ਸਮਰਾਲਾ, (ਸੁਰਜੀਤ ਸਿੰਘ): ਦੇਸ਼ ਭਗਤ ਯੂਨੀਵਰਸਿਟੀ, ਗੋਬਿੰਦਗੜ੍ਹ ਦੇ ਕੈਂਪਸ ਵਿੱਚ ਅਧਿਆਪਕ ਦਿਵਸ-2026 ਬੜੇ ਉਤਸ਼ਾਹ ਅਤੇ ਉਮੰਗ ਨਾਲ ਮਨਾਇਆ ਗਿਆ। ਸਮਾਗਮ ਵਿੱਚ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਅਤੇ ਵਾਈਸ ਚਾਂਸਲਰ ਪ੍ਰੋ. (ਡਾ.) ਹਰਸ਼ ਸਦਾਵਰਤੀ ਸਮੇਤ ਡੀਨ, ਡਾਇਰੈਕਟਰ, ਪ੍ਰਿੰਸੀਪਲ, ਵਿਭਾਗ ਮੁਖੀ, ਫੈਕਲਟੀ ਮੈਂਬਰ ਅਤੇ ਕਰਮਚਾਰੀ ਹਾਜ਼ਰ ਸਨ।
ਇਸ ਮੌਕੇ ਉੱਘੇ ਸਿੱਖਿਆ ਸ਼ਾਸਤਰੀ ਪ੍ਰੋ. ਆਰ. ਡੀ. ਸ਼ੁਕਲਾ, ਆਸਥਾ ਮੈਡੀਕਲ ਸੈਂਟਰ ਪਟਿਆਲਾ ਦੀ ਡਾਇਰੈਕਟਰ ਪ੍ਰੋ. ਆਸ਼ੀ ਸਰੀਨ ਅਤੇ ਰਾਸ਼ਟਰਪਤੀ ਪਦਕ ਨਾਲ ਸਨਮਾਨਿਤ ਪ੍ਰਸਿੱਧ ਸਮਾਜ ਸੇਵਕ ਕਰਨਲ ਕਰਮਿੰਦਰ ਸਿੰਘ (ਸੇਵਾਮੁਕਤ) ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਸਮਾਗਮ ਦੌਰਾਨ ਅਧਿਆਪਕਾਂ ਅਤੇ ਵਿਸ਼ੇਸ਼ ਮਹਿਮਾਨਾਂ ਨੂੰ ਸਿੱਖਿਆ ਅਤੇ ਅਧਿਆਪਨ ਦੇ ਖੇਤਰ ਵਿੱਚ ਪਾਏ ਸ਼ਾਨਦਾਰ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਵਿਦਿਆਰਥੀਆਂ ਵੱਲੋਂ ਇਸ ਮੌਕੇ ਰੰਗਾਰੰਗ ਅਤੇ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ। ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਵਿਦਿਆਰਥੀਆਂ ਵਿੱਚ ਗਿਆਨ, ਕਦਰਾਂ-ਕੀਮਤਾਂ, ਚਰਿੱਤਰ ਅਤੇ ਅਗਵਾਈ ਦੇ ਗੁਣ ਪੈਦਾ ਕਰਨ ਵਿੱਚ ਅਧਿਆਪਕਾਂ ਦੀ ਅਹਿਮ ਭੂਮਿਕਾ ਹੈ। ਉਨ੍ਹਾਂ ਸਿੱਖਿਆ ਫੈਕਲਟੀ ਅਤੇ ਐਜੂਕੇਅਰ ਕਲੱਬ ਵੱਲੋਂ ਅਧਿਆਪਕਾਂ ਨੂੰ ਸਮਰਪਿਤ ਸਮਾਗਮ ਕਰਵਾਉਣ ਦੀ ਸ਼ਲਾਘਾ ਕੀਤੀ।
ਸਮਾਗਮ ਦੇ ਅੰਤ ਵਿੱਚ ਯੂਨੀਵਰਸਿਟੀ ਪਰਿਵਾਰ ਵੱਲੋਂ ਅਧਿਆਪਕਾਂ ਦੀ ਅਣਥੱਕ ਮਿਹਨਤ ਅਤੇ ਸਮਾਜ ਤੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇਣ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਸਲਾਮ ਕੀਤਾ ਗਿਆ। ਅਧਿਆਪਕ ਦਿਵਸ ਦਾ ਇਹ ਸਮਾਗਮ ਅਧਿਆਪਨ ਵਿੱਚ ਉੱਤਮਤਾ ਨੂੰ ਮਾਨਤਾ ਦੇਣ ਅਤੇ ਸਤਿਕਾਰ ਤੇ ਕਦਰਦਾਨੀ ਦੀ ਸੰਸਕ੍ਰਿਤੀ ਨੂੰ ਮਜ਼ਬੂਤ ਕਰਨ ਦਾ ਸੰਦੇਸ਼ ਦੇ ਗਿਆ।


