ਚੰਡੀਗੜ੍ਹ 24 ਅਪ੍ਰੈਲ (ਮੰਗਤ ਸਿੰਘ ਸੈਦਪੁਰ) : ਰਾਜਧਾਨੀ ਦਿੱਲੀ ਦੇ ਨਾਲ਼ ਲੱਗਦੇ ਖੇਤਰਾਂ ਵਿੱਚ ਉੱਠ ਰਹੇ ਮਜਦੂਰਾਂ ਦੇ ਇਸ ਸੰਘਰਸ਼ ਨੇ ਮਜਦੂਰ ਲਹਿਰ ਦੀ ਖੜੋਤ ਟੁੱਟਣ ਦੇ ਸੰਕੇਤ ਦਿੱਤੇ ਹਨ। ਬੇਸ਼ੱਕ ਇਹ ਸੰਘਰਸ਼ ਆਪ-ਮੁਹਾਰੇ ਉੱਠ ਰਹੇ ਹਨ ਪਰ ਇਹਨਾਂ ਪਿੱਛੇ ਕਈ ਦਹਾਕਿਆਂ ਦੀ ਸਰਮਾਏਦਾਰਾ ਲੁੱਟ-ਜਬਰ ਖਿਲਾਫ ਮਜਦੂਰਾਂ ਦਾ ਗੁੱਸਾ ਹੈ । ਪਿਛਲੇ ਸਾਲ ਚਾਰ ਕਿਰਤ ਕੋਡ ਲਿਆ ਕੇ ਮਜਦੂਰ ਵਿਰੋਧੀ ਸੋਧਾਂ ਕੀਤੀਆਂ ਗਈਆਂ ਤੇ ਸਰਮਾਏਦਾਰਾਂ ਨੂੰ ਲੁੱਟ ਕਰਨ ਦੀ ਖੁੱਲੀ ਛੋਟ ਦੇ ਦਿੱਤੀ ਗਈ । 12-12, 14-14 ਘੰਟੇ ਕਰਕੇ ਵੀ 10-12 ਹਜਾਰ ਤਨਖਾਹ ਮਿਲਦੀ ਹੈ। ਅੱਜ ਵਧਦੀ ਮਹਿੰਗਾਈ ਵਿੱਚ ਜਿੱਥੇ ਗੈਸ ਸਿਲੰਡਰ ਸਮੇਤ ਖਾਣ-ਪੀਣ ਦੀਆਂ ਸਾਰੀਆਂ ਚੀਜਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਉੱਥੇ ਮਜਦੂਰਾਂ ਨੂੰ ਮਿਲਣ ਵਾਲ਼ੀਆਂ ਨਿਗੂਣੀਆਂ ਤਨਖਾਹਾਂ ਗੁਜਾਰੇ ਲਈ ਨਾਕਾਫੀ ਹਨ। ਇਹਨਾਂ ਸਮੱਸਿਆਵਾਂ ਦੇ ਹੱਲ ਲਈ ਮਜਦੂਰਾਂ ਨੇ ਸੰਘਰਸ਼ ਦਾ ਰਾਹ ਚੁਣਿਆ ਹੈ। ਮਜਦੂਰਾਂ ਦੇ ਇਸ ਸੰਘਰਸ਼ ਨੇ ਸਾਬਤ ਕੀਤਾ ਹੈ ਕਿ ਮਜਦੂਰਾਂ ਨੂੰ ਲੰਬੇ ਸਮੇਂ ਤੱਕ ਤਾਕਤ ਦੇ ਦਮ ‘ਤੇ ਦਬਾ ਕੇ ਨਹੀਂ ਰੱਖਿਆ ਜਾ ਸਕਦਾ। ਇਨਾ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਉਹਨਾਂ ਦੇ ਹੱਕ ‘ਚ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ, ਉਤਰਾਖੰਡ ਸਮੇਤ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਤਨਖਾਹ ਵਧਾਉਣ, 8 ਘੰਟੇ ਕੰਮ ਅਤੇ ਹੋਰਾਂ ਮੰਗਾਂ ਲਈ ਜਾਰੀ ਮਜਦੂਰਾਂ ਦੇ ਸੰਘਰਸ਼ ਦੇ ਹੱਕ ਵਿੱਚ ਤੇ ਪੁਲਸੀਆ ਰਾਹੀਂ ਜਬਰੀ ਮਜਦੂਰਾਂ ਦੇ ਸੰਘਰਸ਼ ਨੂੰ ਕੁਚਲਣ ਦੀਆਂ ਕਾਰਵਾਈਆਂ ਖਿਲਾਫ ਚੰਡੀਗੜ੍ਹ ਦੇ ਸੈਕਟਰ 17 ਪਲਾਜਾ ਵਿਖੇ ਨੌਜਵਾਨ ਭਾਰਤ ਸਭਾ ਅਤੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਰੋਸ ਮੁਜਾਹਰਾ ਕੀਤਾ ਗਿਆ। ਇਸ ਦੌਰਾਨ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਅੱਜ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੇ ਪੱਧਰ ‘ਤੇ ਆਮ ਤੌਰ ‘ਤੇ ਮਜਦੂਰਾਂ ਦੇ ਸੰਘਰਸ਼ ਚੱਲ ਰਹੇ ਹਨ। ਸੰਘਰਸ਼ ਕਰ ਰਹੇ ਮਜਦੂਰਾਂ ਨਾਲ਼ ਇੱਕਜੁੱਟਤਾ ਪ੍ਰਗਟ ਕਰਦਿਆਂ ਅਤੇ ਹਰ ਤਰ੍ਹਾਂ ਦੀ ਜਾਬਰ ਕਾਰਵਾਈ ਦੇ ਬਾਵਜੂਦ ਡਟੇ ਰਹਿਣ ਲਈ ਵਧਾਈ ਦਿੱਤੀ। ਹੜਤਾਲੀ ਮਜਦੂਰਾਂ ਦੇ ਸੰਘਰਸ਼ ਨੂੰ ਪੁਲਸੀਆਂ ਜਬਰ ਰਾਹੀ ਕੁਚਲਣ ਦੀਆਂ ਕਾਰਵਾਈਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਗ੍ਰਿਫਤਾਰ ਕੀਤੇ ਮਜਦੂਰਾਂ, ਕਾਰਕੁੰਨਾਂ, ਆਗੂਆਂ, ਪੱਤਰਕਾਰਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ। ਬੁਲਾਰਿਆਂ ਨੇ ਕਿਹਾ ਹੜਤਾਲੀ ਮਜਦੂਰਾਂ ਦੇ ਹੱਕੀ ਸੰਘਰਸ਼ ਨੂੰ ਤਰ੍ਹਾਂ-ਤਰ੍ਹਾਂ ਦੇ ਟੈਗ ਪਾਕਿਸਤਾਨੀ ਕਨੈਕਸ਼ਨ, ਦਹਿਸ਼ਤਗਰਦੀ, ਦੇਸ਼ ਖਿਲਾਫ ਹਿੰਸਾ ਆਦਿ ਦੋਸ਼ ਲਗਾ ਕੇ ਬਦਨਾਮ ਕਰਨ ਲਈ ਮੁੱਖਧਾਰਾ ਦੇ ਮੀਡੀਆ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਮਜਦੂਰਾਂ ਸਹਿਤ ਆਮ ਕਿਰਤੀ ਲੁਕਾਈ ਦੇ ਸੰਘਰਸ਼ਾਂ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਲੋਕ ਪੱਖੀ ਮੀਡੀਆ ਨੂੰ ਹੀ ਹੰਭਲਾ ਮਾਰਨਾ ਪਵੇਗਾ। ਅਸੀਂ ਮਜਦੂਰਾਂ ਦੇ ਸੰਘਰਸ਼ ਨਾਲ਼ ਡਟਕੇ ਖੜ੍ਹੇ ਹਾਂ। ਤੇ ਕਿਹਾ ਕਿ 8 ਘੰਟੇ ਦੇ ਕੰਮ ਦੇ ਕਾਨੂੰਨ ਨੂੰ ਸਾਰੇ ਕਾਰਖਾਨਿਆਂ ਵਿੱਚ ਸਖਤੀ ਨਾਲ਼ ਲਾਗੂ ਕੀਤਾ ਜਾਵੇ। ਮਜਦੂਰਾਂ ਦੀ ਤਨਖਾਹ 30,000 ਰੁਪਏ ਕੀਤੀ ਜਾਵੇ ਅਤੇ ਓਵਰਟਾਈਮ ਦਾ ਦੁੱਗਣਾ ਭੁਗਤਾਨ ਕੀਤਾ ਜਾਵੇ, ਸਮੇਤ ਮਜਦੂਰਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ ਜਾਣੀਆਂ ਚਾਹੀਦੀਆਂ ਹਨ। ਰੋਸ ਮੁਜਾਹਰੇ ਨੂੰ ਨੌਜਵਾਨ ਭਾਰਤ ਸਭਾ ਦੇ ਆਗੂ ਪੁਸ਼ਪਿੰਦਰ ਸਿੰਘ, ਪੰਜਾਬ ਸਟੂਡੈਂਟਸ (ਯੂਨੀਅਨ) ਲਲਕਾਰ ਦੀ ਆਗੂ ਸਾਰਾਹ, ਕਾਰਖਾਨਾ ਮਜਦੂਰ ਯੂਨੀਅਨ ਚੰਡੀਗੜ੍ਹ ਦੇ ਆਗੂ ਅੰਕਿਤ, ਮੁਕਤੀ ਸੰਗਰਾਮ ਮਜਦੂਰ ਮੰਚ ਵਲੋਂ ਨਮਿਤਾ, ਵਕੀਲ ਭਾਈਚਾਰੇ ਤੋਂ ਐਡਵੋਕੇਟ ਅਮਰਜੀਤ ਸਿੰਘ, ਸਟੂਡੈਂਟਸ ਫਾਰ ਸੋਸਾਇਟੀ ਤੋਂ ਸੰਦੀਪ ਸਿੰਘ, ਸਾਹਿਤ ਚਿੰਤਨ ਤੋਂ ਸਰਦਾਰਾ ਸਿੰਘ ਚੀਮਾ, ਏਐਫਡੀਆਰ ਤੋਂ ਸੰਦੀਪਾ ਨੇ ਸੰਬੋਧਨ ਕੀਤਾ। ਪੰਜਾਬ ਯੂਨੀਵਰਸਿਟੀ ਵਰਕਰ ਯੂਨੀਅਨ ਨੇ ਵੀ ਅੱਜ ਦੇ ਰੋਸ ਮੁਜਾਹਰੇ ਵਿੱਚ ਸ਼ਮੂਲੀਅਤ ਕੀਤੀ। ਬੁਲਾਰਿਆਂ ਨੇ ਕਿਹਾ ਸੰਘਰਸ਼ੀਲ ਮਜਦੂਰਾਂ ਦਾ ਸਾਥ ਦਿੰਦਿਆਂ ਚੰਡੀਗੜ੍ਹ ਤੇ ਪੰਜਾਬ ਸਮੇਤ ਦੇਸ਼ ਦੇ ਹੋਰਾਂ ਹਿੱਸਿਆਂ ਕੰਪਨੀਆਂ/ਕਾਰਖਾਨਿਆਂ ਦੇ ਮਜਦੂਰਾਂ ਨੂੰ ਵੀ ਸੰਘਰਸ਼ ਦੇ ਮੈਦਾਨ ਵਿੱਚ ਉਤਰਨਾ ਚਾਹੀਦਾ ਹੈ।