ਹਮਲਾਵਰਾਂ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾਂ ਕੀਤੀਆਂ ਗਠਿਤ ਜਲਦ ਕੀਤਾ ਜਾਵੇਗਾ ਗਿ੍ਫਤਾਰ : ਡੀਆਈਜੀ ਨਾਨਕ ਸਿੰਘ
ਸਾਹਿਬਜ਼ਾਦਾ ਅਜੀਤ ਸਿੰਘ ਨਗਰ 28 ਜਨਵਰੀ (ਮੰਗਤ ਸਿੰਘ ਸੈਦਪੁਰ) : ਮੋਹਾਲੀ ਸ਼ਹਿਰ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ‘ਚ ਅਣਸੁਖਾਵੀਂਆਂ ਘਟਨਾਵਾਂ ਦਿਨੋ-ਦਿਨ ਵੱਧ ਰਹੀਆਂ ਹਨ। ਹਫਤੇ ਚ ਇੱਕ ਦੋ ਘਟਨਾਵਾਂ ਇਹੋ ਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਅਣਗੌਲਿਆ ਨਹੀਂ ਕੀਤਾ ਜਾ ਸਕਦਾ। ਪਿਛਲੇ ਦਿਨ ਹੀ ਸੋਹਾਣਾ ਵਿਖੇ ਕਬੱਡੀ ਕੱਪ ਦੌਰਾਨ ਕਬੱਡੀ ਕੋਚ ਰਾਣਾ ਬਲਾਚੌਰੀਆ ਦਾ ਕਤਲ ਸ਼ਰੇਆਮ ਹੋਇਆ ਸੀ। ਉਸ ਤੋਂ ਇਲਾਵਾ ਘਰ ਵਿੱਚ ਰਹਿ ਰਹੇ ਬਿਹਾਰੀ ਨੌਕਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਲੁੱਟ ਖੋਹ ਦੇ ਇਰਾਦੇ ਨਾਲ ਇੱਕ ਔਰਤ ਦਾ ਕਤਲ ਕਰ ਦਿੱਤਾ ਸੀ। ਜਦੋਂ ਕਿ ਸ਼ਹਿਰ ਵਿੱਚ ਔਰਤਾਂ ਦੀਆਂ ਚਾਨੀਆਂ ਖੋਹਣਾ ਅਤੇ ਹੋਰ ਨਿੱਕੀਆਂ-ਮੋਟੀਆਂ ਘਟਨਾਵਾਂ ਆਮ ਵਾਪਰਦੀਆਂ ਰਹਿੰਦੀਆਂ ਹਨ। ਇਸ ਦੌਰਾਨ ਪਿੰਡ ਸੋਹਾਣਾ ਵਿਖੇ ਸ. ਸਰਬਜੀਤ ਸਿੰਘ ਬੈਦਵਾਣ ਸੋਹਾਣਾ ਦੇ ਘਰੋਂ ਬੀਤੇ ਦਿਨੀਂ ਤੜਕੇ 3.30 ਵਜੇ ਉਹਨਾਂ ਦੀ ਬਲੈਰੋ ਗੱਡੀ ਪੀਬੀ 65-ਡੀ 0011 ਚੋਰੀ ਕੀਤੀ ਗਈ। ਜਿਸ ਦਾ ਅੱਜ ਤੱਕ ਵੀ ਕੋਈ ਸੁਰਾਗ ਨਹੀਂ ਮਿਲਿਆ। ਉਹਨਾਂ ਦੱਸਿਆ ਕਿ ਜਦੋਂ ਚੋਰ ਗੱਡੀ ਚੋਰੀ ਕਰ ਰਹੇ ਸਨ ਤਾਂ ਉਹਨਾਂ ਨੇ ਮੂੰਹ ਲਕੋਏ ਹੋਏ ਸਨ ਅਤੇ ਗੱਡੀ ਦੀ ਲੋਕੇਸ਼ਨ ਜ਼ੀਰਕਪੁਰ ਤੱਕ ਮਿਲੀ ਸੀ। ਪ੍ਰੰਤੂ ਫਿਲਹਾਲ ਉਹਨਾਂ ਲਈ ਚੋਰੀ ਹੋਈ ਗੱਡੀ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਾ। ਇਹੋ ਜਿਹੀਆਂ ਸ਼ਰੇਆਮ ਤੇ ਬੇਖੌਫ ਵਾਪਰ ਰਹੀ ਘਟਨਾਵਾਂ ਕਾਰਨ ਮੋਹਾਲੀ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਦਹਿਸ਼ਤ ਦਾ ਮਾਹੌਲ ਬਣਿਆ ਰਹਿੰਦਾ ਹੈ। ਪ੍ਰੰਤੂ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਮੋਹਾਲੀ ਚ ਬੁੱਧਵਾਰ ਦੁਪਹਿਰ ਵਾਪਰੀ ਹੈ ਉਸ ਨ ਮੋਹਾਲੀ ਸੁਰੱਖਿਆ ਪ੍ਰਬੰਧਾਂ ਉੱਤੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਜਦੋਂ ਐਸਐਸਪੀ ਦਫਤਰ ਦੇ ਗੇਟ ਨਜ਼ਦੀਕ ਅਣਪਛਾਤੇ ਹਮਲਾਵਰਾਂ ਨੇ ਇੱਕ ਨੌਜਵਾਨ ‘ਤੇ ਤਬੜਤੋੜ ਗੋਲੀਆਂ ਚਲਾ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਗੋਲੀਆਂ ਲੱਗਣ ਕਾਰਨ ਨੌਜਵਾਨ ਗੁਰਵਿੰਦਰ ਸਿੰਘ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਘਟਨਾ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਫਾਇਰਿੰਗ ਦੀ ਸੂਚਨਾ ਮਿਲਦੇ ਹੀ ਥਾਣਾ ਸੋਹਾਣਾ ਦੀ ਪੁਲਿਸ ਅਤੇ ਉਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਸੁਰੱਖਿਆ ਦੇ ਮੱਦੇਨਜ਼ਰ ਕੁਝ ਸਮੇਂ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਸਾਰੇ ਗੇਟ ਬੰਦ ਕਰ ਦਿੱਤੇ ਗਏ ਅਤੇ ਆਵਾਜਾਈ ਰੋਕ ਦਿੱਤੀ ਗਈ। ਪੁਲਿਸ ਨੇ ਮੌਕੇ ਤੋਂ ਸਬੂਤ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਹਮਲਾਵਰਾਂ ਦੀ ਭਾਲ ਲਈ ਨਾਕਾਬੰਦੀ ਕਰ ਦਿੱਤੀ ਗਈ ਹੈ। ਡੀਆਈਜੀ ਨਾਨਕ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗੁਰਵਿੰਦਰ ਸਿੰਘ ਆਪਣੇ ਵਿਰੁੱਧ ਦਰਜ ਅਫੀਮ ਦੇ ਇੱਕ ਮਾਮਲੇ ਵਿੱਚ ਮੋਹਾਲੀ ਆਇਆ ਹੋਇਆ ਸੀ। ਅਦਾਲਤ ਅਤੇ ਪ੍ਰਬੰਧਕੀ ਕੰਪਲੈਕਸ ਦੇ ਬਾਹਰ ਨਿਕਲਦੇ ਹੀ ਅਣਪਛਾਤੇ ਹਮਲਾਵਰਾਂ ਨੇ ਉਸ ‘ਤੇ ਗੋਲੀਆਂ ਚਲਾ ਕੇ ਹੱਤਿਆ ਕਰ ਦਿੱਤੀ। ਹਮਲਾਵਰ ਨੂੰ ਟਰੇਸ ਕਰਨ ਲਈ ਵੱਖ-ਵੱਖ ਟੀਮਾਂ ਗਠਿਤ ਕਰ ਦਿੱਤੀਆਂ ਗਈਆਂ ਹਨ ਅਤੇ ਜਲਦ ਗਿਰਫਤਾਰੀ ਦਾ ਦਾਅਵਾ ਕੀਤਾ ਗਿਆ ਹੈ ਸੂਤਰਾਂ ਅਨੁਸਾਰ ਗੁਰਵਿੰਦਰ ਸਿੰਘ ਅਕਸਰ ਅਦਾਲਤ ਵਿੱਚ ਪੇਸ਼ੀ ਦੌਰਾਨ ਬਿਨ੍ਹਾਂ ਇਤਲਾਹ ਦੇ ਗੈਰਹਾਜ਼ਰ ਰਹਿੰਦਾ ਸੀ। ਸੂਤਰਾਂ ਅਨੁਸਾਰ ਜਦੋਂ ਗੰਭੀਰ ਹਾਲਤ ਵਿੱਚ ਗੁਰਵਿੰਦਰ ਸਿੰਘ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਤਾਂ ਉੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਇਸ ਹੱਤਿਆ ਦੀ ਜਿੰਮੇਵਾਰੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਗੋਲਡੀ ਬਰਾੜ ਵੱਲੋਂ ਲੈਣ ਦੀ ਪੋਸਟ ਸਾਹਮਣੇ ਆਈ ਹੈ ਜਦੋਂ ਕਿ ਅਦਾਰਾ ਹੱਕ ਸੱਚ ਦਾ ‘ਪਹਿਰੇਦਾਰ’ ਇਸ ਦੀ ਪੁਸ਼ਟੀ ਨਹੀਂ ਕਰਦਾ। ਸੂਤਰਾਂ ਅਨੁਸਾਰ ਚੰਡੀਗੜ੍ਹ ਵਿਖੇ ਗੁਰਲਾਲ ਬਰਾੜ ਦੇ ਕਤਲ ਮਾਮਲੇ ਵਿੱਚ ਗੁਰਵਿੰਦਰ ਸਿੰਘ ਦੀ ਸਮੂਲੀਅਤ ਕਾਰਨ ਗੋਲਡੀ ਬਰਾੜ ਨਾਲ ਰੰਜਿਸ਼ ਸੀ। ਜਿਸ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਮਾਮਲੇ ਨੂੰ ਲੈ ਕੇ ਹੋਰ ਕੀ ਖੁਲਾਸੇ ਹੋਣਗੇ ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਇਹਨਾਂ ਘਟਨਾਵਾਂ ਕਾਰਨ ਮੋਹਾਲੀ ਸ਼ਹਿਰ ਅਤੇ ਨੇੜਲੇ ਇਲਾਕਿਆਂ ਵਿੱਚ ਵੱਡੇ ਪੱਧਰ ਤੇ ਦਹਿਸ਼ਤ ਬਣ ਚੁੱਕੀ ਹੈ।।


