ਇੰਡੀਅਨ ਸਟੇਟ ‘ਚ ਮੁਨਾਫਾਖੋਰੀ ਲਈ ਤੇਲ, ਸਾਬਣ ਆਦਿ ਦੀ ਮਸ਼ਹੂਰੀਆਂ ‘ਚ ਅਕਸਰ ਹੀ ਜਿਸਮ ਦਿਖਾਉਂਦੀਆਂ ਔਰਤਾਂ ਨੂੰ ਨਾਲ਼ ਖੜ੍ਹਾ ਦਿੱਤਾ ਜਾਂਦਾ.?
ਪੰਜਾਬ ਯੂਨੀਵਰਸਿਟੀ ਚ ਕੌਮਾਂਤਰੀ ਮਜਦੂਰ ਔਰਤ ਦਿਹਾੜੇ ਨੂੰ ਸਮਰਪਿਤ ਔਰਤ ਮੁਕਤੀ ਦੀ ਲੜਾਈ ਸਬੰਧੀ ਵੇਖਿਆ ਗਾਈਆਂ ਕਵਿਤਾਵਾਂ, ਇਤਿਹਾਸਕ ਤੱਥ, ਤੁੱਕਾਂ ਆਦਿ ਪੋਸਟਰਾਂ ‘ਤੇ…
ਚੰਡੀਗੜ੍ਹ 8 ਮਾਰਚ (ਮੰਗਤ ਸਿੰਘ ਸੈਦਪੁਰ) : ਕੌਮਾਂਤਰੀ ਮਜਦੂਰ ਔਰਤ ਦਿਹਾੜੇ ਮੌਕੇ ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਲੜਕੀਆਂ ਦੇ ਹੋਸਟਲ ਨੰ. 3 ਦੇ ਬਾਹਰ ਹੱਥ ਲਿਖਤ ਪੋਸਟਰਾਂ ਅਤੇ ਅਗਾਂਹਵਧੂ ਕਿਤਾਬਾਂ ਦੀ ਨੁਮਾਇਸ਼ ਲਾਈ ਗਈ। ਇਸ ਮੌਕੇ ਕੌਮਾਂਤਰੀ ਮਜਦੂਰ ਔਰਤ ਦਿਹਾੜੇ ਦੇ ਸ਼ਾਨਾਮੱਤੇ ਇਤਿਹਾਸ ਨੂੰ ਯਾਦ ਕਰਦਿਆਂ ਅੱਜ ਦੇ ਸਮਾਜ ਵਿੱਚ ਔਰਤਾਂ ਨਾਲ਼ ਹੁੰਦੇ ਵਿਤਕਰੇ ਅਤੇ ਜੁਲਮ ਬਾਰੇ ਗੱਲ ਕੀਤੀ ਗਈ। ਆਪਣੇ ਸਮਾਜਕ ਢਾਂਚੇ ਵਿੱਚ ਔਰਤਾਂ ਨੂੰ ਬਚਪਨ ਤੋਂ ਹੀ ਅਧੀਨਗੀ ਸਿਖਾਈ ਜਾਂਦੀ ਹੈ। ਘਰਾਂ ਤੋਂ ਲੈ ਕੇ ਸਕੂਲਾਂ ਵਿੱਚ ਮੁੰਡਿਆਂ ਨੂੰ ਵੱਧ ਤਵੱਜੋ ਦਿੱਤੀ ਜਾਂਦੀ ਹੈ, ਅਤੇ ਲੜਕੀਆਂ ਨੂੰ ਵਿਆਹ ਅਤੇ ਘਰੇਲੂ ਫਿਕਰਾਂ ਤੱਕ ਸੀਮਤ ਕਰ ਦਿੱਤਾ ਜਾਂਦਾ ਹੈ। ਅਜੇ ਵੀ ਔਰਤਾਂ ਦੇ ਵੱਡੇ ਹਿੱਸੇ ਨੂੰ ਉਚੇਰੀ ਸਿੱਖਿਆ ਤੋਂ ਵਾਂਝਾ ਰੱਖਿਆ ਜਾਂਦਾ ਹੈ ਅਤੇ ਘਰਾਂ ਦੀ ਚਾਰਦੀਵਾਰੀ ਵਿੱਚ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ। ਦੂਜੇ ਪਾਸੇ ਕਿਰਤੀ ਔਰਤਾਂ ਨੂੰ ਦੂਹਰੀ ਗੁਲਾਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮਰਦ ਪ੍ਰਧਾਨ ਸਮਾਜ ਵਿੱਚ ਘਰ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਉਹਨਾਂ ਦੇ ਮੋਢਿਆਂ ਉੱਤੇ ਆ ਡਿੱਗਦੀਆਂ ਹਨ ਅਤੇ ਘਰੋਂ ਬਾਹਰ ਉਹਨਾਂ ਦੀ ਆਰਥਿਕ ਲੁੱਟ ਕੀਤੀ ਜਾਂਦੀ ਹੈ। ਔਰਤਾਂ ਦੇ ਸਰੀਰ ਨੂੰ ਭੋਗਣ ਦੀ ਵਸਤੂ ਸਮਝਿਆ ਜਾਂਦਾ ਹੈ ਅਤੇ ਰੋਜ ਹੀ ਅਨੇਕਾਂ ਦਰਿੰਦਗੀ ਭਰੇ ਅਪਰਾਧਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ। ਔਰਤਾਂ ਦੇ ਜਿਸਮ ਨੂੰ ਮੁਨਾਫਾਖੋਰੀ ਲਈ ਇਸਤੇਮਾਲ ਕਰਨ ਲਈ ਤੇਲ, ਸਾਬਣ ਆਦਿ ਦੀ ਮਸ਼ਹੂਰੀਆਂ ਵਿੱਚ ਵੀ ਅਕਸਰ ਹੀ ਔਰਤਾਂ ਨੂੰ ਨਾਲ਼ ਖੜ੍ਹਾ ਕਰ ਦਿੱਤਾ ਜਾਂਦਾ ਹੈ ਤਾਂ ਕਿ ਵਸਤੂ ਦੀ ਵਿਕਰੀ ਹੋਰ ਵਧੇ। ਅਜਿਹੀਆਂ ਹਾਲਤਾਂ ਦੇ ਵਿੱਚ ਔਰਤਾਂ ਦਾ ਜੀਵਨ ਅਨੇਕਾਂ ਮੁਸ਼ਕਲਾਂ ਨਾਲ਼ ਘਿਰਿਆ ਰਹਿੰਦਾ ਹੈ। ਇਤਿਹਾਸ ਵਿੱਚ ਔਰਤਾਂ ਨੂੰ ਬਰਾਬਰੀ ਦੇ ਹੱਕ ਥਾਲੀ ਵਿੱਚ ਪਰੋਸ ਕੇ ਨਹੀਂ ਦਿੱਤੇ ਗਏ, ਸਗੋਂ ਔਰਤਾਂ ਨੇ ਆਪ ਸੰਘਰਸ਼ਾਂ ਦੇ ਰਾਹੇ ਬਰਾਬਰ ਹੱਕ ਹਾਸਲ ਕੀਤੇ। ਵੋਟ ਪਾਉਣ ਦਾ ਹੱਕ, ਬਰਾਬਰ ਕੰਮ ਦੀ ਬਰਾਬਰ ਤਨਖਾਹ ਦਾ ਹੱਕ, ਸਰੀਰਕ ਸ਼ੋਸ਼ਣ ਖਿਲਾਫ ਕਾਨੂੰਨ ਆਦਿ ਦੇ ਹੱਕ ਔਰਤਾਂ ਨੇ ਸਰਕਾਰਾਂ ਨਾਲ਼ ਆਢਾ ਲਾ ਕੇ ਲਏ। ਪਰ ਅਜੇ ਵੀ ਬਰਾਬਰੀ ਦੀ ਲੜਾਈ ਅਧੂਰੀ ਹੈ। ਕਈ ਹੱਕ ਅਜੇ ਸਿਰਫ ਕਾਗਜਾਂ ਵਿੱਚ ਦਿਸਦੇ ਹਨ। ਪਰ ਅਮਲ ਵਿੱਚ ਉਹਨਾਂ ਨੂੰ ਲਾਗੂ ਨਹੀਂ ਕੀਤਾ ਜਾਂਦਾ। ਇਸਦਾ ਕਾਰਨ ਅਜੋਕਾ ਢਾਂਚਾ ਹੈ, ਤਾਂ ਔਰਤਾਂ ਦੀ ਮੁਕਤੀ ਦੀ ਲੜਾਈ, ਸਮਾਜ ਨੂੰ ਬਦਲਣ ਦੀ ਲੜਾਈ ਹੈ। ਕੌਮਾਂਤਰੀ ਮਜਦੂਰ ਔਰਤ ਦਿਹਾੜੇ ਨੂੰ ਸਮਰਪਿਤ ਜਥੇਬੰਦੀ ਦੇ ਕਾਰਕੁੰਨਾਂ ਵੱਲੋਂ ਪੋਸਟਰਾਂ ਉੱਤੇ ਔਰਤ ਮੁਕਤੀ ਦੀ ਲੜਾਈ ਸਬੰਧੀ ਕਵਿਤਾਵਾਂ, ਇਤਿਹਾਸਕ ਤੱਥ, ਟੂਕਾਂ ਆਦਿ ਲਿਖੀਆਂ ਗਈਆਂ ਸਨ। ਜਿਹਨਾਂ ਨੂੰ ਵਿਦਿਆਰਥੀਆਂ ਨੇ ਬਹੁਤ ਪਸੰਦ ਕੀਤਾ। ਯੂਨੀਵਰਸਿਟੀ ਵਿੱਚ ਲੜਕੀਆਂ ਨਾਲ਼ ਹੁੰਦੇ ਵਿਤਕਰੇ ਬਾਰੇ ਗੱਲ ਕਰਦਿਆਂ ਇਸ ਸਮੱਸਿਆ ਨੂੰ ਪੂਰੇ ਸਮਾਜ ਦੀ ਗੈਰ-ਬਰਾਬਰਤਾ ਨਾਲ਼ ਜੋੜਿਆ ਗਿਆ ਅਤੇ ਇਸ ਨੁਕਤੇ ਉੱਤੇ ਗੱਲ ਕੀਤੀ ਗਈ ਕਿ ਸਮਾਜਕ ਅਤੇ ਆਰਥਕ ਢਾਂਚੇ ਦੀ ਬੁਨੀਆਦ ਬਦਲੇ ਬਿਨ੍ਹਾਂ ਅਸੀਂ ਅਜਾਦ ਨਹੀਂ ਹੋ ਸਕਦੇ। ਵਿਦਿਆਰਥੀਆਂ ਨੇ ਜਥੇਬੰਦੀ ਦੇ ਇਸ ਉਪਰਾਲੇ ਨੂੰ ਬਹੁਤ ਸਰਾਹਿਆ।


