Home » Uncategorized » ਜਲੰਧਰ ਵਿੱਚ “ਆਵਾਜ਼-ਏ-ਕੌਮ” ਵੱਲੋਂ ਵਿਲੱਖਣ ਤੇ ਨਿਵੇਕਲਾ ਗੁਰਮਤਿ ਸਮਾਗਮ

ਜਲੰਧਰ ਵਿੱਚ “ਆਵਾਜ਼-ਏ-ਕੌਮ” ਵੱਲੋਂ ਵਿਲੱਖਣ ਤੇ ਨਿਵੇਕਲਾ ਗੁਰਮਤਿ ਸਮਾਗਮ

ਨੌਵੇਂ ਪਾਤਿਸ਼ਾਹ ਨੂੰ “ਹਿੰਦ ਦੀ ਚਾਦਰ” ਕਹਿਣਾ ਸਿੱਖਾਂ ਨੂੰ ਹਿੰਦੂ ਧਰਮ ਵਿੱਚ ਰਲਗੱਡ ਕਰਨ ਦੀ ਸਾਜ਼ਿਸ : ਭਾਈ ਹਰਜਿੰਦਰ ਸਿੰਘ 
ਸਾਡਾ ਸੱਚ “ਦੁਸ਼ਮਣ ਦੇ ਸੱਚ”ਨਾਲ ਟਕਰਾਉਂਦਾ : ਸਿੱਖ ਚਿੰਤਕ ਪ੍ਰਭਜੋਤ ਸਿੰਘ
ਨਿਹੰਗ ਸਿੰਘ ਬਾਬਾ ਅਰਵਿੰਦਰ ਸਿੰਘ ਵੱਲੋਂ ਉਭਾਰੇ ਗਏ ਵਿਸ਼ੇਸ਼ ਨੁਕਤੇ…
ਸਾਡਾ ਇਤਿਹਾਸ,ਇਤਿਹਾਸਕਾਰੀ ਤੇ ਸਿੱਖ ਪਛਾਣ ਭਾਰਤੀ ਨਜ਼ਰੀਏ ਤੋਂ ਕਿਉਂ.? ਸਮਾਗਮ ਵਿੱਚ ਸਵਾਲ ਉੱਠਿਆ 

ਕਰਮਜੀਤ ਸਿੰਘ ਚੰਡੀਗੜ੍ਹ (ਸੀਨੀਅਰ ਪੱਤਰਕਾਰ)
(ਭਾਗ ਪਹਿਲਾ)
 ਪਿਛਲੇ ਦਿਨੀਂ 29 ਨਵੰਬਰ ਨੂੰ ਜਲੰਧਰ ਦੇ ਗੁਰਦੁਆਰਾ ਡੇਰਾ ਸੰਤਗੜ੍ਹ ਵਿੱਚ ਇੱਕ ਗੁਰਮਤ ਸਮਾਗਮ ਹੋਇਆ ਜੋ ਆਪਣੇ ਆਪ ਵਿੱਚ ਵਿਲੱਖਣ,ਨਵੇਕਲਾ ਤੇ ਹੋਰਨਾਂ  ਸਮਾਗਮਾਂ ਨਾਲੋਂ ਬਿਲਕੁਲ ਵੱਖਰੀ ਕਿਸਮ ਦਾ ਸੀ। ਇਹ ਸਮਾਗਮ ਆਵਾਜ਼-ਏ- ਕੌਮ ਨਾਂ ਦੀ ਇੱਕ ਜਥੇਬੰਦੀ ਵੱਲੋਂ ਮਨਾਇਆ ਗਿਆ ਜਿਸ ਦਾ ਸਬੰਧ ਨੌਵੇਂ ਪਾਤਸ਼ਾਹ ਦੇ 350ਵੇਂ ਸ਼ਹੀਦੀ ਦਿਵਸ ਨਾਲ ਸੀ।
ਇਹ ਸਮਾਗਮ ਵਿਲੱਖਣ ਇਸ ਕਰਕੇ ਸੀ ਕਿਉਂਕਿ ਸਮਾਗਮ ਵਿੱਚ ਬੁਲਾਰਿਆਂ ਨੇ ਇਤਿਹਾਸ ਦੀਆਂ ਮਿਸਾਲਾਂ ਦੇ ਕੇ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਹਿੰਦ ਦੀ ਚਾਦਰ ਵਜੋਂ ਘੜੇ ਗਏ ਤੇ ਸਥਾਪਤ ਕੀਤੇ ਜਾ ਰਹੇ ਬਿਰਤਾਂਤ ਦੇ ਘੇਰੇ ਵਿਚੋਂ ਬਾਹਰ ਕੱਢ ਕੇ “ਸਗਲ ਸ੍ਰਿਸ਼ਟ” ਦੀ ਚਾਦਰ ਦਾ ਮੌਲਿਕ,ਖਾਲਸ ਤੇ ਨਿਰਮਲ ਬਿਰਤਾਂਤ ਸੰਗਤਾਂ ਦੇ ਸਾਹਮਣੇ ਲਿਆਂਦਾ।ਦਿਲਚਸਪ ਗੱਲ ਇਹ ਹੋਈ ਕਿ ਇਸ ਸਮਾਗਮ ਵਿੱਚ ਸਮਾਜਿਕ ਤੇ ਰਾਜਨੀਤੀ ਦੇ ਖੇਤਰ ਨਾਲ ਜੁੜੇ ਸੁਘੜ ਸਿਆਣੇ ਨਿਹੰਗ ਸਿੰਘ ਵੀ ਆਏ ਹੋਏ ਸਨ।ਬਾਬਾ ਅਰਵਿੰਦਰ ਸਿੰਘ ਟਾਂਡਾ ਨੇ ਤਾਂ ਬਹੁਤ ਡੂੰਘਾ ਉਤਰ ਕੇ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਦੀ ਵਿਆਖਿਆ ਕਰਦਿਆਂ ਹੈਰਾਨ ਕਰ ਦਿੱਤਾ।ਉਹਨਾਂ ਨੇ ਅਹਿਮ ਅਤੇ ਦਿਲਚਸਪ ਨੁਕਤਾ ਉਠਾਇਆ ਕਿ ਪੰਡਿਤ ਕਿਰਪਾ ਰਾਮ ਨੇ ਨੌਵੇਂ ਪਾਤਸ਼ਾਹ ਅੱਗੇ ਆਪਣੇ ਧਰਮ ਦੀ ਰਾਖੀ ਲਈ ਅਰਜ਼ੀ ਦਿੱਤੀ,ਪਰ ਉਹ ਬਾਈਧਾਰ ਦੇ ਹਿੰਦੂ ਰਾਜਿਆਂ ਕੋਲ ਨਹੀਂ ਗਏ ਜਿਨ੍ਹਾਂ ਕੋਲੋਂ ਉਹਨਾਂ ਨੂੰ ਕੋਈ ਆਸ ਨਹੀਂ ਸੀ ਕਿ ਉਹ ਇਸ ਔਖੀ ਘੜੀ ਵਿੱਚ ਕੁਝ ਕਰ ਸਕਦੇ ਹਨ। ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਵਿਦਿਆਰਥੀਆਂ ਨੇ ਵੀ ਇਸ ਸਮਾਗਮ ਵਿੱਚ ਵਿਸ਼ੇਸ਼ ਦਿਲਚਸਪੀ ਲਈ।
ਆਰੰਭ ਵਿੱਚ ਹੀ ਸਟੇਜ ਸਕੱਤਰ ਭਾਈ ਹਰਜਿੰਦਰ ਸਿੰਘ ਨੇ ਸਪਸ਼ਟ ਕਰ ਦਿੱਤਾ ਕਿ ਨੌਵੇਂ ਪਾਤਸ਼ਾਹ ਦੀ ਕੁਰਬਾਨੀ ਸਿਰਫ ਤੇ ਸਿਰਫ ਤਿਲਕ ਤੇ ਜੰਜੂ ਦੇ ਰਾਖੀ ਲਈ ਹੀ ਨਹੀਂ ਸੀ। ਇਸ ਸ਼ਹਾਦਤ ਦੇ ਮਾਇਨੇ ਬੜੇ ਵੱਡੇ ਹਨ।ਉਹਨਾਂ ਦੀ ਸ਼ਹਾਦਤ ਨੂੰ ਸੀਮਤ ਕਰਨਾ ਜਾਂ ਛੋਟਾ ਕਰਕੇ ਵੇਖਣਾ ਇਕ ਸਾਜਿਸ਼ ਹੈ ਜਿਸ ਦਾ ਮਨੋਰਥ ਸਾਨੂੰ ਹਿੰਦੂ ਧਰਮ ਵਿੱਚ ਰਲਗੱਡ ਕਰਨਾ ਹੈ। ਭਾਈ ਹਰਜਿੰਦਰ ਸਿੰਘ ਦੀ ਇਹ ਟਿੱਪਣੀ ਵੀ ਬੜੀ ਮਹੱਤਵਪੂਰਨ ਸੀ ਕਿ ਜਦ ਤੱਕ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦੀ ਮਹਾਨ ਸ਼ਖਸ਼ੀਅਤ ਨੂੰ ਇੱਕ “ਸਟੇਟ” ਦੀ ਤਰ੍ਹਾਂ ਨਹੀਂ ਵੇਖਦੇ ਉਦੋਂ ਤੱਕ ਸਾਨੂੰ ਕੌਮ ਦੀ ਪਰਿਭਾਸ਼ਾ,ਮਹਾਨਤਾ ਤੇ ਮਹੱਤਤਾ ਦੀ ਵੀ ਸਮਝ ਨਹੀਂ ਲੱਗ ਸਕਦੀ।ਇਸ ਲਈ ਇਹ ਸਮਾਗਮ ਉਸ ਸਮਝ ਨੂੰ,ਵਿਆਖਿਆ ਨੂੰ ਤੇ ਬਿਰਤਾਂਤ ਨੂੰ ਪਰਪੱਕ ਕਰਨ ਲਈ ਸੱਦਿਆ ਗਿਆ ਹੈ ਜਿਸ ਨੂੰ ਅੱਜ ਕੱਲ ਬਹੁਤੇ ਹੋ ਰਹੇ ਸਮਾਗਮਾਂ ਵਿੱਚ ਅਕਸਰ ਅਣਗੌਲਿਆਂ ਕੀਤਾ ਜਾ ਰਿਹਾ ਹੈ।
ਭਾਈ ਹਰਜਿੰਦਰ ਸਿੰਘ ਨੇ ਜਦੋਂ ਵਿਚਾਰਾਂ ਦਾ ਇੱਕ ਪੜੁੱਲ ਬੰਨ ਦਿੱਤਾ ਤਾਂ ਅਗਲੇ ਬੁਲਾਰਿਆਂ- ਬਾਬਾ ਅਰਵਿੰਦਰ ਸਿੰਘ,ਭਾਈ ਨੋਬਲਜੀਤ ਸਿੰਘ,ਭਾਈ ਮਨਜੀਤ ਸਿੰਘ ਅਤੇ ਭਾਈ ਪ੍ਰਭਜੋਤ ਸਿੰਘ ਨੇ ਸ਼ਹਾਦਤ ਨਾਲ ਜੁੜੇ ਹੋਰ ਕਈ ਪਹਿਲੂਆਂ ਨੂੰ ਰੋਸ਼ਨ ਕੀਤਾ।ਸਾਰਾ ਪ੍ਰੋਗਰਾਮ ਲਾਈਵ ਚੱਲ ਰਿਹਾ ਸੀ।ਪਰ ਅੱਜ ਅਸੀਂ ਸਿੱਖ ਚਿੰਤਕ ਭਾਈ ਪ੍ਰਭਜੋਤ ਸਿੰਘ ਵੱਲੋਂ ਸ਼ਹਾਦਤ ਦੀ ਜੋ ਬਹੁਪੱਖੀ  ਅਤੇ ਬਹੁਪਰਤੀ ਵਿਆਖਿਆ ਕੀਤੀ ਗਈ,ਉਸ ਨੂੰ ਹੀ ਆਪਣੇ ਵਿਚਾਰ ਦਾ ਕੇਂਦਰ ਬਣਾ ਰਹੇ ਹਾਂ।ਉਹਨਾਂ ਨੇ ਸੋਚਾਂ ਵਿੱਚ ਹਿਲਜੁਲ ਪੈਦਾ ਕਰਨ ਵਾਲੇ ਅਤੇ ਕੌਮ ਦੀਆਂ ਜ਼ਮੀਰਾਂ ਨੂੰ ਝੰਜੋੜਨ ਵਾਲੇ ਵੱਡੇ ਸਵਾਲ ਖੜੇ ਕਰਦਿਆਂ ਕਿਹਾ ਕਿ ਆਖਰਕਾਰ ਇੱਕ ਵਿਸ਼ੇਸ਼ ਧਿਰ ਵੱਲੋਂ ਅੱਜ ਕੱਲ ਸਾਰਾ ਜ਼ੋਰ ਇਸ ਗੱਲ ਉੱਤੇ ਹੀ ਕਿਉਂ ਲੱਗਾ ਹੋਇਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਹਿੰਦ ਦੀ ਚਾਦਰ ਹਨ ਅਤੇ ਉਨਾਂ ਦੀ ਸ਼ਹਾਦਤ ਹਿੰਦੂ ਧਰਮ ਦੇ ਰਾਖੀ ਲਈ ਹੀ ਹੋਈ ਸੀ?ਕਿਉਂ ਉਹਨਾਂ ਦੀ ਸ਼ਹਾਦਤ ਨੂੰ ਸੀਮਤ ਅਰਥ ਦਿੱਤੇ ਗਏ ਹਨ?ਸਾਡੇ ਬਹੁਤੇ ਆਪਣੇ ਵੀ ਇਸ ਗੁਮਰਾਹਕੁਨ ਵਿਆਖਿਆ ਦਾ ਸ਼ਿਕਾਰ ਕਿਉਂ ਹੋ ਰਹੇ ਹਨ?
ਅਸਲ ਵਿੱਚ 35 ਮਿੰਟ ਦੀ ਤਕਰੀਰ ਉਪਰੋਕਤ ਸਾਰੇ ਸਵਾਲਾਂ ਦੇ ਹੀ ਜਵਾਬ ਸਨ ਅਤੇ ਸਾਰੇ ਜਵਾਬ ਇਤਿਹਾਸਿਕ ਸੋਮਿਆਂ ਅਤੇ ਇਸ ਗੰਭੀਰ ਵਿਸ਼ੇ ਨਾਲ ਜੁੜੀਆਂ ਕਿਤਾਬਾਂ ਤੋਂ ਹੀ ਲੈ ਗਏ ਸਨ।ਇਹਨਾਂ ਸੋਮਿਆਂ ਤੋਂ ਹੀ ਪ੍ਰਭਜੋਤ ਸਿੰਘ ਸਿੱਖੀ ਦੇ ਵਿਵੇਕ ਜਜ਼ਬਿਆਂ ਦੀ ਉਸਾਰੀ ਕਰ ਰਹੇ ਸਨ।
ਪ੍ਰਭਜੋਤ ਸਿੰਘ ਦੀ ਧਾਰਨਾ ਹੈ ਕਿ ਤਥ ਯਕੀਨਨ ਬਹੁਤ ਮਹੱਤਵਪੂਰਨ ਹੁੰਦੇ ਹਨ ਪਰ ਇਸ ਦੀ ਵਿਆਖਿਆ ਬਾਰੇ ਮੌਲਿਕ ਸਮਝ ਬਣਾਉਣੀ ਉਸ ਤੋਂ ਵੀ ਕਿਤੇ ਵੱਧ ਮਹੱਤਵਪੂਰਨ ਹੁੰਦੀ ਹੈ।ਇਹ ਵੇਖਣਾ ਹੁੰਦਾ ਹੈ ਕਿ ਇਹ ਵਿਆਖਿਆ “ਆ ਕਿੱਥੋਂ” ਰਹੀ ਹੈ ਅਤੇ ਸੱਚ ਦਾ ਨਖੇੜਾ ਕਿਵੇਂ ਕਰਨਾ ਹੈ?
ਸਿੱਖ ਵਿਦਵਾਨ ਨੇ ਮਹਾਨ ਫਿਲਾਸਫਰ ਫਰੈਡਰਿਕ ਨੀਤਸੇ਼ (1801-1900)ਦਾ ਵਿਸ਼ੇਸ਼ ਹਵਾਲਾ ਦਿੱਤਾ ਜਿੱਥੇ ਉਹ ਕਹਿੰਦਾ ਹੈ ਕਿ ਸੱਚ ਨਾਂ ਦੀ ਕੋਈ ਚੀਜ਼ ਨਹੀਂ ਹੁੰਦੀ ।ਸੱਚ ਉਹ ਹੁੰਦਾ ਹੈ ਜੋ ਰਾਜਨੀਤਿਕ ਸੱਤਾ ਸਥਾਪਤ ਕਰਦੀ ਹੈ,ਸੱਤਾ ਹੀ ਸੱਚ ਪੈਦਾ ਕਰਦੀ ਹੈ,ਫਿਰ ਉਸਨੂੰ ਆਪਣੇ ਕੰਟਰੋਲ ਵਿੱਚ ਰੱਖਦੀ ਹੈ ਅਤੇ ਫਿਰ ਉਸ ਦਾ ਪਾਸਾਰ ਕਰਦੀ ਹੈ।ਫਿਰ ਇੱਥੇ ਹੀ ਬਸ ਨਹੀਂ ਸਗੋਂ ਗਿਆਨ ਦੇ ਕੇਂਦਰਾਂ ਅਰਥਾਤ ਯੂਨੀਵਰਸਿਟੀਆਂ ਵਗ਼ੈਰਾ ਦੇ ਬੁੱਧੀਜੀਵੀ ਸੱਤਾ ਦੇ ਉਸ ਸੱਚ ਨੂੰ ਸਥਾਪਿਤ ਕਰਨ ਵਿੱਚ ਸਹਿਯੋਗ ਦਿੰਦੇ ਹਨ।
ਜੇ ਨੀਤਸੇ਼ ਦੀ ਵਿਆਖਿਆ ਨੂੰ ਅੱਗੇ ਤੋਰਿਆ ਜਾਵੇ ਤਾਂ ਸਿੱਖ ਧਰਮ ਦਾ ਸੱਚ ਤਾਂ ਅਕਸਰ ਹੀ ਰੁਲ ਜਾਂਦਾ ਹੈ ਜਾਂ ਰੋਲ ਦਿੱਤਾ ਜਾਂਦਾ ਹੈ। ਸਾਡਾ ਸੱਚ ਕੌਮ ਨੂੰ ਦੱਸਿਆ ਹੀ ਨਹੀਂ ਜਾ ਰਿਹਾ ਤੇ ਦੁਸ਼ਮਣ ਆਪਣਾ ਸੱਚ ਸਾਡੇ ਉੱਤੇ ਠੋਸ ਕੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਛੋਟਾ ਕਰ ਰਿਹਾ ਹੈ। ਕੀ ਇਹ ਵੱਡਾ ਰਾਜਨੀਤਿਕ ਤੇ ਇਖਲਾਕੀ ਗੁਨਾਹ ਨਹੀਂ ਹੈ?
ਦੋਸਤੋ,ਜਦੋਂ ਗੁਰੂ ਸਾਹਿਬ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਤਾਂ ਇਸਦੀ ਇੱਕ ਪੱਖੀ ਵਿਆਖਿਆ ਹੀ ਹੋ ਰਹੀ ਹੈ ਜਦਕਿ ਬਹੁਪੱਖੀ ਵਿਆਖਿਆ ਹੋਣੀ ਚਾਹੀਦੀ ਹੈ।ਅੱਜ ਦੇ “ਹਿੰਦ” ਅਤੇ ਪੁਰਾਣੇ “ਹਿੰਦ” ਵਿੱਚ ਬਹੁਤ ਫਰਕ ਹੈ।ਪੁਰਾਣਾ ਹਿੰਦ ਕੋਈ ਦੇਸ਼ ਨਹੀਂ ਸੀ,ਕੋਈ ਮੁਲਕ ਨਹੀਂ ਸੀ।ਉਹ ਇੱਕ ਤਰ੍ਹਾਂ ਖੁੱਲਾ ਖਿੱਤਾ ਸੀ ਜਿਸ ਨੂੰ ਅਸੀਂ ਉਪ ਮਹਾਦੀਪ ਵੀ ਕਹਿ ਸਕਦੇ ਹਾਂ।ਪਰ ਹੁਣ ਜਦੋਂ ਬਹੁਗਿਣਤੀ ਵਾਲੀ ਧਿਰ ਹਿੰਦ ਦੀ ਚਾਦਰ ਕਹਿੰਦੀ ਹੈ ਤਾਂ ਇਸ ਦਾ ਮਤਲਬ ਹੈ ਕਿ “ਹਿੰਦੂ ਨੇਸ਼ਨ-ਸਟੇਟ” ਇਹ ਗੱਲ ਕਹਿ ਰਹੀ ਹੈ ।ਇਸ ਦਾ ਮਤਲਬ ਇਹ ਹੈ ਕਿ ਹਿੰਦੂ ਕੌਮੀ ਰਾਜ ਇਹ ਗੱਲ ਕਹਿ ਰਿਹਾ ਹੈ।ਜੇ ਤੁਸੀਂ ਇਸ ਦਾ ਸਬੂਤ ਮੰਗਦੇ ਹੋ ਤਾਂ ਸਬੂਤ ਇਹ ਹੈ ਕਿ ਉਹ ਹਿੰਦ ਦੀ ਚਾਦਰ ਦਾ ਅੰਗਰੇਜ਼ੀ ਅਨੁਵਾਦ ਕਰਦੇ ਹਨ ਕਿ ਗੁਰੂ ਤੇਗ ਬਹਾਦਰ ਸਾਹਿਬ “ਸ਼ੀਲਡ ਆਫ ਇੰਡੀਆ” ਸਨ,ਅਰਥਾਤ ਭਾਰਤ ਦੀ ਢਾਲ ਜਾਂ ਭਾਰਤ ਦੀ ਚਾਦਰ ਹਨ।ਦੋਸਤੋ,ਇੱਥੇ ਹੀ ਸਾਡਾ ਵਿਰੋਧ ਹੈ ਕਿਉਂਕਿ ਸ੍ਰੀ ਗੁਰ ਸੋਭਾ ਦਾ ਲੇਖਕ ਸੈਨਾਪਤਿ ਸਾਫ ਇਹ ਫੈਸਲਾ ਸੁਣਾ ਰਿਹਾ ਹੈ:
ਪ੍ਰਗਟ ਭਏ ਗੁਰ ਤੇਗ ਬਹਾਦਰ। ਸਗਲ ਸ੍ਰਿਸ਼ਟ ਪੈ ਢਾਕੀ ਚਾਦਰ।
ਦੋਸਤੋ,ਦਰਬਾਰ ਸਾਹਿਬ ਉੱਤੇ ਹਮਲਾ ਇਕ ਤੱਥ ਹੈ।ਇਸ ਤੱਥ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ,ਪਰ ਇਸ ਦੀ ਵਿਆਖਿਆ ਵੱਖਰੀ ਵੱਖਰੀ ਕਰ ਦਿੱਤੀ ਜਾਂਦੀ ਹੈ।ਹਮਲਾ ਕਰਨ ਵਾਲੀ ਧਿਰ ਇਹ ਕਹਿੰਦੀ ਹੈ ਕਿ ਉਥੇ ਅੱਤਵਾਦੀਆਂ ਨੇ ਪਵਿੱਤਰ ਸਥਾਨ ਉੱਤੇ ਕਬਜ਼ਾ ਕੀਤਾ ਹੋਇਆ ਸੀ।ਅਸੀਂ ਉਹਨਾਂ ਦਾ ਸਫਾਇਆ ਕਰਕੇ ਇਸ ਦੀ ਪਵਿੱਤਰਤਾ ਬਹਾਲ ਕੀਤੀ ਹੈ। ਦੋਸਤੋ,ਕਿੰਨੇ ਸਾਲ ਦੁਸ਼ਮਣ ਸਾਡਾ ਦੋਸਤ ਬਣ ਕੇ ਇਸੇ ਸੱਚ ਨੂੰ ਸਾਡੇ ਮਨਾਂ ਵਿੱਚ ਵਸਾ ਰਿਹਾ ਸੀ।ਪਰ ਸਮੇਂ ਨਾਲ ਪਤਾ ਲੱਗਾ ਕਿ ਸੰਤ ਜਰਨੈਲ ਸਿੰਘ ਤੇ ਸਾਥੀਆਂ ਨੇ ਚੜ੍ਹ ਕੇ ਆਈ ਭਾਰਤੀ ਫੌਜ ਨੂੰ ਸ਼ਹਾਦਤਾਂ ਦੇ ਕੇ ਜੋ ਮੂੰਹ ਤੋੜ ਜਵਾਬ ਦਿੱਤਾ ਉਹ ਜਵਾਬ ਉਹ ਸਦੀਆਂ ਤੱਕ ਯਾਦ ਰੱਖਣਗੇ। ਇਹ ਸੀ ਸਾਡਾ ਸੱਚ ਜੋ ਅਕਸਰ ਰੋਲ ਦਿੱਤਾ ਜਾਂਦਾ ਹੈ।ਸੰਤ ਜਰਨੈਲ ਸਿੰਘ ਜੀ ਦੀ ਸ਼ਹਾਦਤ ਤੋਂ ਪਿੱਛੋਂ ਕੌਮ ਅੰਦਰ ਚੇਤਨਾ ਦਾ ਜੋ ਵੱਡਾ ਪਾਸਾਰ ਹੋਇਆ ਅਤੇ ਜਿਵੇਂ ਸਿੱਖ ਇਤਿਹਾਸ ਦੀਆਂ ਯਾਦਾਂ ਨਾਲ ਕੌਮ ਅੰਦਰ ਨਵਾਂ ਬਿਰਤਾਂਤ ਸਥਾਪਿਤ ਹੋਇਆ ਉਹ ਬਿਰਤਾਂਤ ਭਾਰਤੀ ਸਟੇਟ ਸਟੇਟ ਨੂੰ ਅਜੇ ਤੱਕ ਵੀ ਤਕਲੀਫ ਦਿੰਦਾ ਰਹਿੰਦਾ ਹੈ,ਲਗਾਤਾਰ ਉਹਨਾਂ ਲਈ ਸਿਰਦਰਦੀ ਬਣਿਆ ਹੋਇਆ ਹੈ; ਕਿਉਂਕਿ ਹੁਣ ਸਾਡਾ ਸੱਚ ਹੀ ਅਸਲ ਸੱਚ ਕੌਮ ਦੇ ਦਿਲਾਂ ਉੱਤੇ ਰਾਜ ਕਰਦਾ ਹੈ। ਇੰਜ ਸਿੱਖ ਵਿਦਵਾਨ ਇੱਕ ਨਵੀਂ ਦ੍ਰਿਸ਼ਟੀ ਨਾਲ ਕੌਮ ਨੂੰ ਲੈਸ ਕਰ ਰਿਹਾ ਹੈ।
ਇਸੇ ਦ੍ਰਿਸ਼ਟੀ ਦਾ ਇੱਕ ਬਹੁਤ ਹੀ ਅਹਿਮ ਪਹਿਲੂ ਹੈ ਪਛਾਣ ਅਰਥਾਤ ਆਈਡੈਂਟਿਟੀ।ਪ੍ਰਭਜੋਤ ਸਿੰਘ ਦਾ ਯਕੀਨ ਹੈ ਕਿ ਪਛਾਣ ਦਾ ਇਤਿਹਾਸ ਨਾਲ ਗੂੜਾ ਰਿਸ਼ਤਾ ਹੁੰਦਾ ਹੈ।ਸਿੱਖ ਪਛਾਣ ਹੈ ਕੀ?ਇਸ ਦਾ ਦਰਸ਼ਨ ਇਸ ਦਾ ਸਿਧਾਂਤ ਕੀ ਹੈ?ਪਛਾਣ ਨੂੰ ਕਿਹੜੇ ਬਰੀਕ ਖਤਰੇ ਹਨ ਤੇ ਕਿਹੜੇ ਪਾਸਿਓਂ ਆਉਂਦੇ ਹਨ? ਪਛਾਣ ਦੀ ਕੀ ਮਹੱਤਤਾ ਹੈ?ਪ੍ਰਭਜੋਤ ਸਿੰਘ ਨੇ ਪਛਾਣ ਦੇ ਵਿਸ਼ੇ ਤੇ ਨਿਠ ਕੇ ਕੰਮ ਕੀਤਾ ਹੈ? ਉਹ ਜਾਣਦਾ ਹੈ ਕਿ ਸਾਡੀ ਸੁਤੰਤਰ ਪਛਾਣ ਨੂੰ ਕਿਸੇ ਵੱਡੀ ਪਛਾਣ ਦੇ ਅਧੀਨ ਰੱਖ ਕੇ ਹੀ ਵੇਖਿਆ ਤੇ ਪ੍ਰਗਟ ਕੀਤਾ ਜਾ ਰਿਹਾ ਹੈ ਅਤੇ ਸਾਡੀ ਕੌਮ ਇਸ ਬੁਝਾਰਤ ਨੂੰ ਸਮਝ ਹੀ ਨਹੀਂ ਰਹੀ ।ਇਸ ਲਈ ਉਹ ਇਤਿਹਾਸ ਤੇ ਇਤਿਹਾਸਕਾਰੀ ਦੇ ਗੰਭੀਰ ਸੰਕਲਪਾਂ ਦੀ ਮੁੜ ਯਾਦ ਕਰਾਉਂਦਾ ਹੈ। ਹੁਣ ਤੱਕ ਇਤਿਹਾਸ ਲਿਖਣ ਦੀ ਜੁਗਤ ਅਰਥਾਤ ਮੈਥੋਡਾਲੋਜੀ ਜਾਂ ਨਜ਼ਰੀਆ ਅਰਥਾਤ ਪਰਸੈਪਕਟਵ ਸਾਡਾ ਆਪਣਾ ਨਹੀਂ ਸੀ।ਇਸ ਲਈ ਇਤਿਹਾਸਕਾਰੀ ਦੀ ਆਪਣੀ ਵਿਆਖਿਆ ਵੀ ਕੌਮ ਦੇ ਮਨਾਂ ਵਿੱਚ ਵਸਾਉਣ ਦੀ ਲੋੜ ਹੈ ਜੋ ਅੱਗੇ ਜਾ ਕੇ ਇਹੋ ਵਿਆਖਿਆ ਆਜ਼ਾਦ ਹੋਣ ਦੇ ਅਹਿਸਾਸ ਨੂੰ ਗੂੜੇ ਰੰਗ ਬਖਸ਼ੇਗੀ।
ਦੋਸਤੋ,ਜਦੋਂ ਪ੍ਰਭਜੋਤ ਸਿੰਘ ਸਿੱਖ ਪਛਾਣ ਵਿੱਚ ਡੂੰਘਾ ਉਤਰਦਾ ਹੈ ਜਾਂ ਪਛਾਣ ਦੀ ਵਿਆਖਿਆ ਕਰਦਾ ਹੈ ਤਾਂ ਉੱਘੇ ਸਿੱਖ ਵਿਦਵਾਨ ਡਾਕਟਰ ਗੁਰਦਰਸ਼ਨ ਸਿੰਘ ਢਿੱਲੋਂ ਦੀ ਅਹਿਮ ਟਿੱਪਣੀ ਯਾਦ ਆਉਂਦੀ ਹੈ।ਉਹ ਆਪਣੇ ਇਕ ਲੇਖ “ਅਸੈਂਸਲ ਆਫ ਸਿੱਖਿਜ਼ਮ” ਵਿੱਚ ਸਪਸ਼ਟ ਕਰਦੇ ਹਨ ਕਿ ਸਿੱਖ “ਬਾਹਰਲੇ ਸਰੂਪ” ਕਰਕੇ ਹੀ ਹੋਰਨਾਂ ਨਾਲੋਂ ਵੱਖਰੇ ਨਹੀਂ ਸਗੋਂ ਸਿੱਖ ਆਪਣੇ ਨਜ਼ਰੀਏ ਕਰਕੇ, ਆਪਣੀਆਂ ਰਵਾਇਤਾਂ ਕਰਕੇ, ਆਪਣੇ ਮਹਾਨ ਆਦਰਸ਼ਾਂ ਕਰਕੇ, ਆਪਣੇ ਸਿਧਾਂਤਾਂ ਕਰਕੇ ਵੀ ਹੋਰਨਾਂ ਕੌਮਾਂ ਨਾਲੋਂ ਨਿਆਰੇ ਤੇ ਨਵੇਕਲੇ ਹਨ।ਉਹ ਜ਼ਿੰਦਗੀ ਅਤੇ ਮੌਤ ਦੇ ਸੰਕਲਪ ਬਾਰੇ ਤਰਜ਼ੇ-ਜ਼ਿੰਦਗੀ ਦੇ ਸੰਕਲਪ ਬਾਰੇ,ਪਰਮਾਤਮਾ ਦੇ ਸੰਕਲਪ ਬਾਰੇ,ਇਸ ਬ੍ਰਹਮੰਡ ਦੇ ਸੰਕਲਪ ਬਾਰੇ,ਆਪਣੇ ਇਤਿਹਾਸ ਦੇ ਸੰਕਲਪ ਬਾਰੇ ਸਿੱਖ ਕੌਮ ਦਾ ਨਜ਼ਰੀਆ ਹੋਰਨਾਂ ਨਾਲੋਂ ਨਿਆਰਾ ਹੈ। ਇਸ ਦਾ ਮਤਲਬ ਸਾਫ ਹੈ ਕਿ ਸਾਡੀ ਇੱਕ ਆਜ਼ਾਦ ਹਸਤੀ ਹੈ ਅਤੇ ਆਪਣੇ ਰਾਜ ਦੀ ਇੱਛਾ ਸਾਡੀ ਕੌਮ ਦੇ ਰੋਮ ਰੋਮ ਚ ਵਸੀ ਹੋਈ ਹੈ।ਪਰ ਸਾਡੀ ਇਤਿਹਾਸਕਾਰੀ ਪ੍ਰਭਜੋਤ ਸਿੰਘ ਮੁਤਾਬਕ ਇੰਡੀਅਨ ਨੈਸ਼ਨਲ ਪਰਸਪੈਕਟਿਵ ਵਿੱਚ ਹੁੰਦੀ ਹੈ ਜਿੱਥੇ ਉਹ ਸਾਡੀ ਪਛਾਣ ਨੂੰ ਖਾਂਦੇ ਹਨ; ਜਦਕਿ ਸਾਡਾ ਨਿਸ਼ਾਨਾ ਅਤੇ ਸਾਡਾ ਇਤਿਹਾਸ ਜਿੱਥੇ ਆਪਣੀ ਪਛਾਣ ਦਾ ਪਰਚਮ ਬੁਲੰਦ ਕਰਦਾ ਹੈ ਉਥੇ ਦੂਜੀਆਂ ਪਛਾਣਾਂ ਦੀ ਰੱਖਿਆ ਵੀ ਕਰਦਾ ਹੈ ਅਤੇ ਉਹਨਾਂ ਨੂੰ ਆਜ਼ਾਦੀ ਨਾਲ ਵਿਚਰਨ ਦੀ ਖੁੱਲ ਵੀ ਦਿੰਦਾ ਹੈ। ਦੂਜੇ ਪਾਸੇ ਭਾਰਤੀ ਨਜ਼ਰੀਆ ਜਾਂ ਬਹੁਗਿਣਤੀ ਵਾਲਾ ਨਜ਼ਰੀਆ ਦੂਜੀਆਂ ਪਛਾਣਾਂ ਨੂੰ ਖਾਂਦਾ ਹੈ ਆਪਣੇ ਵਿੱਚ ਜਜ਼ਬ ਕਰਦਾ ਹੈ। ਇਕ ਕੌਮ, ਇਕ ਵਿਚਾਰ,ਇਕ ਭਾਸ਼ਾ ਦਾ ਨਜ਼ਰੀਆ ਸਾਡੇ ਉੱਤੇ ਹੁਣ ਠੋਸਿਆ ਜਾ ਰਿਹਾ ਹੈ।ਇਸੇ ਕਰਕੇ ਅਸੀਂ ਹਿੰਦ ਦੀ ਚਾਦਰ ਵਾਲੇ ਇਤਿਹਾਸਕਾਰੀ ਦੇ ਸੰਕਲਪ ਨੂੰ ਰੱਦ ਕਰਦੇ ਹਾਂ ਅਤੇ ਆਪਣੀ ਇਤਿਹਾਸਕਾਰੀ ਕਾਇਮ ਕਰਨ ਤੇ ਉਸਦਾ ਪਸਾਰ ਕਰਨ ਦੀ ਇੱਛਾ ਰੱਖਦੇ ਹਾਂ ਅਤੇ ਇਸ ਲਈ ਆਪਣੀ ਆਵਾਜ਼ ਬੁਲੰਦ ਕਰਦੇ ਹਾਂ।

Leave a Reply

Your email address will not be published. Required fields are marked *