Translate Your Language

October 6, 2026 1:42 am

PUNPUN03583/19/1/2007-TC

PUNPUN03583/19/1/2007-TC

Home » Uncategorized » ਪੰਜਾਬ ਦੇ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਦੇ ਸਰਕਾਰੀ ਨਿਵਾਸ ਸਮੇਤ ਇਨਫੋਰਸਮੈਂਟ ਡਾਇਰਕਟੋਰੇਟ ਦੀਆਂ ਟੀਮਾਂ ਨੇ ਕਈ ਟਿਕਾਣਿਆਂ ‘ਤੇ ਕੀਤੀ ਵੱਡੀ ਛਾਪੇਮਾਰੀ…

ਪੰਜਾਬ ਦੇ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਦੇ ਸਰਕਾਰੀ ਨਿਵਾਸ ਸਮੇਤ ਇਨਫੋਰਸਮੈਂਟ ਡਾਇਰਕਟੋਰੇਟ ਦੀਆਂ ਟੀਮਾਂ ਨੇ ਕਈ ਟਿਕਾਣਿਆਂ ‘ਤੇ ਕੀਤੀ ਵੱਡੀ ਛਾਪੇਮਾਰੀ…

ਚੰਡੀਗੜ੍ਹ ਅਤੇ ਦਿੱਲੀ ਐਨਸੀਆਰ ਵਿੱਚ ਪੀਐਮਐਲਏ ਤਹਿਤ ਕੀਤੀ ਜਾ ਰਹੀ ਕਾਰਵਾਈ…
ਮੋਹਾਲੀ ਦੇ ਖਰੜ ‘ਚ ਵੀ ਨਿਤਿਨ ਗੋਹਿਲ ਅਤੇ ਪ੍ਰੀਤਪਾਲ ਸਿੰਘ ਢੀਂਢਸਾ ਦੇ ਥਾਵਾਂ ‘ਤੇ 40 ਘੰਟਿਆਂ ਤੱਕ ਚੱਲੀ ਰੇਡ ਦੇਰ ਰਾਤ ਹੋਈ ਖਤਮ 
ਚੰਡੀਗੜ੍ਹ/ਖਰੜ 9 ਮਈ (ਮੰਗਤ ਸਿੰਘ ਸੈਦਪੁਰ/ਜਗਵਿੰਦਰ ਸਿੰਘ) : ਇਨਫੋਰਸਮੈਂਟ ਡਾਇਰੈਕਟੋਰੇਟ ਦੀਆਂ ਟੀਮਾਂ ਨੇ ਕੈਬਿਨੇਟ ਮੰਤਰੀ ਸੰਜੀਵ ਅਰੋੜਾ ਦੇ ਸਰਕਾਰੀ ਨਿਵਾਸ ਸਮੇਤ ਕਈ ਥਾਵਾਂ ‘ਤੇ ਇਕੱਠੇ ਛਾਪੇਮਾਰੀ ਸ਼ੁਰੂ ਕਰ ਦਿੱਤੀ। ਸਵੇਰੇ ਕਰੀਬ 7 ਵਜੇ ਸੈਕਟਰ-2 ਸਥਿਤ ਸਰਕਾਰੀ ਕੋਠੀ ‘ਤੇ ਈਡੀ ਅਧਿਕਾਰੀਆਂ ਦਾ ਕਾਫਲਾ ਪਹੁੰਚਿਆ। ਲਗਭਗ 20 ਗੱਡੀਆਂ ਵਿਚ ਪਹੁੰਚੇ ਅਧਿਕਾਰੀਆਂ ਦੇ ਨਾਲ ਭਾਰੀ ਸੁਰੱਖਿਆ ਬਲ ਵੀ ਤਾਇਨਾਤ ਕੀਤਾ ਗਿਆ। ਸੀਆਈਏ ਅਤੇ ਸਪੈਸ਼ਲ ਫੋਰਸ ਦੇ ਕਰੀਬ ਤਿੰਨ ਦਰਜਨ ਜਵਾਨਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ। ਜਾਣਕਾਰੀ ਮੁਤਾਬਕ ਸਵੇਰੇ 7:25 ਵਜੇ ਅਧਿਕਾਰਕ ਤੌਰ ‘ਤੇ ਸਰਚ ਆਪਰੇਸ਼ਨ ਸ਼ੁਰੂ ਕੀਤਾ ਗਿਆ। ਏਜੰਸੀ ਚੰਡੀਗੜ੍ਹ ਅਤੇ ਦਿੱਲੀ-ਐਨਸੀਆਰ ਵਿਚ ਸੰਜੀਵ ਅਰੋੜਾ ਅਤੇ ਉਨ੍ਹਾਂ ਨਾਲ ਜੁੜੇ ਸਹਿਯੋਗੀਆਂ ਦੇ ਕੁੱਲ ਚਾਰ ਟਿਕਾਣਿਆਂ ‘ਤੇ ਜਾਂਚ ਕਰ ਰਹੀ ਹੈ। ਸੂਤਰਾਂ ਅਨੁਸਾਰ ਇਹ ਕਾਰਵਾਈ ਦੋ ਦਿਨ ਪਹਿਲਾਂ ਸ਼ੁਰੂ ਹੋਈ ਵੱਡੀ ਜਾਂਚ ਦਾ ਵਿਸਥਾਰ ਮੰਨੀ ਜਾ ਰਹੀ ਹੈ, ਜਿਸ ਵਿਚ ਬਿਲਡਰ ਅਜੈ ਸਹਿਗਲ, ਮੋਹਿੰਦਰ ਸਿੰਘ ਅਤੇ ਹੋਰ ਕਾਰੋਬਾਰੀਆਂ ਦੇ ਥਾਵਾਂ ‘ਤੇ ਵੀ ਛਾਪੇਮਾਰੀ ਹੋਈ ਸੀ। ਬਿਲਡਰ ਨੈੱਟਵਰਕ ਨਾਲ ਜੁੜ ਰਹੀਆਂ ਜਾਂਚ ਦੀਆਂ ਕੜੀਆਂ ਸੂਤਰਾਂ ਦੇ ਮੁਤਾਬਕ ਦੋ ਦਿਨ ਪਹਿਲਾਂ ਪੰਜਾਬ ਅਤੇ ਦਿੱਲੀ ਐਨਸੀਆਰ ਵਿਚ ਬਿਲਡਰ ਅਤੇ ਕਾਰੋਬਾਰੀ ਨੈੱਟਵਰਕ ਨਾਲ ਜੁੜੇ ਲੋਕਾਂ ਖ਼ਿਲਾਫ਼ ਈਡੀ ਨੇ ਵੱਡੀ ਕਾਰਵਾਈ ਸ਼ੁਰੂ ਕੀਤੀ ਸੀ। ਹੁਣ ਉਸ ਜਾਂਚ ਦੀਆਂ ਕੜੀਆਂ ਸੰਜੀਵ ਅਰੋੜਾ ਅਤੇ ਉਨ੍ਹਾਂ ਦੇ ਕਰੀਬੀਆਂ ਤੱਕ ਪਹੁੰਚਦੀਆਂ ਨਜ਼ਰ ਆ ਰਹੀਆਂ ਹਨ। ਜਾਂਚ ਏਜੰਸੀ ਕਥਿਤ ਮਨੀ ਲਾਂਡਰਿੰਗ, ਸ਼ੱਕੀ ਲੈਣ-ਦੇਣ ਅਤੇ ਕੰਪਨੀਆਂ ਨਾਲ ਜੁੜੇ ਵਿੱਤੀ ਰਿਕਾਰਡ ਖੰਗਾਲ ਰਹੀ ਹੈ। ਅਧਿਕਾਰੀਆਂ ਨੇ ਫਿਲਹਾਲ ਕਿਸੇ ਨਤੀਜੇ ‘ਤੇ ਪਹੁੰਚਣ ਤੋਂ ਇਨਕਾਰ ਕੀਤਾ ਹੈ, ਪਰ ਲਗਾਤਾਰ ਵਧ ਰਹੀ ਛਾਪੇਮਾਰੀ ਤੋਂ ਇਹ ਸਾਫ਼ ਹੈ ਕਿ ਜਾਂਚ ਦਾ ਦਾਇਰਾ ਹੁਣ ਕਾਫ਼ੀ ਵੱਡਾ ਹੋ ਚੁੱਕਾ ਹੈ।ਇਕ ਮਹੀਨੇ ਵਿਚ ਦੂਜੀ ਵਾਰ, ਇਕ ਸਾਲ ਵਿਚ ਤੀਜੀ ਰੇਡ ਕੀਤੀ ਹੈ। ਇਸ ਕਾਰਵਾਈ ਦੇ ਸਮਾਂਤਰ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਖਰੜ ਸਥਿਤ ਵੈਸਟਰਨ ਟਾਵਰ ਦੀ 9ਵੀਂ ਮੰਜ਼ਿਲ ‘ਤੇ ਚੱਲ ਰਹੀ ਈਡੀ ਦੀ ਰੇਡ ਵੀ ਸ਼ੁੱਕਰਵਾਰ ਦੇਰ ਰਾਤ ਖਤਮ ਹੋ ਗਈ। ਇਹ ਸਰਚ ਆਪਰੇਸ਼ਨ ਕਰੀਬ 40 ਘੰਟਿਆਂ ਤੱਕ ਚੱਲਿਆ। ਕਾਰੋਬਾਰੀ ਨਿਤਿਨ ਗੋਹਿਲ ਅਤੇ ਪ੍ਰੀਤਪਾਲ ਸਿੰਘ ਢੀਂਢਸਾ ਦੇ ਘਰਾਂ ਅਤੇ ਦਫ਼ਤਰਾਂ ‘ਚ ਲਗਾਤਾਰ ਜਾਂਚ ਜਾਰੀ ਰਹੀ। ਸੂਤਰਾਂ ਮੁਤਾਬਕ ਪ੍ਰੀਤਪਾਲ ਸਿੰਘ ਢੀਂਢਸਾ ਦੇ ਘਰ ਤੋਂ ਈਡੀ ਦੀ ਟੀਮ ਰਾਤ ਕਰੀਬ 11 ਵਜੇ ਨਿਕਲੀ, ਜਦਕਿ ਨਿਤਿਨ ਗੋਹਿਲ ਦੇ ਇੱਥੇ ਕਾਰਵਾਈ ਦੇਰ ਰਾਤ 12:30 ਤੋਂ 1 ਵਜੇ ਦਰਮਿਆਨ ਖਤਮ ਹੋਈ। ਹਾਲਾਂਕਿ ਅਧਿਕਾਰੀਆਂ ਵੱਲੋਂ ਕਿਸੇ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਈਡੀ ਅਧਿਕਾਰੀ ਕਈ ਬੈਗ ਅਤੇ ਦਸਤਾਵੇਜ਼ ਆਪਣੇ ਨਾਲ ਲੈ ਕੇ ਬਾਹਰ ਨਿਕਲੇ। ਹੁਣ ਤੱਕ ਏਜੰਸੀ ਵੱਲੋਂ ਬਰਾਮਦਗੀ, ਜ਼ਬਤੀ ਜਾਂ ਗ੍ਰਿਫ਼ਤਾਰੀ ਬਾਰੇ ਕੋਈ ਅਧਿਕਾਰਕ ਬਿਆਨ ਜਾਰੀ ਨਹੀਂ ਕੀਤਾ ਗਿਆ। ਜਿਸ ਕਾਰਨ ਮਾਮਲੇ ਨੂੰ ਲੈ ਕੇ ਸਸਪੈਂਸ ਹੋਰ ਵੱਧ ਗਿਆ ਹੈ। ਈਡੀ ਦੀ ਇਹ ਕਾਰਵਾਈ ਡੀਐਮਐਲਏ-2002 ਦੇ ਤਹਿਤ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਅਤੇ ਆਮ ਆਦਮੀ ਪਾਰਟੀ ਨੇ ਈਡੀ ਦੀ ਇਸ ਕਾਰਵਾਈ ਨੂੰ ਰਾਜਨੀਤਿਕ ਬਦਲੇ ਦੀ ਕਾਰਵਾਈ ਕਰਾਰ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਕੇਂਦਰ ਸਰਕਾਰ ਅਤੇ ਬੀਜੇਪੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੰਜੀਵ ਅਰੋੜਾ ਦੇ ਘਰ ਇਕ ਸਾਲ ਵਿਚ ਤੀਜੀ ਵਾਰ ਅਤੇ ਇੱਕ ਮਹੀਨੇ ਵਿਚ ਦੂਜੀ ਵਾਰ ਈਡੀ ਪਹੁੰਚੀ ਹੈ, ਪਰ ਹੁਣ ਤੱਕ ਕੁਝ ਵੀ ਨਹੀਂ ਮਿਲਿਆ। ਉਨ੍ਹਾਂ ਲਿਖਿਆ ਕਿ ਪੰਜਾਬ ਗੁਰੂਆਂ ਅਤੇ ਸ਼ਹੀਦਾਂ ਦੀ ਧਰਤੀ ਹੈ। ਜਿਸ ਨੂੰ ਕੋਈ ਵੀ ਤਾਕਤ ਝੁਕਾ ਨਹੀਂ ਸਕਦੀ। ਮਾਨ ਨੇ ਦੋਸ਼ ਲਗਾਇਆ ਕਿ ਈਡੀ ਅਤੇ ਬੀਜੇਪੀ ਮਿਲ ਕੇ ਵਿਰੋਧੀ ਨੇਤਾਵਾਂ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਮੁੱਖ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਸੂਬੇ ਦੀ ਰਾਜਨੀਤੀ ਹੋਰ ਗਰਮਾ ਗਈ ਹੈ।

Leave a Reply

Your email address will not be published. Required fields are marked *