ਸਾਹਿਬਜ਼ਾਦਾ ਅਜੀਤ ਸਿੰਘ ਨਗਰ 14 ਮਾਈ (ਮੰਗਤ ਸਿੰਘ ਸੈਦਪੁਰ) : ਪੰਜਾਬ ਸਰਕਾਰ ਵਲੋਂ ਮੰਗਲਵਾਰ ਰਾਤ ਨੂੰ ਜਾਰੀ ਹੁਕਮਾਂ ਅਨੁਸਾਰ ਐੱਸ.ਐੱਸ.ਪੀ. ਮੁਹਾਲੀ ਦੀਪਕ ਪਾਰਿਕ ਦੀ ਜਗ੍ਹਾਂ ਤੇ ਸਾਲ 2015 ਬੈਚ ਦੇ ਆਈਪੀਐਸ ਹਰਮਨਦੀਪ ਸਿੰਘ ਹਾਂਸ ਨੂੰ ਨਿਯੁਕਤ ਕੀਤਾ ਗਿਆ। ਜਿਸ ਨੇ ਮੋਹਾਲੀ ਦੇ ਨਵੇਂ ਐਸਐਸਪੀ ਵਜੋਂ ਅੱਜ ਅਹੁਦਾ ਸੰਭਾਲਿਆ। ਇਸ ਦੇ ਨਾਲ ਹੀ ਐੱਸ. ਪੀ. ਜਾਂਚ ਹਰਬੀਰ ਸਿੰਘ ਅਟਵਾਲ ਦਾ ਵੀ ਤਬਾਦਲਾ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਜਗ੍ਹਾ ਤੇ ਸਾਲ 2021 ਦੇ ਆਈਪੀਐਸ ਸਿਰੀਵੇਨੇਲਾ ਨੂੰ ਨਿਯੁਕਤ ਕੀਤਾ ਗਿਆ ਹੈ। ਬੁੱਧਵਾਰ ਦੁਪਹਿਰ ਨੂੰ ਐੱਸ. ਐੱਸ. ਪੀ. ਹਰਮਨਦੀਪ ਸਿੰਘ ਦਾ ਰਸਮੀ ਤੌਰ ਤੇ ਪੁਲਿਸ ਪੈਰੇਡ ਨਾਲ ਜ਼ਿਲ੍ਹਾ ਪ੍ਰਬੰਧਕੀ ਇਮਾਰਤ ਵਿਖੇ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਨੇ ਅਧਿਕਾਰਿਤ ਤੌਰ ‘ਤੇ ਐੱਸਐੱਸਪੀ. ਮੁਹਾਲੀ ਦਾ ਚਾਰਜ ਲੈ ਲਿਆ ਹੈ। ਜਿਸ ਤੋਂ ਬਾਅਦ ਮੁਹਾਲੀ ਦੇ ਨੌ ਮਹੀਨਿਆਂ ਲਈ ਐੱਸ. ਐੱਸ. ਪੀ. ਵਜੋਂ ਸੇਵਾ ਨਿਭਾ ਚੁੱਕੇ ਦੀਪਕ ਪਾਰਿਕ ਨੂੰ ਪੁਲਿਸ ਅਧਿਕਾਰੀਆਂ ਵਲੋਂ ਵਿਦਾਇਗੀ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਮੁਹਾਲੀ ਦੇ ਨਵੇਂ ਐੱਸ. ਐੱਸ. ਪੀ. ਹਰਮਨਦੀਪ ਸਿੰਘ ਹਾਂਸ ਪਹਿਲਾਂ ਮੁਹਾਲੀ ਦੇ ਐੱਸ.ਪੀ. ਜਾਂਚ ਵਜੋਂ ਸੇਵਾ ਨਿਭਾ ਚੁੱਕੇ ਹਨ।


