5 ਸਾਲਾਂ ਤੋਂ ਲਾਪਤਾ ਸਰੂਪਾਂ ਦਾ ਇਨਸਾਫ ਲੈਣ ਲਈ ਬਲਦੇਵ ਸਿੰਘ ਬੰਡਾਲਾ ਦੀ ਅਗਵਾਈ ‘ਚ ਲੱਗਿਆ ਧਰਨਾ ਕੋਹਲੀ ਦੀ ਗਿ੍ਫਤਾਰੀ ਤੋਂ ਬਾਅਦ ਹੋਇਆ ਸਮਾਪਤ..
ਜਾਂਚ ਏਜੰਸੀਆਂ ਬਾਦਲਾਂ ਦੀਆਂ ਕੰਪਨੀਆਂ ਲਈ ਚਾਰਟਰਡ ਅਕਾਊਂਟੈਂਟ ਵਜੋਂ ਵੀ ਕੰਮ ਰਹੇ ਕੋਹਲੀ ਦੇ ਸਬੰਧਾਂ ਪ੍ਰਤੀ ਵਿੱਤੀ, ਆਮਦਨ ਦੇ ਸਰੋਤਾਂ ਅਤੇ ਲੈਣ-ਦੇਣ ਦੀ ਕਰ ਰਹੀਆਂ ਡੂੰਘਾਈ ਨਾਲ ਜਾਂਚ…
ਚੰਡੀਗੜ੍ਹ 1 ਜਨਵਰੀ (ਮੰਗਤ ਸਿੰਘ ਸੈਦਪੁਰ) : ਨਵਾਂ ਸਾਲ 2026 ਚੜਦਿਆਂ ਪਹਿਲੇ ਦਿਨ ਹੀ ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਉਦੋਂ ਵੱਡੇ ਪੱਧਰ ਤੇ ਤਰਥੱਲੀ ਮੱਚ ਗਈ ਜਦੋਂ ਅਕਾਲੀ ਦਲ ਬਾਦਲ ਦੇ ਸੁਖਬੀਰ ਸਿੰਘ ਬਾਦਲ ਦੇ ਬਹੁਤ ਹੀ ਨਜ਼ਦੀਕੀ ਸਾਥੀ ਸਤਿੰਦਰ ਸਿੰਘ ਕੋਹਲੀ ਲਾਪਤਾ 328 ਸਰੂਪਾਂ ਦੇ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ। ਜਾਣਕਾਰੀ ਅਨੁਸਾਰ ਜਾਂਚ ਏਜੰਸੀਆਂ ਨੇ ਸਤਿੰਦਰ ਕੋਹਲੀ ਨੂੰ ਪੰਚਕੂਲਾ ਤੋਂ ਹਿਰਾਸਤ ਵਿੱਚ ਲਿਆ ਹੈ। ਇਸ ਕਾਰਵਾਈ ਨੇ ਰਾਜਨੀਤਿਕ ਅਤੇ ਪੰਥਕ ਹਲਕਿਆਂ ਵਿੱਚ ਤਿੱਖੀ ਬਹਿਸ ਛੇੜ ਦਿੱਤੀ ਹੈ। ਸੂਤਰਾਂ ਅਨੁਸਾਰ, ਸਤਿੰਦਰ ਕੋਹਲੀ ਲੰਬੇ ਸਮੇਂ ਤੋਂ ਜਾਂਚ ਏਜੰਸੀਆਂ ਦੇ ਰਾਡਾਰ ‘ਤੇ ਸਨ। ਉਨ੍ਹਾਂ ‘ਤੇ ਗੰਭੀਰ ਵਿੱਤੀ ਬੇਨਿਯਮੀਆਂ ਅਤੇ ਸ਼ੱਕੀ ਲੈਣ-ਦੇਣ ਵਿੱਚ ਸ਼ਮੂਲੀਅਤ ਦਾ ਦੋਸ਼ ਹੈ। ਮੁੱਢਲੀ ਜਾਂਚ ਵਿੱਚ ਕੁਝ ਤੱਥ ਸਾਹਮਣੇ ਆਏ ਹਨ, ਜਿਸ ਦੇ ਆਧਾਰ ‘ਤੇ ਏਜੰਸੀਆਂ ਨੇ ਕੋਹਲੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ, ਗ੍ਰਿਫ਼ਤਾਰੀ ਸਬੰਧੀ ਕਿਸੇ ਵੀ ਏਜੰਸੀ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਇਹ ਵੀ ਵੱਡੇ ਪੱਧਰ ‘ਤੇ ਚਰਚਾ ਬਣੀ ਹੋਈ ਹੈ ਕਿ ਇਸ ਪੂਰੀ ਘਟਨਾ ਵਿੱਚ ਸੁਖਬੀਰ ਸਿੰਘ ਬਾਦਲ ਦਾ ਨਾਮ ਆਉਣ ਨਾਲ ਮਾਮਲਾ ਹੋਰ ਵੀ ਸੰਵੇਦਨਸ਼ੀਲ ਹੋ ਗਿਆ ਹੈ। ਨਤੀਜੇ ਵਜੋਂ ਉਨ੍ਹਾਂ ਦੇ ਨਜ਼ਦੀਕੀ ਮੰਨੇ ਜਾਂਦੇ ਇੱਕ ਵਿਅਕਤੀ ਦੀ ਗ੍ਰਿਫਤਾਰੀ ਨੇ ਰਾਜਨੀਤਿਕ ਸਮੀਕਰਣਾਂ ਨੂੰ ਹਿਲਾ ਦਿੱਤਾ ਹੈ। ਹਾਲ ਹੀ ਵਿੱਚ, ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਜਨਤਕ ਤੌਰ ‘ਤੇ ਸਤਿੰਦਰ ਕੋਹਲੀ ਬਾਰੇ ਟਿੱਪਣੀਆਂ ਕੀਤੀਆਂ ਸਨ। ਜਿਨ੍ਹਾਂ ਨੂੰ ਹੁਣ ਇਸ ਕਾਰਵਾਈ ਨਾਲ ਜੋੜਿਆ ਜਾ ਰਿਹਾ ਹੈ। ਸੂਤਰ ਦੱਸਦੇ ਹਨ ਕਿ ਸਤਿੰਦਰ ਕੋਹਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਵੀ ਜੁੜੇ ਹੋਏ ਸਨ। ਇਸ ਤੋਂ ਇਲਾਵਾ, ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਨਾਲ ਜੁੜੀਆਂ ਕੰਪਨੀਆਂ ਲਈ ਚਾਰਟਰਡ ਅਕਾਊਂਟੈਂਟ ਵਜੋਂ ਵੀ ਕੰਮ ਕੀਤਾ। ਜਾਂਚ ਏਜੰਸੀਆਂ ਹੁਣ ਇਨ੍ਹਾਂ ਵਿੱਤੀ ਸਬੰਧਾਂ, ਆਮਦਨ ਦੇ ਸਰੋਤਾਂ ਅਤੇ ਲੈਣ-ਦੇਣ ਦੀ ਡੂੰਘਾਈ ਨਾਲ ਜਾਂਚ ਕਰ ਰਹੀਆਂ ਹਨ । ਇਸ ਮਾਮਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਬਲਤੇਜ ਸਿੰਘ ਪੰਨੂ ਦਾ ਕਹਿਣਾ ਹੈ ਕਿ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਨੇ ਜਦੋਂ ਪਿਛਲੇ ਦਿਨੀ ਇੱਕ ਉਸ ਪਟੀਸ਼ਨ ਦਾ ਨਿਪਟਾਰਾ ਕੀਤਾ ਜਿਹੜੀ ਕਿ 328 ਸਰੂਪਾਂ ਨੂੰ ਲੈ ਕੇ ਸਰੂਪਾਂ ਦੇ ਗੁੰਮਸ਼ੁਦਗੀ ਨੂੰ ਲੈ ਕੇ ਦਰਜ ਕੀਤੀ ਗਈ ਸੀ ਤਾਂ ਉਸ ਦੇ ਵਿੱਚ ਹਾਈਕੋਰਟ ਨੇ ਇਹ ਗੱਲ ਕਹੀ ਸੀ ਕਿ ਇਸ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਉਸ ਤੋਂ ਬਾਅਦ ਪੰਜਾਬ ਪੁਲਿਸ ਨੇ ਐਫਆਈਆਰ ਦਰਜ ਕੀਤੀ 16 ਜਣਿਆਂ ਨੂੰ ਦੇ ਉੱਤੇ ਅਤੇ ਇੱਕ ਐਸਆਈਟੀ ਦਾ ਗਠਨ ਕੀਤਾ ਗਿਆ ਸੀ। ਉਸ ਐਸਆਈਟੀ ਨੇ ਨਵੇਂ ਸਾਲ ਦੇ ਪਹਿਲੇ ਦਿਨ ਇੱਕ ਜਨਵਰੀ ਨੂੰ ਸਵੇਰੇ ਇਸ ਸਾਰੇ ਮਾਮਲੇ ਦੀ ਇੱਕ ਅਹਿਮ ਕੜੀ ਜਿਹੜਾ ਸੀਏ ਹੈ ਸਤਿੰਦਰ ਸਿੰਘ ਕੋਲੀ ਨੂੰ ਅਰੈਸਟ ਕੀਤਾ। ਸਤਿੰਦਰ ਕੋਲੀ ਚੰਡੀਗੜ੍ਹ ਦੇ ਇੱਕ ਹੋਟਲ ਵਿੱਚ ਛੁੱਪਪ ਰਿਹਾ ਸੀ ਕਿਉਂਕਿ ਪੁਲਿਸ ਵੱਲੋਂ ਉਸ ਦੇ ਗਿਫਤਾਰੀ ਬਰੰਟ ਜਾਰੀ ਕੀਤੇ ਹੋਏ ਸਨ। ਖਾਸ ਗੱਲ ਇਹ ਹੈ ਕਿ ਜਿੰਨੇ ਲੋਕ ਨਾਮਜਦ 16 ਜਣੇ ਹਨ ਤਾਂ ਸਭ ਦੀ ਐਲਓਸੀ ਜਿਹੜੀ ਜਾਰੀ ਕੀਤੀ ਗਈ ਸੀ ਪੁਲਿਸ ਅੱਗੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਪੁਲਿਸ ਕਰ ਰਹੀ ਹੈ ਅਤੇ ਇਸ ਮਾਮਲੇ ਵਿੱਚ ਇਸ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਕਿ ਹੋਰ ਬਹੁਤ ਸਾਰੇ ਵੱਡੇ ਖੁਲਾਸੇ ਹੋਣਗੇ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਡਿਟ ਵੀ ਸਤਿੰਦਰ ਕੋਹਲੀ ਹੀ ਕਰਦਾ ਰਿਹਾ। ਮਾਮਲਾ ਬਹੁਤ ਗੰਭੀਰ ਅਤੇ ਸੰਵੇਦਨਸ਼ੀਨ ਹੈ। ਜਿਸ ਨੂੰ ਲੈ ਕੇ ਹੋਰ ਕੀ ਖੁਲਾਸੇ ਹੋਣਗੇ ਫਿਰ ਹਾਲ ਆਉਣ ਵਾਲੇ ਸਮੇਂ ‘ਚ ਹੀ ਪਤਾ ਲੱਗੇਗਾ। ਪ੍ਰੰਤੂ ਹੁਣ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸੀਨੀਅਰ ਆਗੂ ਬਲਕਾਰ ਸਿੰਘ ਭੁੱਲਰ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਅਕਾਲੀ ਦਲ ਬਾਦਲ ਸਰਕਾਰ ਵੇਲੇ ਸੌਦਾ ਸਾਧ ਰਾਮ ਰਹੀਮ ਦੇ ਚੇਲਿਆਂ ਨੇ ਸ਼ਰੇ ਆਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕੀਤੀਆਂ ਹਨ ਅਤੇ ਅਕਾਲੀ ਦਲ ਬਾਦਲ ਸਰਕਾਰ ਵੱਲੋਂ ਉਹਨਾਂ ਉੱਤੇ ਕੋਈ ਕਾਰਵਾਈ ਨਾ ਕਰਨਾ ਇਸਦੇ ਉਲਟ ਇਹਨਾਂ ਬੇਅਦਬੀਆਂ ਨੂੰ ਲੈ ਕੇ ਰੋਸ ਵਜੋਂ ਸ਼ਾਂਤਮਈ ਢੰਗ ਨਾਲ ਧਰਨੇ ਲਾਉਣ ਵਾਲੇ ਲੋਕਾਂ ਉੱਤੇ ਬਾਦਲ ਸਰਕਾਰ ਵੇਲੇ ਗੋਲੀਆਂ ਚਲਾਈਆਂ ਸੈਂਕੜੇ-ਅਨੇਕਾਂ ਹੀ ਫੱਟੜ ਹੋਏ ਅਤੇ ਦੋ ਸਿੰਘ ਸ਼ਹੀਦ ਵੀ ਹੋ ਗਏ ਸਨ। ਇਸ ਦੀ ਜਿੰਮੇਵਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਹੀ ਹੈ ਕਿਉਂਕਿ ਉਸ ਵੇਲੇ ਬਾਦਲ ਸਰਕਾਰ ਸੀ। ਆਮ ਲੋਕਾਂ ਵਿੱਚ ਇਹ ਵੀ ਚਰਚਾ ਹੈ ਕਿ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾਉਣ ਲਈ ਅਤੇ ਸੌਦਾ ਸਾਧ ਰਾਮ ਰਹੀਮ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਵਾਲਾ ਸਵਾਂਗ ਰਚਾਉਣ ਦੇ ਦੋਸ਼ ਦੀ ਮੁਆਫੀ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖਜਾਨੇ ਵਿੱਚੋਂ 90 ਲੱਖ ਰੁਪਏ ਦੇ ਬਾਦਲ ਸਰਕਾਰਾਂ ਦੀ ਗੁਲਾਮੀ ਹੇਠ ਚੱਲ ਰਹੇ ਸਰਕਾਰੀ ਅਖਬਾਰਾਂ ਨੂੰ ਇਸ਼ਤਿਹਾਰ ਦੇ ਕੇ ਲੋਕਾਂ ਵਿੱਚ ਇਹ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਕਿ ਸੌਦਾ ਸਾਧ ਰਾਮ ਰਹੀਮ ਬੇਗੁਨਾਹ ਹੈ। ਜਦੋਂ ਕਿ ਦੇਸ਼-ਵਿਦੇਸ਼ਾਂ ਦੀਆਂ ਸਿੱਖ ਸੰਗਤਾਂ ਦੇ ਹਿਰਦੇ ਇਨਾਂ ਅਸਹਿ ਘਟਨਾਵਾਂ ਨਾਲ ਬਲੂੰਦਰੇ ਗਏ ਸਨ। ਖਾਸ ਗੱਲ ਇਹ ਹੈ ਕਿ 328 ਸਰੂਪਾਂ ਦੇ ਮਾਮਲੇ ਨੂੰ ਲੈ ਕੇ ਭਾਈ ਬਲਦੇਵ ਸਿੰਘ ਬੰਡਾਲਾ ਦੀ ਅਗਵਾਈ ਹੇਠ ਲਗਭਗ ਪੰਜ ਸਾਲਾਂ ਤੋਂ ਇਨਸਾਫ ਲੈਣ ਲਈ ਧਰਨਾ ਲੱਗਿਆ ਹੋਇਆ ਸੀ ਜੋ ਕਿ ਸਤਿੰਦਰ ਸਿੰਘ ਕੋਹਲੀ ਦੀ ਗਿਰਫਤਾਰੀ ਤੋਂ ਬਾਅਦ ਅੱਜ ਖਤਮ ਕਰ ਦਿੱਤਾ ਗਿਆ ਹੈ। ਪ੍ਰੰਤੂ ਹੁਣ ਜਿਹੜਾ ਮਾਮਲਾ 328 ਸਰੂਪਾਂ ਦੇ ਗੁੰਮ ਹੋਣ ਦੇ ਵਿੱਚ ਸ਼ਰੇਆਮ ਅਕਾਲੀ ਦਲ ਬਾਦਲ ਦੇ ਨੁਮਾਇੰਦੇ ਦੋਸ਼ੀ ਸਾਹਮਣੇ ਆ ਰਹੇ ਹਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਬਾਦਲਾਂ ਦੀ ਗੁਲਾਮੀ ਹੇਠ ਕਾਰੁਜਕਾਰੀ ਕਰ ਰਹੀ ਹੈ ਪ੍ਰਤੀ ਵੀ ਸਿੱਖ ਸੰਗਤਾਂ ਵਿੱਚ ਵੱਡੇ ਪੱਧਰ ‘ਤੇ ਚਰਚਾ ਬਣੀ ਹੋਈ ਹੈ ਕਿ ਇਸ ਵਿੱਚ ਵੀ ਵੱਡੇ ਘਪਲਿਆਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਜਾਪਦੀ ਹੈ|
|


