31 ਦਸੰਬਰ ਅਤੇ 1 ਜਨਵਰੀ ਨੂੰ ਕੁਝ ਹਿੱਸਿਆਂ ‘ਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ : ਮੌਸਮ ਵਿਭਾਗ
ਚੰਡੀਗੜ੍ਹ 29 ਦਸੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਕਈ ਇਲਾਕਿਆਂ ‘ਚ ਸੰਘਣੀ ਧੁੰਦ ਅਤੇ ਸੀਤ ਲਹਿਰ ਨੇ ਆਮ ਜਨਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੋਇਆ ਹੈ। ਸਵੇਰੇ ਅਤੇ ਦੇਰ ਰਾਤ ਹਾਲਾਤ ਇਹੋ ਜਿਹੇ ਹੋ ਜਾਂਦੇ ਹਨ ਕਿ ਸੜਕਾਂ ਉੱਤੇ ਵਾਹੀ ਕਲਾ ਨੂੰ ਬਹੁਤ ਹੀ ਹੌਲੀ ਸਪੀਡ ਅਤੇ ਧਿਆਨ ਨਾਲ ਚਲਾਉਣਾ ਪੈਂਦਾ ਹੈ। 24 ਘੰਟਿਆਂ ਦੌਰਾਨ ਪੰਜਾਬ ਵਿੱਚ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਦੋਵਾਂ ਵਿੱਚ ਗਿਰਾਵਟ ਆਈ ਹੈ। ਔਸਤ ਘੱਟੋ-ਘੱਟ ਤਾਪਮਾਨ 1.1 ਡਿਗਰੀ ਸੈਲਸੀਅਸ ਘਟਿਆ ਹੈ ਅਤੇ ਹੁਣ ਆਮ ਦੇ ਨੇੜੇ ਹੈ। ਸੂਬੇ ਵਿੱਚ ਸਭ ਤੋਂ ਘੱਟ ਤਾਪਮਾਨ ਫਰੀਦਕੋਟ ਵਿੱਚ 3.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।ਮੌਸਮ ਵਿਭਾਗ ਨੇ ਸਥਿਤੀ ਨੂੰ ਦੇਖਦੇ ਹੋਏ ਓਂਰਜ ਚਿਤਾਵਨੀ ਜਾਰੀ ਕੀਤੀ ਹੈ। 31 ਦਸੰਬਰ ਅਤੇ 1 ਜਨਵਰੀ ਨੂੰ ਪੰਜਾਬ ਦੇ ਕੁਝ ਹਿੱਸਿਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਮੌਸਮ ਸਾਫ਼ ਹੋਣ ਦੀ ਉਮੀਦ ਹੈ। ਮੌਸਮ ਵਿਭਾਗ ਅਨੁਸਾਰ ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਮੁਕਤਸਰ, ਬਰਨਾਲਾ, ਮਾਨਸਾ, ਸੰਗਰੂਰ, ਰੂਪਨਗਰ ਅਤੇ ਮੋਹਾਲੀ ਵਿੱਚ ਕਈ ਥਾਵਾਂ ‘ਤੇ ਸੰਘਣੀ ਧੁੰਦ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ, ਤਰਨਤਾਰਨ, ਨਵਾਂਸ਼ਹਿਰ, ਫਿਰੋਜ਼ਪੁਰ, ਫ਼ਰੀਦਕੋਟ, ਮੋਗਾ, ਬਠਿੰਡਾ ਅਤੇ ਹੁਸ਼ਿਆਰਪੁਰ ਵਿੱਚ ਧੁੰਦ ਦੇ ਨਾਲ ਸੀਤ ਲਹਿਰ ਵੀ ਛਾਈ ਰਹਿ ਸਕਦੀ ਹੈ। ਦਿੱਲੀ ਵਿੱਚ ਹਵਾ ਦੀ ਗੁਣਵੱਤਾ ਬੇਹੱਦ ਖ਼ਰਾਬ ਹੋਣ ਦੇ ਉਲਟ ਪੰਜਾਬ ਵਿੱਚ ਹਵਾ ਦੀ ਗੁਣਵੱਤਾ ਸੂਚਕ ਅੰਕ ਮੱਧਮ’ ਸ਼੍ਰੇਣੀ ਵਿੱਚ ਬਣਿਆ ਹੋਇਆ ਹੈ। ਐਤਵਾਰ ਨੂੰ ਜਿੱਥੇ ਦਿੱਲੀ ਦਾ ਔਸਤ ਗੁਣਵੱਤਾ ਸੂਚਕ ਅੰਕ 391 ਦਰਜ ਕੀਤਾ ਗਿਆ, ਜੋ ਕਿ ‘ਗੰਭੀਰ’ ਸ਼੍ਰੇਣੀ ਦੇ ਬਹੁਤ ਕਰੀਬ ਹੈ, ਉੱਥੇ ਹੀ ਪੰਜਾਬ ਦਾ ਸਮੁੱਚਾ ਗੁਣਵੱਤਾ ਸੂਚਕ ਅੰਕ 108 ਰਿਹਾ, ਜਿਸ ਵਿੱਚ ਬਠਿੰਡਾ 78 ਦੇ ਅੰਕ ਨਾਲ ਸਭ ਤੋਂ ਘੱਟ ਪ੍ਰਦੂਸ਼ਿਤ ਸ਼ਹਿਰ ਰਿਹਾ। ਫਰੀਦਕੋਟ ਅਤੇ ਗੁਰਦਾਸਪੁਰ ਵਿੱਚ ਸੀਤ ਲਹਿਰਾਂ ਦਾ ਅਨੁਭਵ ਹੋਇਆ, ਜਦੋਂ ਕਿ ਅੰਮ੍ਰਿਤਸਰ, ਆਦਮਪੁਰ, ਪਠਾਨਕੋਟ ਅਤੇ ਬਠਿੰਡਾ ਵਰਗੇ ਸ਼ਹਿਰਾਂ ਵਿੱਚ ਦ੍ਰਿਸ਼ਟੀ ਜ਼ੀਰੋ ਤੱਕ ਡਿੱਗ ਗਈ। ਲੁਧਿਆਣਾ ਵਿਚ ਦ੍ਰਿਸ਼ਟੀ ਸਿਰਫ 10 ਮੀਟਰ, ਪਟਿਆਲਾ ਵਿੱਚ 20 ਮੀਟਰ ਅਤੇ ਬਠਿੰਡਾ ਵਿੱਚ 50 ਮੀਟਰ ਦਰਜ ਕੀਤੀ ਗਈ। ਇਸ ਨਾਲ ਸੜਕੀ ਆਵਾਜਾਈ, ਰੇਲ ਸੇਵਾਵਾਂ ਅਤੇ ਹਵਾਈ ਉਡਾਣਾਂ ਵੀ ਪ੍ਰਭਾਵਿਤ ਹੋਈਆਂ।
|
|


