
ਸਾਹਿਬਜ਼ਾਦਾ ਅਜੀਤ ਸਿੰਘ ਨਗਰ 12 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਪੰਜਾਬ ਦੀ ਸ਼ਾਂਤੀ ਨੂੰ ਅੱਗ ਦਾ ਭਾਂਬੜ ਬਣਾਉਣ ਲਈ 13 ਅਪ੍ਰੈਲ, 1978 ਨੂੰ ਅੰਮ੍ਰਿਤਸਰ ਵਿਚ ਹੋਏ ਇੱਕ ਸਿੱਖ ਕਤਲੇਆਮ ਦੇ ਜ਼ਿੰਮੇਵਾਰ ਨਕਲੀ ਨਿੰਰਕਾਰੀ ਗੁਰਬਚਨਾ ਜਿਸ ਨੂੰ ਪੰਜਾਬ ਅਤੇ ਕੇਂਦਰ ਸਰਕਾਰ ਦੀ ਮਿਲੀ ਭੁਗਤ ਨਾਲ ਜਿਥੇ ਪੂਰੀ ਹਿਫ਼ਾਜ਼ਤ ਦੇ ਨਾਲ ਪੰਜਾਬ ਦੇ ਵਿਚੋਂ ਬਾਹਰ ਕੱਢ ਦਿੱਤਾ ਗਿਆ ਸੀ ਉਥੇ ਉਸ ਦਾ ਮੁਕੱਦਮਾ ਵੀ ਹਾਈ ਕੋਰਟ ਦੇ ਹੁਕਮ ਨਾਲ ਪੰਜਾਬ ਤੋਂ ਬਾਹਰ ਕਰਨਾਲ ਵਿਚ ਤਬਦੀਲ ਕਰ ਦਿਤਾ ਗਿਆ। ਪ੍ਰੰਤੂ ਗੁਰੂ ਦੇ ਸਿੰਘਾਂ ਭਾਈ ਰਣਜੀਤ ਸਿੰਘ ਅਤੇ ਭਾਈ ਕਾਬਲ ਸਿੰਘ ਤੇ ਤਿੰਨ ਹੋਰ ਗੁਰਸਿੱਖ ਸਿੰਘਾਂ ਨੇ ਸਾਥੀਆਂ ਨੇ 1980 ਵਿੱਚ ਨਿਰੰਕਾਰੀ ਮੁਖੀ ਗੁਰਬਚਨ ਨੂੰ ਖਾਲਸਾਈ ਰਿਵਾਇਤ ਦੇ ਮੁਤਾਬਿਕ ਸਜ਼ਾ ਦਿੰਦਿਆਂ ਉਸ ਦੇ ਡੇਰੇ ਵਿੱਚ ਹੀ ਸੋਧ ਦਿੱਤਾ ਸੀ। ਜਿਸ ਦੀ ਸਜ਼ਾ ਭੁਗਤਦਿਆਂ 12 ਅਕਤੂਬਰ 1996 ਵਾਲੇ ਦਿਨ ਸਿੰਘ ਸਾਹਿਬ ਭਾਈ ਰਣਜੀਤ ਸਿੰਘ, ਜਥੇਦਾਰ ਸ੍ਰੀ ਅਕਾਲ ਤਖਤ, ਨੂੰ 13 ਵਰ੍ਹਿਆਂ ਦੀ ਉਮਰ ਕੈਦ ਦੀ ਜੇਲ੍ਹ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ। ਸ.. ਗੁਰਦੀਪ ਸਿੰਘ ਜਗਬੀਰ (ਡਾ.) ਅਨੁਸਾਰ ਖਾਸ ਗੱਲ ਇਹ ਹੈ ਕਿ ਕੇਂਦਰ ਅਤੇ ਪੰਜਾਬ ਸਰਕਾਰ ਨੇ ਮਿਲੀ ਭੁਗਤ ਨਾਲ ਜਸਟਿਸ ਗੁਪਤਾ ਦੀ ਅਦਾਲਤ ਵਿੱਚ ਚਲੇ ਇਸ ਮੁਕੱਦਮੇ ਨੂੰ ਕਮਜ਼ੋਰ ਕਰਣ ਦੇ ਲਈ ਪੰਜਾਬ ਦੀ ਬਾਦਲ ਸਰਕਾਰ ਦੇ ਵਕੀਲਾਂ ਨੇ ਜਾਣ-ਬੁੱਝ ਕੇ ਕਮਜ਼ੋਰ ਕੇਸ ਤਿਆਰ ਕੀਤਾ ਜਿਸ ਦਾ ਸਿੱਧਾ ਮਤਲਬ ਸੀ ਕਿ ਗੁਰਬਚਨ ਅਤੇ ਉਸ ਦੇ ਗੁੰਡੇ ਸਾਥੀਆਂ ਨੂੰ ਸਜਾ ਨਹੀ ਹੋਣੀ ਚਾਹਦੀ। ਸੋ
4 ਜਨਵਰੀ, 1980 ਨੂੰ ਅਦਾਲਤ ਵਲੋਂ ਨਕਲੀ ਨਿਰੰਕਾਰੀ ਗੁਰਬਚਨ ਸਣੇ ਉਸ ਦੇ 61 ਸਾਥੀ ਮੁਜਰਮਾਂ ਨੂੰ ਬਾਇਜ਼ਤ ਬਰੀ ਕਰਨ ਦਾ ਫ਼ੈਸਲਾ ਦੇ ਦਿਤਾ ਗਿਆ। ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਦਾਲਤ ਦੇ ਇਸ ਫ਼ੈਸਲੇ ਦੇ ਖਿਲਾਫ ਸਰਕਾਰ ਵਲੋਂ ਹਾਈ ਕੋਰਟ ਵਿਚ ਕੋਈ ਅਪੀਲ ਤਕ ਦਾਇਰ ਨਾ ਕੀਤੀ।
ਜਦੋਂ ਵਕਤ ਦੀਆਂ ਵਿਕੀਆਂ ਸਰਕਾਰਾਂ ਅਤੇ ਅਦਾਲਤਾਂ ਸਿੱਖਾਂ ਨੂੰ ਇਨਸਾਫ ਨਾ ਦੇ ਸਕੀਆਂ ਤਾਂ ਖਾਲਸਾਈ ਰਿਵਾਇਤ ਦੇ ਮੁਤਾਬਕ ਸਿੱਖ਼ੀ ਦੀ ਹੇਠੀ ਅਤੇ ਸਿੱਖ਼ਾਂ ਦੇ ਘਾਣ ਦਾ ਬਦਲਾ ਲੈਣ ਲਈ ਦਿੱਲੀ ਤੋਂ ਭਾਈ ਸਾਹਿਬ ਰਣਜੀਤ ਸਿੰਘ ਨੇ ਆਪਣੇ ਇਕ ਸਾਥੀ ਸਰਦਾਰ ਕਾਬਲ ਸਿੰਘ ਦੇ ਅਤੇ ਤਿੰਨ ਹੋਰ ਗੁਰਸਿੱਖਾਂ ਦੇ ਨਾਲ ਰਾਏ ਕਰ ਕੇ ਗੁਰਬਚਨ ਨੂੰ ਉਸ ਦੇ ਹੀ ਭਵਨ ਵਿੱਚ ਸੋਧਣ ਦੀ ਖਾਲਸਾਈ ਵਿਉਂਤ ਬਣਾਈ। ਆਪਣੀ ਵਿਉਂਤ ਨੀਤੀ ਦੇ ਮੁਤਾਬਕ ਭਾਈ ਸਾਹਿਬ ਰਣਜੀਤ ਸਿੰਘ ਨੇ ਦਿਲੀ ਦੇ ਨਿਰੰਕਾਰੀ ਭਵਨ ਵਿਖੇ ਹਥਿਆਰਬੰਦ ਪਹਿਰੇਦਾਰਾਂ ਦੀ ਕਰੜੀ ਨਿਗਰਾਨੀ ਹੇਠ ਇਸ ਅਖੌਤੀ ਨਿਰੰਕਾਰੀ ਭਵਨ ਵਿਚ ਆਉਣ ਜਾਣ ਦੀ ਖੁੱਲ੍ਹ ਪ੍ਰਾਪਤ ਕਰਨ ਦੇ ਲਈ ਨਿਰੰਕਾਰੀਆਂ ਦੇ ਸੰਤ ਮੰਡਲ ਦੇ ਉਪ ਪ੍ਰਧਾਨ ਅਤੇ ਸੱਤ ਪਿਆਰਿਆਂ ਵਿਚੋਂ ਇਕ ਡਾ: ਦੇਸ ਰਾਜ ਨਾਲ ਸੰਪਰਕ ਜੋੜਿਆ ਅਤੇ ਨਿਰੰਕਾਰੀ ਭਵਨ ਵਿੱਚ ਲੱਕੜ ਦੇ ਕੰਮ ਕਰਣ ਦਾ ਠੇਕਾ ਹਾਸਲ ਕਰ ਲਿਆ। ਮਿਸਤਰੀ ਵਜੋਂ ਕੰਮ ਸ਼ੁਰੂ ਕਰਨ ਦੇ ਨਾਲ ਹੀ ਭਾਈ ਸਾਹਿਬ ਨੂੰ ਨਿਰੰਕਾਰੀ ਭਵਨ ਵਿੱਚ ਬੇਰੋਕ ਟੋਕ ਆਣ ਜਾਣ ਦੀ ਖੁੱਲ ਮਿਲ ਗਈ।ਭਾਈ ਸਾਹਿਬ ਹੁਣ ਆਪਣੇ ਕੰਮ ਵਿੱਚ ਵਰਤੇ ਜਾਣ ਵਾਲੇ ਸੰਦ ਵੀ ਨਾਲ਼ ਲਿਜਾਂਦੇ ਸਨ ਜਿਨ੍ਹਾਂ ਵਿੱਚ ਲਕੋ ਕੇ ਆਪ ਹਥਿਆਰ ਅੰਦਰ ਲਜਾਣ ਵਿੱਚ ਬਾਅਦ ਵਿੱਚ ਸਫਲ ਹੋਏ ਸੀ। ਉਨ੍ਹਾਂ ਦਿਨਾਂ ਵਿਚ ਪੰਜਾਬ ਅਸੈਂਬਲੀ ਦੀ ਇਲੈਕਸ਼ਨ ਦੇ ਲਈ ਟਿਕਟ ਹਾਸਲ ਕਰਨ ਦੇ ਚਾਹਵਾਨ ਕੁਝ ਕਾਂਗਰਸੀ ਫਗਵਾੜੇ ਤੋਂ ਆਏ ਹੋਏ ਸਨ ਅਤੇ ਨਿਰੰਕਾਰੀ ਭਵਨ ਦੇ ਗੈਸਟ ਹਾਊਸ ਵਿਚ ਠਹਿਰੇ ਹੋਏ ਸਨ। ਟਿਕਟ ਦੇ ਚਾਹਵਾਨ ਫਗਵਾੜੇ ਦੇ ਕਾਂਗਰਸੀ ਚਾਹੁੰਦੇ ਸਨ ਕਿ ਗੁਰਬਚਨ ਉਨ੍ਹਾਂ ਦੀ ਸਿਫਾਰਸ਼ ਇੰਦਰਾ ਗਾਂਧੀ ਅੱਗੇ ਪਾਵੇ ਤਾਜੋ ਉਨ੍ਹਾਂ ਨੂੰ ਫ਼ਗਵਾੜੇ ਤੋ ਕਾਂਗਰਸ ਦੀ ਟਿਕਟ ਮਿਲ ਜਾਵੇ। ਇਹ ਸਾਰੇ ਕਾਂਗਰਸੀਏ ਗੁਰਬਚਨ ਨੂੰ ਲੈਕੇ ਇੰਦਰਾ ਦੇ ਦਰਬਾਰ ਦੀ ਹਾਜ਼ਰੀ ਭਰਨ ਦੇ ਲਈ ਗਏ ਹੋਏ ਸਨ। ਪਿੱਛੇ ਭਾਈ ਰਣਜੀਤ ਸਿੰਘ ਅਤੇ ਭਾਈ ਕਾਬਲ ਸਿੰਘ, ਗੁਰਬਚਨ ਦੇ ਆਉਣ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਭਾਈ ਰਣਜੀਤ ਸਿੰਘ ਹੁਣਾਂ ਦੀ ਤਿਆਰੀ ਪਕੀ ਸੀ ਅਤੇ ਆਪ ਨੇ ਗੈਸਟ ਹਾਊਸ ਦੇ ਗੁਸਲਖਾਨੇ ਦੀ ਬਾਹਰਲੇ ਪਾਸੇ ਦੀ ਬਾਰੀ ਦੇ ਗਰਿਲ ਅਤੇ ਮੋਟੀ ਜਾਲੀ ਦੇ ਪੇਚ ਖੋਲ੍ਹ ਕੇ ਉਸ ਨੂੰ ਉਂਝ ਹੀ ਅਟਕਾਅ ਛੱਢਿਆ ਸੀ। ਨਕਲ਼ੀ ਨਿਰੰਕਾਰੀ ਨੂੰ ਗੋਲ਼ੀ ਮਾਰਨ ਤੋਂ ਬਾਅਦ ਇੱਥੋਂ ਉਹਨਾਂ ਨੇ ਬਚ ਨਿਕਲਣ ਦੀ ਰਾਹ ਪਹਿਲੋਂ ਹੀ ਤਿਆਰ ਕਰ ਲਈ ਸੀ। 24 ਅਪਰੈਲ 1980 ਦੀ ਰਾਤ, ਇੰਦਰਾ ਗਾਂਧੀ ਦੇ ਨਾਲ ਮੁਲਾਕਾਤ ਕਰ ਕੇ ਕਾਰਾਂ ਦਾ ਕਾਫਲਾ ਵਾਪਸ ਨਿਰੰਕਾਰੀ ਭਵਨ ਦੇ ਅੰਦਰ ਵੜ ਰਿਹਾ ਸੀ।। ਸੱਭ ਤੋਂ ਪਹਿਲੀ ਕਾਰ ਨਕਲੀ ਨਿਰੰਕਾਰੀ ਗੁਰਬਚਨ ਦੀ ਸੀ। ਦੋਵੇਂ ਸਿੰਘ ਪੂਰੀ ਤਿਆਰੀ ਦੇ ਨਾਲ ਗੈਸਟ ਹਾਊਸ ਦੀ ਛੱਤ ਉਤੇ ਖੜੇ ਸਨ। ਬਿਜਲੀ ਦੀ ਰੌਸ਼ਨੀ ਕਾਫੀ ਸੀ ਅਤੇ ਛੱਤ ਤੋਂ ਹੇਠਾਂ ਸਭ ਕੁਝ ਸਾਫ ਸਪੱਸ਼ਟ ਨਜ਼ਰ ਆ ਰਿਹਾ ਸੀ। ਗੁਰਬਚਨ ਦੀ ਕਾਰ ਵਿਚੋਂ ਪਹਿਲਾਂ ਉਸ ਦਾ ਅੰਗ ਰੱਖਿਅਕ ਭਾਵ ਬਾਡੀ ਗਾਰਡ ਉਤਰਿਆ ਅਤੇ ਉਸ ਨੇ ਬਾਹਰ ਉਤਰ ਕੇ ਪੁਜੀਸ਼ਨ ਲੈ ਲਈ, ਜਦੋਂ ਦੇਖਿਆ ਸੱਭ ਠੀਕ ਹੈ ਤਾਂ ਗੁਰਬਚਨ ਵੀ ਕਾਰ ਵਿਚੋਂ ਬਾਹਰ ਨਿਕਲ਼ ਆਇਆ। ਮੌਕੇ ਦੀ ਤਾਕ ਵਿਚ ਖਲੋਤੇ ਸੂਰਬੀਰ ਸਿੰਘਾਂ ਨੇ ਝਟ ਮੌਕਾ ਸਾਂਭਿਆ ਅਤੇ ਕਾਰਬਾਈਨ ਦੀਆਂ ਗੋਲੀਆਂ ਨਾਲ ਗੁਰਬਚਨ ਅਤੇ ਉਸ ਦਾ ਅੰਗ ਰੱਖਿਅਕ ਦੋਵੇਂ ਭੁਨ ਕੇ ਢੇਰ ਕਰ ਦਿੱਤੇ। ਇਤਨੇ ਵਿੱਚ ਕੇ ਕੋਈ ਕੁੱਝ ਸਮਝ ਸਕਦਾ ਦੋਵੇਂ ਗੁਰੂ ਕੇ ਲਾਲ ਗੁਸਲਖਾਨੇ ਵਿਚ ਵੜੇ ਅਤੇ ਖਿੜਕੀ ਦੀ ਗਰਿਲ ਪਾਸੇ ਕਰ ਕੇ ਬਾਹਰ ਗਲ਼ੀ ਵਿਚ ਛਾਲਾਂ ਮਾਰ ਕੇ ਹਵਾ ਹੋ ਗਏ ਸਨ। ਖਾਲਸਾ ਪੰਥ ਨੇ ਬਰੀ ਹੋਣ ਪਿੱਛੋਂ ਭਾਈ ਰਣਜੀਤ ਸਿੰਘ ਜੀ ਦੀ ਕੁਰਬਾਨੀ ਦੀ ਕਦਰ ਕਰਦਿਆਂ ਉਹਨਾਂ ਨੂੰ ਖਾਲਸਾ ਪੰਥ ਦੀ ਅਦਾਲਤ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਥਾਪਿਆ ਜਿਸ ਦੌਰਾਨ ਸਿੰਘ ਸਾਹਿਬ ਜਥੇਦਾਰ ਭਾਈ ਰਣਜੀਤ ਸਿੰਘ ਨੇ ਬਹੁਤ ਹੀ ਸਾਫ-ਸੁਥਰੇ ਅਤੇ ਪੰਥਕ ਰਵਾਇਤਾਂ ਮਰਿਆਦਾਵਾਂ ਅਤੇ ਸਿਧਾਂਤਾਂ ‘ਤੇ ਸੱਚੇ ਸੁੱਚੇ ਅਤੇ ਪੁਰਾਤਨ ਜਥੇਦਾਰਾਂ ਦੀ ਤਰ੍ਹਾਂ ਪਹਿਰਾ ਦਿੰਦਿਆਂ ਜਿੰਨਾ ਸਮਾਂ ਜਥੇਦਾਰ ਵਜੋਂ ਸ੍ਰੀ ਅਕਾਲ ਤਖਤ ਸਾਹਿਬ ਜੀ ਸੇਵਾ ਨਿਭਾਈ ਹੈ ਉਸ ਦੀ ਸ਼ਲਾਘਾ ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਵਿੱਚ ਅੱਜ ਵੀ ਕੀਤੀ ਜਾਂਦੀ ਹੈ ਅਤੇ ਉਨਾਂ ਨੂੰ ਸੰਗਤਾਂ ਵੱਲੋਂ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ।


