ਚੰਡੀਗੜ੍ਹ-: 26 ਮਈ (ਮੰਗਤ ਸਿੰਘ ਸੈਦਪੁਰ) : ਸ਼੍ਰੋਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਸਰਪ੍ਰਸਤ ਸ ਰਵੀਇੰਦਰ ਸਿੰਘ ਨੇ ਇਕ ਲਿਖਤੀ ਪ੍ਰੈੱਸ ਬਿਆਨ ਵਿੱਚ ਦੋਸ਼ ਲਾਇਆ ਕਿ ਸਿੱਖ ਕੌਮ ਨੂੰ ਚਿੜਾਉਣ ਵਾਸਤੇ ਗੁਰਮੀਤ ਰਾਮ ਰਹੀਮ ਨੂੰ ਬਾਰ ਬਾਰ ਪੈਰੋਲ ਦਿੱਤੀ ਜਾ ਰਹੀ ਹੈ। ਕਿਉਂਕਿ ਗੁਰਮੀਤ ਰਾਮ ਰਹੀਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਕਲ ਕਰਨ ਵਰਗੇ ਗੁਨਾਹ ਦੇ ਨਾਲ-ਨਾਲ ਬੇਅਦਬੀ ਦੀਆਂ ਘਟਨਾਵਾਂ ਦਾ ਵੀ ਮੁੱਖ ਦੋਸ਼ੀ ਹੈ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਵੱਖ-ਵੱਖ ਜਾਂਚ ਰਿਪੋਰਟਾਂ ਤੋਂ ਇਲਾਵਾ 2015 ਵਿੱਚ ਹੋਈਆਂ ਬੇਅਦਬੀਆਂ ਦੇ ਦੋਸ਼ੀ ਉਸਦਾ ਨਾਮ ਸ਼ਰੇਆਮ ਟੀ ਵੀ ਚੈਨਲ ਉਤੇ ਲੈ ਚੁੱਕੇ ਹਨ। ਇਸਦੇ ਬਾਵਜੂਦ ਉਸਦਾ ਹੁਣ ਤੱਕ ਰਿਮਾਂਡ ਵੀ ਨਾ ਲਿਆ ਜਾਣਾ ਅਤੇ ਬਲਾਤਕਾਰ ਵਰਗੇ ਦੋਸ਼ ਵਿੱਚ ਸਜਾ ਯਾਫਤਾ ਮੁਜਰਿਮ ਨੂੰ ਇਸ ਤਰਾਂ ਸਾਲ ਵਿੱਚ ਕਈ ਵਾਰ ਪੈਰੋਲ ਦੇਣਾ, ਸਾਬਤ ਕਰਦਾ ਹੈ ਕਿ ਅਜਿਹੇ ਦੁਸ਼ਕਰਮੀ ਉਤੇ ਸਰਕਾਰਾਂ ਦੀ ਖਾਸ ਮਿਹਰਬਾਨੀ ਹੈ। ਇਕ ਪਾਸੇ ਸਿੱਖ ਬੰਦੀ ਹਨ, ਜੋ ਸਜਾਵਾਂ ਪੂਰੀਆਂ ਕਰਨ ਤੋਂ ਬਾਦ ਵੀ ਰਿਹਾ ਨਹੀਂ ਹੋ ਸਕੇ, ਇਥੋਂ ਤੱਕ ਕਿ ਆਪਣੇ ਬੁੱਢੇ ਮਾਪਿਆਂ ਦੀ ਬੀਮਾਰੀ ਜਾਂ ਮੌਤ ਹੋਣ ‘ਤੇ ਵੀ ਜੇਲ੍ਹ ਤੋਂ ਬਾਹਰ ਨਹੀਂ ਆ ਸਕੇ। ਦੂਜੇ ਪਾਸੇ ਇਕ ਕਾਤਲ ਬਲਾਤਕਾਰੀ ਸਾਧ ਜੇਲ੍ਹ ਤੋਂ ਮਹੀਨਿਆਂ ਲਈ ਬਾਹਰ ਆਣ ਕੇ ਮਜਮੇ ਲਾਉਂਦਾ ਹੈ ਅਤੇ ਲੋਕਾਂ ਨੂੰ ਉਪਦੇਸ਼ ਦੇਂਦਾ ਹੈ। ਸ ਰਵੀਇੰਦਰ ਸਿੰਘ ਨੇ ਕਿਹਾ ਕਿ ਪੰਜਾਬ ਪੁਲਿਸ ਜੇਲ੍ਹ ਵਿੱਚੋਂ ਉਸਨੂੰ ਰਿਮਾਂਡ ਤੇ ਨਹੀਂ ਲਿਆ ਸਕੀ ਸੀ, ਕਿਉਂਕਿ ਹਰਿਆਣਾ ਸਰਕਾਰ ਉਸਦੀ ਪੁਸ਼ਤ-ਪੁਨਾਹੀ ਕਰ ਰਹੀ ਸੀ, ਪਰ ਹੁਣ ਜਦੋਂ ਉਹ ਖੁਲ੍ਹੇਆਮ ਆਪਣੇ ਮਹਿਲ ਵਿੱਚ ਪਹੁੰਚ ਰਿਹਾ ਹੈ ਤਾਂ ਬੇਅਦਬੀਆਂ ਅਤੇ ਮੌੜ ਬੰਬ ਕਾਂਡ ਵਿੱਚ ਉਸਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਜਾਂਦਾ? ਇਸਤੋਂ ਪਤਾ ਚਲਦਾ ਹੈ ਕਿ ਸਾਰੀਆਂ ਸਰਕਾਰਾਂ ਉਸਦੀ ਆਗਿਆ ਅਨੁਸਾਰ ਹੀ ਚਲ ਰਹੀਆਂ ਹਨ। ਇਹ ਪ੍ਰੈੱਸ ਬਿਆਨ ਮੀਡੀਆ ਇੰਚਾਰਜ ਸ ਤੇਜਿੰਦਰ ਸਿੰਘ ਪੰਨੂੰ ਨੇ ਜਾਰੀ ਕੀਤਾ।
Home
»
Uncategorized
»
ਸਿੱਖ ਕੌਮ ਦੇ ਯੋਧਿਆਂ ਨੂੰ ਨਹੀਂ ਦਿੱਤੀ ਜਾ ਰਹੀ ਪੈਰੋਲ ਪਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਸੌਦਾ ਸਾਧ ਰਾਮ ਰਹੀਮ ਨੂੰ ਬਾਰ-ਬਾਰ ਕੱਢਿਆ ਜਾ ਰਿਹੈ ਪੈਰੋਲ ‘ਤੇ ਜੇਲ੍ਹ ਤੋਂ ਬਾਹਰ : ਸਾਬਕਾ ਸਪੀਕਰ ਰਵੀਇੰਦਰ ਸਿੰਘ


