ਸਰਕਾਰ ਅਤੇ ਪੁਲਿਸ ਦੇ “ਯੁੱਧ ਨਸ਼ਿਆਂ ਵਿਰੁੱਧ” ਦੀ ਸਫ਼ਲਤਾ ਦੇ ਦਾਅਵੇ ਖੋਖਲੇ
ਮਾਛੀਵਾੜਾ ਸਾਹਿਬ,18 ਸਤੰਬਰ (ਅੰਮ੍ਰਿਤਪਾਲ)-ਇੱਥੋਂ ਨਜ਼ਦੀਕੀ ਪਿੰਡ ਸਤਾਬਗੜ੍ਹ ਦੇ ਇੱਕ ਨੌਜਵਾਨ ਅਮਨਦੀਪ ਸਿੰਘ ਉਰਫ਼ ਜੱਸੀ (20) ਦੀ ਭੇਦਭਰੇ ਹਾਲਾਤਾਂ ‘ਚ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਅਮਨਦੀਪ ਸਿੰਘ ਦੀ ਮਾਤਾ ਸਰਬਜੀਤ ਕੌਰ ਅਤੇ ਕਰੀਬੀ ਰਿਸ਼ਤੇਦਾਰ ਰਣਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਦਾ ਲੜਕਾ ਅਮਨਦੀਪ ਸਿੰਘ ਇੱਕ ਫੈਕਟਰੀ ‘ਚ ਕੰਮ ਕਰਦਾ ਸੀ ਅਤੇ ਉਹ 14 ਸਤੰਬਰ ਦੀ ਸ਼ਾਮ ਨੂੰ ਆਪਣੇ ਦੋਸਤਾਂ ਨਾਲ ਮੋਟਰ ਸਾਇਕਲ ‘ਤੇ ਬਾਹਰ ਗਿਆ ਸੀ, ਪ੍ਰੰਤੂ ਜਦੋਂ ਉਹ ਦੇਰ ਰਾਤ ਤੱਕ ਘਰ ਵਾਪਸ ਨਹੀਂ ਆਇਆ ਤਾਂ ਸਾਡੇ ਵੱਲੋਂ ਉਸਦੀ ਭਾਲ ਕੀਤੀ ਗਈ, ਪਰ ਉਸਦਾ ਪਤਾ ਨਹੀਂ ਚੱਲ ਸਕਿਆ। ਅਮਨਦੀਪ ਦਾ ਫ਼ੋਨ ਬੰਦ ਆ ਰਿਹਾ ਸੀ, ਇਸ ਕਰਕੇ ਉਸਦੇ ਦੋਸਤਾਂ ਨੂੰ ਫੋਨ ਕਰਕੇ ਪੁੱਛਿਆ ਤਾਂ ਉਹਨਾਂ ਕਿਹਾ ਕਿ ਉਹ ਕਿਸੇ ਹੋਰ ਦੋਸਤ ਦੇ ਘਰ ਸੁੱਤਾ ਹੈ, ਸਵੇਰੇ ਆ ਜਾਵੇਗਾ। ਸਵੇਰੇ ਪਤਾ ਚੱਲਿਆ ਕਿ ਅਮਨਦੀਪ ਪਿੰਡ ਹਸਨਪੁਰ ਦੇ ਖੇਤਾਂ ਵਿਚ ਬੇਸੁੱਧ ਪਿਆ ਸੀ, ਉਸਦੇ ਕੋਲ ਉਸਦਾ ਮੋਟਰ ਸਾਇਕਲ ਸੀ, ਜਿਸਦੀ ਚਾਬੀ ਉਸਦੀ ਜੇਬ ਵਿੱਚ ਸੀ ਅਤੇ ਉਸਦਾ ਮੋਬਾਈਲ ਗਾਇਬ ਸੀ। ਜ਼ਿਕਰਯੋਗ ਹੈ ਕਿ 15 ਸਤੰਬਰ ਨੂੰ ਅਮਨਦੀਪ ਦਾ ਜਨਮ ਦਿਨ ਸੀ, ਇਸੇ ਕਰਕੇ ਉਹ ਇੱਕ ਦਿਨ ਪਹਿਲਾਂ ਆਪਣੇ ਵਾਲ ਵਗੈਰਾ ਕਟਵਾ ਕੇ ਨਵੇਂ ਕੱਪੜੇ ਲੈਣ ਲਈ ਘਰੋਂ ਪੈਸੇ ਲੈ ਕੇ ਗਿਆ ਸੀ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਾਡੇ ਵੱਲੋਂ ਉਸਨੂੰ ਤੁਰੰਤ ਮਾਛੀਵਾੜਾ ਸਾਹਿਬ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ, ਦੋ ਦਿਨ ਬਾਅਦ ਉਸਨੂੰ ਚੰਡੀਗੜ੍ਹ ਰੈਫਰ ਕੀਤਾ ਗਿਆ, ਪ੍ਰੰਤੂ ਉੱਥੇ ਉਸਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਸਨੂੰ ਆਪਣੇ ਨਾਲ ਲੈ ਕੇ ਗਏ ਦੋਸਤਾਂ ਵੱਲੋਂ ਹੀ ਕੋਈ ਨਸ਼ੀਲੀ ਚੀਜ਼ ਦਿੱਤੀ ਗਈ ਹੈ, ਜਿਸ ਕਾਰਨ ਅਮਨਦੀਪ ਦੀ ਮੌਤ ਹੋਈ ਹੈ, ਇਸ ਲਈ ਉਸਦੇ ਇਹਨਾਂ ਦੋਸਤਾਂ ਤੋਂ ਹੀ ਪੁੱਛਗਿੱਛ ਕੀਤੇ ਜਾਣ ‘ਤੇ ਅਸਲ ਕਾਰਨਾਂ ਦਾ ਪਤਾ ਲੱਗੇਗਾ।
ਜਦੋਂ ਇਸ ਸਬੰਧੀ ਥਾਣਾ ਮੁਖੀ ਸਬ ਇੰਸਪੈਕਟਰ ਕਰਮਜੀਤ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ ਜਦੋਂ ਤੱਕ ਅਮਨਦੀਪ ਸਿੰਘ ਹਸਪਤਾਲ ਵਿਚ ਇਲਾਜ ਅਧੀਨ ਸੀ, ਉਸ ਸਮੇਂ ਤੱਕ ਪੁਲਿਸ ਨੂੰ ਕੋਈ ਇਤਲਾਹ ਨਹੀਂ ਸੀ। ਪਰ ਉਸਦੀ ਮੌਤ ਦੀ ਖ਼ਬਰ ਤੋਂ ਬਾਅਦ ਸਿਵਲ ਹਸਪਤਾਲ ਸਮਰਾਲਾ ਵਿਖੇ ਅੱਜ ਉਸਦਾ ਪੋਸਟਮਾਰਟਮ ਕਰਵਾਇਆ ਗਿਆ ਹੈ। ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਅਤੇ ਪਰਿਵਾਰ ਦੇ ਬਿਆਨਾਂ ਦੇ ਅਧਾਰ ਤੇ ਜੋ ਵੀ ਦੋਸ਼ੀ ਪਾਏ ਗਏ, ਉਹਨਾਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।


