਤਾਂ ਉਸਦਾ ਦਿਲਚਸਪ ਜਵਾਬ ਸੀ ਕਿ ਪਛਤਾਵਾ ਦਿਲ ਦੀ ਦਵਾ ਹੁੰਦਾ ਹੈ। ਦੋਸਤੋ,ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਤੁਹਾਡਾ ਪੱਤਰਕਾਰ ਇਹੋ ਜਿਹੇ ਇਕੱਠਾ ਬਾਰੇ ਇਕੱਠ ਵਿੱਚ ਬੋਲਣ ਵਾਲੇ ਆਗੂਆਂ ਦੇ ਭਾਸ਼ਨਾਂ ਵਲ ਬਹੁਤਾ ਧਿਆਨ ਨਹੀਂ ਦਿੰਦਾ,ਸਗੋਂ ਉਹ ਇਕੱਠ ਦੀ ਰੂਹ ਨੂੰ ਫੜਨ ਦੀ ਕੋਸ਼ਿਸ਼ ਕਰਦਾ ਹੈ,ਉਹ ਇਕੱਠ ਦੇ ਚਿਹਰਿਆਂ ਨੂੰ ਪੜਨ ਦੀ ਕੋਸ਼ਿਸ਼ ਕਰਦਾ ਹੈ,ਉਹ ਇਕੱਠ ਦੇ ਨਾਅਰਿਆਂ ਦੀ ਆਵਾਜ਼ ਵਿੱਚ ਪਏ ਰੋਸ ਤੇ ਗੁੱਸੇ ਨਾਲ ਆਪਣੀ ਸਾਂਝ ਪਾਉਂਦਾ ਹੈ,ਉਹ ਯੂਨੀਵਰਸਿਟੀ ਵਿੱਚ ਦਾਖਲ ਹੋਣ ਲਈ ਰੁਕਾਵਟਾਂ ਪਾਉਣ ਵਾਲੀ ਪੁਲੀਸ ਨਾਲ ਕਿਵੇਂ ਬਹਿਸ ਕਰਦਾ ਹੈ ਅਤੇ ਇਹ ਵੇਖਦਾ ਹੈ ਕਿ ਇਕੱਠ ਵਿੱਚ ਪਹਿਲੀ ਵਾਰ ਵੱਡੀ ਗਿਣਤੀ ਵਿੱਚ ਆਈਆਂ ਮੁਟਿਆਰਾਂ ਦੀ ਗੁਫਤਾਰ ਤੇ ਰਫਤਾਰ ਕੀ ਕਹਿਣਾ ਚਾਹੁੰਦੀ ਹੈ ਜੋ ਸਦਾ ਹੀ ਅਕਸਰ ਅਣਕਹੀ ਰਹਿ ਜਾਂਦੀ ਹੈ। ਦੋਸਤੋ,ਜੇ ਤੁਸੀਂ ਮੈਨੂੰ ਇਹ ਸਵਾਲ ਕਰਨਾ ਹੋਵੇ ਕਿ ਇਸ ਇਕੱਠ ਬਾਰੇ ਦੋ ਸਤਰਾਂ ਵਿੱਚ ਵਿਆਖਿਆ ਕਰੋ ਤਾਂ ਮੈਂ ਉਸ ਔਖੇ ਸਵਾਲ ਦਾ ਇਹੋ ਜਵਾਬ ਦੇਵਾਂਗਾ ਕਿ ਅੱਜ ਇਵੇਂ ਲੱਗਦਾ ਸੀ ਜਿਵੇਂ ਸਾਰੇ ਪੰਜਾਬ,ਪੰਜਾਬੀਆਂ ਅਤੇ ਵਿਸ਼ੇਸ਼ ਕਰਕੇ ਸਿੱਖ ਕੌਮ ਦਾ ਦਰਦ ਇੱਕ ਥਾਂ ਉੱਤੇ ‘ਇਕੱਠਾ ਤੇ ਇਕਾਗਰ’ ਹੋ ਗਿਆ ਹੋਵੇ,ਜਿਵੇਂ ਪੰਜਾਬ ਦੇ ਲੁਕੇ ਦਰਦ ਦੀ ਕੋਈ ਬਾਤ ਜਾਂ ਸਾਖੀ ਸਾਨੂੰ ਸੁਣਾ ਰਿਹਾ ਹੋਵੇ,ਜਿਵੇਂ ਪੰਜਾਬ ਦਾ ਨਵਾਂ ਇਤਿਹਾਸ ਸਿਰਜਿਆ ਜਾ ਰਿਹਾ ਹੋਵੇ ਜਿਸ ਵਿੱਚੋਂ ਕਈ ਨਵੇਂ ਇਤਿਹਾਸ ਜਨਮ ਲੈਣਗੇ। ਬਹੁਤ ਸਾਰੇ ਮੇਰੇ ਵੀਰ ਪੱਤਰਕਾਰ ਦੋਸਤ ਅਕਸਰ ਮੇਰੇ ਉੱਤੇ ਦੋਸ਼ ਲਾਉਂਦੇ ਹਨ ਕਿ ਮੈਂ ਅਕਸਰ ਹੀ ਜਜ਼ਬਾਤ ਵਿੱਚ ਆ ਕੇ ਅਤੇ ਇੱਕ ਪਾਸੜ ਉਲਾਰ ਹੋ ਕੇ ਹੀ ਆਪਣੇ ਵਿਚਾਰ ਪ੍ਰਗਟ ਕਰਦਾ ਰਿਹਾ ਹਾਂ ਅਤੇ ਜੁਝਾਰੂ ਲਹਿਰ ਨੂੰ ਵੀ ਮੈਂ ਵਧਾ ਚੜਾ ਕੇ ਪੇਸ਼ ਕਰਦਾ ਰਿਹਾ ਹਾਂ ਪਰ ਮੇਰਾ ਜਵਾਬ ਇਹ ਹੈ ਕਿ ਇਹ ਦੋਸ਼ ਗਲਤ ਹੈ ਕਿਉਂਕਿ ਮੈਂ ਤਾਂ ਇਕੱਠ ਦੇ ਜਜ਼ਬਿਆਂ ਦੀ ਤਹਿ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਉਹਨਾਂ ਜਜ਼ਬਿਆਂ ਨੂੰ ਹੀ ਸ਼ਬਦ ਦਿੰਦਾ ਹਾਂ ਜੋ ਉਸ ਇਕੱਠ ਦੇ ਆਪਣੇ ਹੁੰਦੇ ਹਨ। ਪਰ ਅਕਸਰ ਬਹੁਤੇ ਪੱਤਰਕਾਰਾਂ ਦੁਆਰਾ ਬੇਸ਼ਬਦ ਹੋ ਕੇ ਹੀ ਪੇਸ਼ ਹੁੰਦੇ ਹਨ।ਮੈਂ ਸਿਰਫ ਸ਼ਬਦ ਦਿੰਦਾ ਹਾਂ ਸ਼ਬਦ ਵਿੱਚ ਲੁਕੇ ਜਨਤਕ ਜਜ਼ਬਾਤ ਹੀ ਉੱਪਰਲੀ ਸਤਹ ਉੱਤੇ ਲੈ ਕੇ ਆਉਂਦਾ ਹਾਂ। ਦੋਸਤੋ,ਮੈਂ ਮੇਰੇ ਸਾਥੀ ਪੱਤਰਕਾਰ ਅੰਗਦ ਸਿੰਘ ਅਤੇ ਦੋ ਤਿੰਨ ਹੋਰ ਪੱਤਰਕਾਰ ਜਦੋਂ ਗੇਟ ਨੰਬਰ ਦੋ ਤੇ ਪਹੁੰਚੇ ਤਾਂ ਉਹ ਗੇਟ ਬੰਦ ਕਰ ਦਿੱਤਾ ਗਿਆ ਸੀ ਜਦੋਂ ਕਿ ਉਸੇ ਗੇਟ ਰਾਹੀਂ ਸਮਾਗਮ ਤੱਕ ਪਹੁੰਚਣ ਦਾ ਪ੍ਰੋਗਰਾਮ ਸੀ।ਲੇਕਿਨ ਉੱਥੇ ਸੈਂਕੜੇ ਪੁਲਿਸ ਮੁਲਾਜ਼ਮ ਖੜੇ ਸਨ ਅਤੇ ਬੱਸਾਂ ਵੀ ਖੜੀਆਂ ਕੀਤੀਆਂ ਗਈਆਂ ਸਨ ਤਾਂ ਜੋ ਲੋਕ ਅੰਦਰ ਦਾਖਲ ਨਾ ਹੋ ਸਕਣ।ਮੀਡੀਆ ਵਾਲੇ ਵੀ ਉੱਥੇ ਹੀ ਕਿੰਨਾ ਚਿਰ ਖਲੋਤੇ ਰਹੇ ਅਤੇ ਪੁਲਿਸ ਨੂੰ ਰਿਕੁਐਸਟ ਕਰਦੇ ਰਹੇ ਕਿ ਮੀਡੀਆ ਨੂੰ ਤਾਂ ਘੱਟੋ ਘੱਟ ਅੰਦਰ ਵੱਲ ਜਾਣ ਦਿੱਤਾ ਜਾਵੇ ਪਰ ਉਹਨਾਂ ਨੇ ਸਾਫ ਜਵਾਬ ਦੇ ਦਿੱਤਾ। ਅਸੀਂ ਲਗਭਗ ਪੌਣਾ ਘੰਟਾ ਉਥੇ ਪੁਲਿਸ ਨਾਲ ਜੂਝਦੇ ਰਹੇ ਪਰ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਗੇਟ ਨੰਬਰ ਇੱਕ ਵੱਲ ਜਾਓ ਤਾਂ ਉਥੇ ਗੇਟ ਖੋਲ ਦਿੱਤਾ ਗਿਆ ਹੈ,ਪਰ ਸਾਨੂੰ ਪੂਰਾ ਯਕੀਨ ਨਹੀਂ ਸੀ ਆਉਂਦਾ।ਪਰ ਇਨੇ ਨੂੰ ਸਾਨੂੰ ਇਹ ਖਬਰ ਮਿਲ ਗਈ ਕਿ ਸੈਂਕੜੇ ਵਿਦਿਆਰਥੀ ਜਦੋਂ ਯੂਨੀਵਰਸਿਟੀ ਗੇਟ ਵਿੱਚ ਦਾਖਲ ਹੋਣ ਦਾ ਯਤਨ ਕਰ ਰਹੇ ਸਨ ਤਾਂ ਉਹਨਾਂ ਉੱਤੇ ਪੁਲਿਸ ਨੇ ਲਾਠੀ ਚਾਰਜ ਕੀਤਾ,ਲੇਕਿਨ ਬਾਅਦ ਵਿੱਚ ਜਦੋਂ ਪੁਲਿਸ ਨੂੰ ਪਤਾ ਲੱਗਾ ਕਿ ਬੇਸ਼ੁਮਾਰ ਲੋਕ ਹੌਲੀ ਹੌਲੀ ਇਸ ਗੇਟ ਵੱਲ ਵਧ ਰਹੇ ਹਨ ਤਾਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਗੇਟ ਖੋਲ ਦਿੱਤਾ। ਤੁਸੀਂ ਹੈਰਾਨ ਹੋਵੋਗੇ ਕਿ ਜਦੋਂ ਮੈਂ ਤੇ ਮੇਰਾ ਦੋਸਤ ਪੱਤਰਕਾਰ ਖਰੜ ਤੋਂ ਉਬਰ ਰਾਹੀਂ ਯੂਨੀਵਰਸਿਟੀ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤਾਂ ਤਾਂ ਹਰ ਰਾਹ ਵਿੱਚ ਇਨੀਆਂ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਕਿ ਥਾਂ ਥਾਂ ਤੇ ਲੰਮੀਆਂ ਕਾਰਾਂ ਦਾ ਇੱਕ ਜਾਮ ਲੱਗ ਗਿਆ ਸੀ ਅਤੇ ਯੂਨੀਵਰਸਿਟੀ ਤੱਕ ਪਹੁੰਚਣ ਲਈ ਸਾਨੂੰ ਡੇਢ ਘੰਟਾ ਖੱਜਲ ਖਵਾਰ ਹੋਣਾ ਪਿਆ। ਅਸੀਂ 800 ਰੁਪਆ ਖਰਚ ਕਰਕੇ ਹੀ ਗੇਟ ਨੰਬਰ ਦੋ ਤੱਕ ਪਹੁੰਚ ਸਕੇ ਸੀ। ਦੋਸਤੋ,ਚਾਰ ਘੰਟੇ ਗੁਜ਼ਾਰੇ ਇਸ ਵਿਸ਼ਾਲ ਇਕੱਠ ਵਿੱਚ ਮੈਂ ਰਾਜਵਿੰਦਰ ਸਿੰਘ ਰਾਹੀ,ਡਾਕਟਰ ਖੁਸ਼ਹਾਲ ਸਿੰਘ,ਇਤਿਹਾਸ ਵਿਭਾਗ ਦੀ ਵਿਦਿਆਰਥਣ ਕੁਲਵਿੰਦਰ ਕੌਰ, ਫੈਸ਼ਨ ਵਿਭਾਗ ਦੀ ਮਨਦੀਪ ਕੌਰ, ਅੰਤਰਪ੍ਰੀਤ ਸਿੰਘ,ਬੀਐਸਸੀ ਦੀ ਵਿਦਿਆਰਥਨ ਮਨਪ੍ਰੀਤ ਕੌਰ, ਅਨੰਦਪੁਰ ਸਾਹਿਬ ਤੋਂ ਆਈ ਨੌਜਵਾਨਾਂ ਦੀ ਇੱਕ ਟੀਮ,ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਈ ਆਗੂ ਤੇ ਵਰਕਰ,ਅੰਤਰਪ੍ਰੀਤ ਸਿੰਘ ਬਲਜੀਤ ਕੌਰ,ਹਰਜਿੰਦਰ ਕੌਰ, ਸੁਖਜੀਤ ਕੌਰ,ਅਤੇ ਅੱਧੀ ਦਰਜਨ ਛੋਟੀਆਂ ਛੋਟੀਆਂ ਟੋਲੀਆਂ ਨਾਲ ਜੋ ਇਕੱਠ ਦੇ ਇੱਕ ਪਾਸੇ ਗਰਾਊਂਡ ਵਿੱਚ ਘਾਹ ਦੇ ਮੈਦਾਨ ਵਿੱਚ ਬੈਠੀਆਂ ਹੋਈਆਂ ਸਨ,ਉਹਨਾਂ ਦੇ ਵਿਚਾਰਾਂ ਨੂੰ ਜਾਨਣ ਦੀ ਕੋਸ਼ਿਸ਼ ਕੀਤੀ।ਕਈਆਂ ਕੋਲ ਆਪਣੇ ਦਰਦ ਨੂੰ ਦੱਸਣ ਲਈ ਸ਼ਬਦ ਨਹੀਂ ਸਨ ਜਾਂ ਉਹ ਸੰਗਦੇ ਸਨ ਪਰ ਜਦੋਂ ਉਹਨਾਂ ਨਾਲ ਸਾਂਝ ਪਾ ਕੇ ਤੁਸੀਂ ਸਵਾਲ ਕਰਦੇ ਹੋ ਤਾਂ ਤੁਹਾਨੂੰ ਉਹੋ ਜਹੀਆਂ ਗੱਲਾਂ ਮਿਲ ਜਾਂਦੀਆਂ ਹਨ ਜੋ ਕਿਸੇ ਨਾਵਲ ਵਾਂਗ ਲੱਗਦੀਆਂ ਹਨ।ਬੜੇ ਚਿਰਾਂ ਪਿੱਛੋਂ ਮੈਂ ਇਹ ਮਹਿਸੂਸ ਕਰ ਰਿਹਾ ਸਾਂ ਕਿ ਅਸੀਂ ਪੱਤਰਕਾਰ ਬਹੁਤੀ ਵਾਰ ਉੱਪਰ ਉੱਪਰ ਹੀ ਖੇਡਦਿਆਂ ਹੀ ਜ਼ਿੰਦਗੀ ਲੰਘਾ ਦਿੰਦੇ ਹਾਂ। ਪਰ ਕਦੇ ਘੱਟ ਹੀ ਉਹਨਾਂ ਪੀੜਾਂ ਤੱਕ ਪਹੁੰਚਦੇ ਹਾਂ ਜੋ ਦੱਬੀਆਂ ਕੁੱਟੀਆਂ ਹੀ ਇਸ ਸੰਸਾਰ ਤੋਂ ਅਲਵਿਦਾ ਕਹਿ ਕੇ ਤੁਰ ਜਾਂਦੀਆਂ ਹਨ-ਸਾਡੇ ਉੱਤੇ ਇੱਕ ਵੱਡਾ ਬੋਝ ਸੁੱਟ ਕੇ। ਅੱਜ ਇੱਕ ਡੂੰਘੀ ਪੀੜ ਦਾ ਜ਼ਿਕਰ ਕਰਨਾ ਬਣਦਾ ਹੈ ਜੋ ਕਦੇ ਕਦੇ ਮਿੰਟਾਂ ਸਕਿੰਟਾਂ ਵਿੱਚ ਇੱਕ ਬੰਦੇ ਦੀ ਪੀੜ ਜਨਤਕ ਪੀੜ ਬਣ ਜਾਂਦੀ ਹੈ।ਕੇਂਦਰੀ ਸਿੰਘ ਸਭਾ ਦੇ ਡਾਕਟਰ ਖੁਸ਼ਹਾਲ ਸਿੰਘ ਤੇ ਉੱਘੇ ਲੇਖਕ ਰਾਜਵਿੰਦਰ ਸਿੰਘ ਰਾਹੀ ਨੇ ਦੱਸਿਆ ਕਿ ਡਾਕਟਰ ਪਿਆਰੇ ਲਾਲ ਗਰਗ ਜੋ ਅਕਸਰ ਹੀ ਪੰਜਾਬ ਦੇ ਅਤੇ ਬੇਬਾਕ ਹੋ ਕੇ ਸਿੱਖਾਂ ਦੇ ਦਿਲ ਦੀ ਆਵਾਜ਼ ਬੁਲੰਦ ਕਰਦੇ ਰਹਿੰਦੇ ਹਨ,ਅੱਜ ਜਦੋਂ ਉਹ ਯੂਨੀਵਰਸਿਟੀ ਦੇ ਵਿਦਿਆਰਥੀ ਸੰਘਰਸ਼ ਨਾਲ ਸਾਂਝ ਪਾਉਣ ਲਈ ਯੂਨੀਵਰਸਿਟੀ ਵੱਲ ਆਪਣੇ ਕਦਮ ਪੁੱਟ ਰਹੇ ਸਨ ਤਾਂ ਇਸ ਬਜ਼ੁਰਗ ਨਾਲ ਕੇਵਲ ਉਸ ਸਮੇਂ 20- 25 ਬੰਦੇ ਹੀ ਸਨ,ਪਰ ਜਦੋਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਲਲਕਾਰਾ ਮਾਰ ਕੇ ਯੂਨੀਵਰਸਿਟੀ ਚਲੋ ਦੀ ਆਵਾਜ਼ ਦਿੱਤੀ ਤਾਂ ਯੂਨੀਵਰਸਿਟੀ ਦੇ ਨੇੜੇ ਪਹੁੰਚਣ ਤੱਕ ਉਹ 300 ਲੋਕਾਂ ਦਾ ਕਾਫਲਾ ਬਣ ਚੁੱਕਾ ਸੀ। ਤੁਸੀਂ ਸਵਾਲ ਕਰ ਸਕਦੇ ਹੋ ਕਿ ਇਹ ਲੋਕ ਅਕਸਰ ਅਚਾਨਕ ਕਿਥੋ ਆਏ?ਕਿਵੇਂ ਇਕੱਠੇ ਹੋ ਗਏ? ਤੇ ਕਿਵੇਂ ਨਾਅਰੇ ਮਾਰਦੇ ਯੂਨੀਵਰਸਟੀ ਤੱਕ ਪਹੁੰਚ ਗਏ ਤੇ ਉਹ ਉਸ ਪੀੜ ਦੀ ਬਾਤ ਹੈ ਜੋ ਪੰਜਾਬ ਦੇ ਲੋਕਾਂ ਵਿੱਚ ਪਤਾ ਨਹੀਂ ਕਿੰਨੇ ਚਿਰਾਂ ਤੋਂ ਅੰਦਰ ਹੀ ਅੰਦਰ ਦੱਬੀ ਪਈ ਸੀ ਅਤੇ ਅੱਜ ਪ੍ਰਗਟ ਹੋ ਰਹੀ ਸੀ। ਦੋਸਤੋ ਕੀ ਤੁਸੀਂ ਚਾਹੁੰਦੇ ਹੋ ਜਿਵੇਂ ਕਿ ਅਕਸਰ ਹੀ ਹਰ ਖਬਰ ਨੂੰ ਪੜਨ ਵਾਲੇ ਜਾਨਣਾ ਚਾਹੁੰਦੇ ਹਨ ਕਿ ਬਾਪੂ ਗੁਰਚਰਨ ਸਿੰਘ ਮਨਦੀਪ ਸਿੰਘ ਚਮਕੌਰ ਸਿੰਘ ਚਰਨਜੀਤ ਸਿੰਘ ਚੰਨੀ ਪ੍ਰਗਟ ਸਿੰਘ ਪਰਮਿੰਦਰ ਸਿੰਘ ਢੀਂਡਸਾ ਭਾਨਾ ਸਿੱਧੂ ਕਸ਼ਮੀਰ ਸਿੰਘ ਰਿਮਲਜੋਤ ਸਿੰਘ ਸੰਦੀਪ ਸਿੰਘ ਅਵਤਾਰ ਸਿੰਘ ਨਾਗਲਾ ਪ੍ਰੀਤਮ ਕੌਰ ਬਲਬੀਰ ਸਿੰਘ ਰਾਜੇਵਾਲ ਰਜਿੰਦਰ ਕੌਰ ਸਰਾਂ ਅਤੇ ਦਰਜਨਾਂ ਹੋਰ ਬੁਲਾਰਿਆਂ ਨੇ ਕਿਸ ਤਰ੍ਹਾਂ ਦੇ ਵਿਚਾਰ ਪ੍ਰਗਟ ਕੀਤੇ,ਇਹ ਇੱਕ ਵੱਖਰਾ ਲੇਖ ਬਣਦਾ ਹੈ ਜੋ ਛੇਤੀ ਹੀ ਮੈਂ ਤੁਹਾਡੇ ਸਾਹਮਣੇ ਪੇਸ਼ ਕਰਾਂਗਾ। ਦਰਅਸਲ ਹਕੀਕਤ ਇਹੋ ਹੈ ਕਿ ਅੱਜ ਦੇ ਇਕੱਠ ਦੇ ਦਰਜਨਾਂ ਹੀ ਪਹਿਲੂ ਹਨ ਜੋ ਜਿੱਥੇ ਹਰ ਪਹਿਲੂ ਇੱਕ ਵੱਖਰੇ ਲੇਖ ਦੀ ਮੰਗ ਕਰਦਾ ਹੈ ਅਤੇ ਤੁਹਾਡਾ ਪੱਤਰਕਾਰ ਇਹ ਯਤਨ ਕਰੇਗਾ ਕਿ ਆਉਂਦੇ ਦਿਨਾਂ ਵਿੱਚ ਇਸ ਇਕੱਠ ਦੀ ਭਰਪੂਰ ਵਿਆਖਿਆ ਵੱਖ ਵੱਖ ਨਜ਼ਰੀਏ ਤੋਂ ਪੇਸ਼ ਕਰਾਂਗੇ। ਹੁਣ ਤੁਸੀਂ ਇਹ ਜਾਨਣਾ ਚਾਹੋਗੇ ਕਿ ਇਸ ਇਕੱਠ ਦੀ ਗਿਣਤੀ ਬਾਰੇ। ਪਰ ਇਹ ਸਵਾਲ ਬਹੁਤ ਹੀ ਮੁਸ਼ਕਿਲ ਹੈ ਅਤੇ ਸ਼ਾਇਦ ਸਹੀ ਸਹੀ ਕੋਈ ਵੀ ਨਹੀਂ ਦੱਸ ਸਕਦਾ। ਮੈਂ ਕਈ ਦੋਸਤਾਂ ਤੋਂ ਇਸ ਗਿਣਤੀ ਬਾਰੇ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਹਰ ਇੱਕ ਦਾ ਜਵਾਬ ਇਹ ਸੀ ਕਿ ਇਕੱਠ ਬੇਮਿਸਾਲ ਸੀ ਅਤੇ ਇਹ ਹਜ਼ਾਰਾਂ ਵਿੱਚ ਹੈ ਪਰ ਮੇਰੀ ਇਸ ਨਾਲ ਤਸੱਲੀ ਨਹੀਂ ਸੀ ਹੋ ਸਕੀ। ਅਸਲ ਵਿੱਚ ਇਹ ਇਕੱਤਰਤਾ ਕਿਸੇ ਇੱਕ ਵੱਡੇ ਮੈਦਾਨ ਵਿੱਚ ਨਹੀਂ ਸੀ ਜਿੱਥੋਂ ਇਕੱਠ ਦੀ ਗਿਣਤੀ ਬਾਰੇ ਸਹੀ ਸਹੀ ਅੰਦਾਜ਼ਾ ਲਗਾਉਣਾ ਕਿਸੇ ਲਈ ਵੀ ਮੁਸ਼ਕਿਲ ਨਹੀਂ ਪਰ ਇਹ ਇਕੱਠ ਕਈ ਪਾਸਿਆਂ ਵੱਲ ਫੈਲਿਆ ਹੋਇਆ ਸੀ ਜਿਸ ਕਰਕੇ ਸਹੀ ਸਹੀ ਗਿਣਤੀ ਕਰਨਾ ਮੁਸ਼ਕਲ ਹੈ। ਮੈਂ ਤੁਹਾਨੂੰ ਦੱਸਦਾ ਹਾਂ ਕਿ ਜਦੋਂ ਅਸੀਂ ਸਾਢੇ ਚਾਰ ਵਜੇ ਦੇ ਕਰੀਬ ਪਰਤ ਰਹੇ ਸੀ ਤਾਂ ਪੀਜੀਆਈ ਵਾਲੇ ਪਾਸੇ ਇੱਕ ਨੰਬਰ ਗੇਟ ਤੋਂ ਥੋੜੀ ਦੂਰ ਵੀ ਬਹੁਤ ਸਾਰੇ ਕਾਫਲੇ ਕਾਫਲੇ ਯੂਨੀਵਰਸਿਟੀ ਵੱਲ ਵੱਧ ਰਹੇ ਸਨ। ਉਸ ਤੋਂ ਬਾਅਦ ਹੋਰ ਕਿੰਨੇ ਆਏ ਹੋਣਗੇ ਇਹਨਾਂ ਬਾਰੇ ਤਾਂ ਕੁਝ ਜਾਣਕਾਰੀ ਨਹੀਂ ਮਿਲੀ ਪ੍ਰੰਤੂ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੈ ਅਤੇ ਪੰਜਾਬ ਦੀ ਹੀ ਰਹੇਗੀ ਪੰਜਾਬ ਵਿੱਚ ਸਥਾਪਤ ਕਾਲਜ ਕਿਸਾਨ ਜਥੇਬੰਦੀਆਂ ਸਿਆਸੀ ਆਗੂਆਂ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਇਸ ਕਾਲ ਵਿੱਚ ਸ਼ਾਮਿਲ ਹੋ ਕੇ ਇਹ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਹੁਣ ਪੰਜਾਬੀ ਯੂਨੀਵਰਸਿਟੀ ਦੀ ਆਜ਼ਾਦੀ ਤੱਕ ਸੀਮਤ ਨਹੀਂ ਰਹੇਗਾ ਇਸ ਤੋਂ ਅੱਗੇ ਵੱਧ ਕੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਉੱਤੇ ਵੀ ਆਪਣਾ ਕਬਜ਼ਾ ਕਰੇਗਾ।


