Home » Uncategorized » ਤਥਾਂ,ਗਵਾਹੀਆਂ ਅਤੇ ਦਸਤਾਵੇਜ਼ਾਂ ਨੂੰ ਕਲਾਵੇ ਵਿੱਚ ਲੈਂਦੀ ਨਵੀਂ ਪੁਸਤਕ “ਅਕਾਲੀ ਸਿਆਸਤ” ਛਪ ਕੇ ਆਈ।

ਤਥਾਂ,ਗਵਾਹੀਆਂ ਅਤੇ ਦਸਤਾਵੇਜ਼ਾਂ ਨੂੰ ਕਲਾਵੇ ਵਿੱਚ ਲੈਂਦੀ ਨਵੀਂ ਪੁਸਤਕ “ਅਕਾਲੀ ਸਿਆਸਤ” ਛਪ ਕੇ ਆਈ।

ਅਗਲੇ ਕੁਝ ਦਿਨਾਂ ਵਿੱਚ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਰਿਲੀਜ਼ ਹੋਵੇਗੀ ਇਹ ਪੁਸਤਕ।

ਇੱਕ ਸਦੀ ਦੇ ਅਕਾਲੀ ਇਤਿਹਾਸ ਨੂੰ ਜਾਨਣ ਲਈ ਹਰ ਪੰਜਾਬੀ ਨੂੰ ਪੜ੍ਹਨੀ ਚਾਹੀਦੀ ਹੈ ਇਹ ਪੁਸਤਕ। 

ਕਰਮਜੀਤ ਸਿੰਘ ਚੰਡੀਗੜ੍ਹ ਸੀਨੀਅਰ ਪੱਤਰਕਾਰ:-ਅਕਾਲੀ ਸਿਆਸਤ ਦਾ ਸਿੱਖ ਸਿਆਸਤ ਨਾਲ ਜਿਸਮ ਤੇ ਰੂਹ ਦਾ ਰਿਸ਼ਤਾ ਹੈ। ਪਰ ਜੇ ਇਹ ਟਿੱਪਣੀ ਸ਼੍ਰੋਮਣੀ ਅਕਾਲੀ ਦਲ ਦੇ ਇਤਿਹਾਸ ਉੱਤੇ ਵੀ ਢੁਕਦੀ ਹੈ ਤਾਂ ਇਹ ਪੂਰਾ ਸੱਚ ਨਹੀਂ ਹੋਵੇਗਾ ਅਤੇ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਸੁਭਾਵਿਕ ਹੀ ਲੱਗ ਜਾਣਗੇ।ਕਾਰਨ? ਕਾਰਨ ਇਹ ਹੈ ਕਿ ਅਕਾਲੀ ਰਾਜਨੀਤੀ ਨੇ ਸਮੇਂ (ਕਾਲ)ਵਿੱਚ ਰਹਿ ਕੇ ਸਮੇਂ ਤੋਂ ਅੱਗੇ ਦੀ ਗੱਲ (ਅਕਾਲ)ਵੀ ਕਰਨੀ ਸੀ ਜੋ ਮੀਰੀ ਪੀਰੀ ਦੇ ਪਵਿੱਤਰ ਰਿਸ਼ਤੇ ਵਿੱਚ ਸਾਕਾਰ ਹੋਣੀ ਸੀ। ਦੂਜੇ ਸ਼ਬਦਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ “ਗਗਨਪੁਰੀ ਦ੍ਰਿਸ਼ਟੀ” ਦਾ ਧਾਰਨੀ ਬਣਨਾ ਸੀ। ਪਰ ਉੰਝ ਇਤਿਹਾਸ ਵਿੱਚ ਇੱਕ ਸਮਾਂ ਅਜਿਹਾ ਜ਼ਰੂਰ ਸੀ ਜਦੋਂ ਸ਼੍ਰੋਮਣੀ ਅਕਾਲੀ ਦਲ ਰੂਹ ਦੀ ਪੱਧਰ ਉੱਤੇ ਇਤਿਹਾਸ ਅਤੇ ਗੁਰਬਾਣੀ ਤੋਂ ਰੌਸ਼ਨੀ ਲੈਂਦਾ ਸੀ। ਯਕੀਨਨ ਉਦੋਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਸਮਿਆਂ ਦੀ ਨਿਰਮਲ ਤੇ ਪ੍ਰਚੰਡ ਆਵਾਜ਼ ਸੀ ਜਾਂ ਇਉਂ ਕਹਿ ਲਵੋ ਕਿ ਉਹ ਉਸ ਦੌਰ ਦਾ ਰਾਈਟ ਗਾਈਸਟ( zeitgeist) ਸੀ। ਉਸ ਕੋਲ ਚੇਤਨਾ ਦੀਆਂ ਡੂੰਘੀਆਂ ਤੈਹਾਂ ਨੂੰ ਝੰਜੋੜਨ ਵਾਲੇ ਵੱਡੇ ਸਵਾਲ ਸਨ।ਪਰ ਅੱਜ ਅਕਾਲੀ ਦਲ ਦੇ ਕਿਸੇ ਵੀ ਧੜੇ ਦੀ ਲੀਡਰਸ਼ਿਪ ਕੋਲ ਮੌਜੂਦਾ ਵਿਸ਼ਵ ਦੀ ਗਤੀ ਨੂੰ ਸਮਝਣ ਦੀ ਨਾ ਰੁਚੀ ਹੈ ਅਤੇ ਨਾ ਹੀ ਵੇਹਲ।ਉਹਨਾਂ ਦੇ ਅੰਦਰ ਦਾਰਸ਼ਨਿਕ ਗਹਿਰਾਈ ਵੀ ਨਹੀਂ ਅਤੇ ਇਸ ਦੇ ਮੁੜ ਜਾਗ ਪੈਣ ਦੀਆਂ ਸੰਭਾਵਨਾਵਾਂ ਵੀ ਨਜ਼ਰ ਨਹੀਂ ਪੈਂਦੀਆਂ।ਇਸ ਲਈ ਅਕਾਲੀ ਰਾਜਨੀਤੀ ਦੀ ਪਹਿਲ-ਤਾਜ਼ਗੀ ਦਾ ਅੰਮ੍ਰਿਤ ਵੇਲਾ ਚੜਨ ਦੇ ਅਸਾਰ ਵੀ ਘੱਟ ਹੀ ਦਿਖਾਈ ਦਿੰਦੇ ਹਨ। ਪਰ ਅੱਜ ਅਸੀਂ ਉਸ ਵਿਸ਼ੇ ਵੱਲ ਮੁੜਨਾ ਚਾਹੁੰਦੇ ਹਾਂ ਜੋ ਵੱਖਰੇ ਦ੍ਰਿਸ਼ਟੀਕੋਣ ਤੋਂ ਅਕਾਲੀ ਸਿਆਸਤ ਨਾਲ ਸੰਬੰਧ ਰੱਖਦਾ ਹੈ। ਦੋਸਤੋ,ਕੀ ਸਾਡੇ ਅੰਦਰ ਇਹ ਰੀਝ ਕਦੇ ਕਦੇ ਜਗਦੀ ਹੈ ਕਿ ਕੋਈ ਜਣਾ ਸਾਨੂੰ ਸਿਲਸਿਲੇਵਾਰ ਅਕਾਲੀ ਸਿਆਸਤ ਦੇ ਉਤਰਾਵਾਂ-ਚੜਾਵਾ ਜਾਂ ਇਸ ਸਿਆਸਤ ਦੇ ਚੜਦੇ-ਲਹਿੰਦੇ ਸੂਰਜਾਂ ਦੀ ਜਾਣਕਾਰੀ ਦੇਵੇ ਅਤੇ ਉਹ ਜਾਣਕਾਰੀ ਵੀ ਤੱਥਾਂ ਉੱਤੇ ਅਧਾਰਿਤ ਹੋਵੇ?ਨਾਲ ਦੀ ਨਾਲ ਘਟਨਾਵਾਂ ਦੀਆਂ ਤਰੀਕਾਂ ਦਾ ਵੀ ਜ਼ਿਕਰ ਹੋਵੇ ਅਤੇ ਸਾਨੂੰ ਉਹਨਾਂ ਮਹੱਤਵਪੂਰਨ ਦਸਤਾਵੇਜ਼ਾਂ ਦਾ ਵੀ ਪਤਾ ਲੱਗੇ ਜਿਨਾਂ ਦਾ ਇਤਿਹਾਸ ਵਿੱਚ ਅਹਿਮ ਸਥਾਨ ਹੈ?ਇਹ ਰੀਝ ਪੂਰੀ ਕੀਤੀ ਹੈ ਕੰਵਰਜੀਤ ਸਿੰਘ ਸਿੱਧੂ ਨੇ ਆਪਣੀ ਕਿਤਾਬ ਵਿੱਚ ਜਿਸ ਦਾ ਨਾਂ ਹੈ “ਅਕਾਲੀ ਸਿਆਸਤ”। ਬਿਬੇਕਗੜ੍ਹ ਪ੍ਰਕਾਸ਼ਨ ਵੱਲੋਂ ਛਾਪੀ ਇਹ ਕਿਤਾਬ 597ਪੰਨਿਆਂ ਵਿੱਚ ਫੈਲੀ ਹੋਈ ਹੈ।ਕੰਵਰਜੀਤ ਸਿੰਘ ਭਾਸ਼ਾ ਵਿਭਾਗ ਵਿੱਚ ਰਿਸਰਚ ਅਫਸਰ ਦੇ ਪਦ ਉੱਤੇ ਕੰਮ ਕਰਦੇ ਹਨ ਅਤੇ ਪੰਜਾਬ ਦੀ ਰਾਜਨੀਤੀ ਨੂੰ ਬਰੀਕੀ ਨਾਲ ਜਾਨਣ ਤੇ ਵਿਸ਼ਲੇਸ਼ਣ ਕਰਨ ਦੀ ਗੰਭੀਰ ਰੁਚੀ ਵੀ ਰੱਖਦੇ ਹਨ।ਲੇਖਕ ਨੇ ਪੂਰਾ ਯਤਨ ਕੀਤਾ ਹੈ ਕਿ ਅਕਾਲੀ ਸਿਆਸਤ ਵਿੱਚ 1920 ਤੋਂ 2025 ਦਰਮਿਆਨ ਵਾਪਰੀਆਂ ਮਹੱਤਵਪੂਰਨ ਘਟਨਾਵਾਂ ਅਤੇ ਅਹਿਮ ਦਸਤਾਵੇਜ਼ਾਂ ਨੂੰ ਕਿਤਾਬ ਵਿੱਚ ਥਾਂ ਦਿੱਤੀ ਜਾਵੇ।ਵੈਸੇ ਅਕਾਲੀ ਦਲ ਦੀ ਕਾਇਮੀ ਦੇ ਆਰ ਪਾਰ ਵਾਲੇ ਪਹਿਲੇ ਕਾਂਡ ਵਿੱਚ ਅਕਾਲੀ ਸਿਆਸਤ ਦੇ ਪਿਛੋਕੜ ਵਿੱਚ ਜਾਂਦਿਆਂ 1849 ਵਿੱਚ ਅੰਗਰੇਜ਼ਾਂ ਦੇ ਪੰਜਾਬ ਵਿੱਚ ਕਬਜ਼ੇ ਪਿੱਛੋਂ ਵਾਪਰੀਆਂ ਅਹਿਮ ਘਟਨਾਵਾਂ ਦਾ ਜ਼ਿਕਰ  1920 ਤੱਕ ਕੀਤਾ ਗਿਆ ਹੈ ਜਿੱਥੋਂ ਅਕਾਲੀ ਦਲ ਦੀ ਪ੍ਰਭਾਵਤ ਚੜ੍ਹਦੀ ਹੈ ਜਾਂ ਇੰਝ ਕਹਿ ਲਓ ਕਿ ਅਕਾਲੀ ਦਲ ਦੀ ਸਥਾਪਨਾ ਹੁੰਦੀ ਹੈ। ਇਹ ਘਟਨਾ ਇਤਿਹਾਸ ਦੀ ਅਮੁਲ ਯਾਦਗਾਰ ਹੈ ਕਿਉਂਕਿ ਇਸ ਅਹਿਮ ਘਟਨਾ ਨਾਲ ਸਿੱਖ ਇਤਿਹਾਸ ਨੂੰ ਰਾਜਨੀਤਕ ਰੰਗ ਚੜਦਾ ਹੈ।ਉਸ ਤੋਂ ਪਿੱਛੋਂ ਇਸ ਪਾਰਟੀ ਦੀਆਂ ਸਿਖਰ ਦੁਪਹਿਰਾਂ ਅਤੇ ਢਲਦੀਆਂ ਸ਼ਾਮਾਂ ਦੀ ਦਾਸਤਾਨ 2025 ਈਸਵੀ ਤੱਕ ਸਫਰ ਕਰਦੀ ਹੈ।ਕੰਵਰਜੀਤ ਸਿੰਘ ਦੀ ਕਿਤਾਬ ਦਾ ਦੂਜਾ ਅਧਿਆਇ ਪਾਠਕਾਂ ਵਿੱਚ ਵਿਸ਼ੇਸ਼ ਦਿਲਚਸਪੀ ਜਗਾਵੇਗਾ, ਕਿਉਂਕਿ 1925 ਤੋਂ 1947 ਤੱਕ ਕਰੀਬ 100 ਪੰਨਿਆਂ ਵਿਚ ਛਪੇ ਇਤਿਹਾਸ ਨੂੰ ਲੇਖਕ ਵੱਲੋਂ”ਦੁਚਿਤੀ ਅਤੇ ਤ੍ਰਾਸਦੀ” ਦਾ ਨਾਂ ਦਿੱਤਾ ਗਿਆ ਹੈ; ਕਿਉਂਕਿ ਇਹ ਉਹ ਕਾਂਡ ਹੈ ਅਤੇ ਉਹ ਦੌਰ ਹੈ ਜਿਸ ਵਿੱਚ ਸਿੱਖ ਕੌਮ ਦੀ ਤਕਦੀਰ ਦੇ ਫੈਸਲੇ ਹੋਣੇ ਹਨ। ਦਿਲਚਸਪ ਸੱਚ ਇਹ ਹੈ ਕਿ ਲੇਖਕ ਨੇ ਇਸ ਕਾਂਡ ਵਿੱਚ ਸਿੱਖ ਕੌਮ ਦੇ ਰਾਜਨੀਤਿਕ ਖਿਡਾਰੀਆਂ ਦੀ ਗੁਫਤਾਰ ਅਤੇ ਰਫਤਾਰ ਤੱਥਾਂ ਤੇ ਦਸਤਾਵੇਜ਼ਾਂ ਰਾਹੀਂ ਪੇਸ਼ ਕੀਤੀ ਹੈ ਅਤੇ ਆਪਣੇ ਵੱਲੋਂ ਕੋਈ ਵੀ ਗੰਭੀਰ ਵਿਸ਼ਲੇਸ਼ਣ ਨਹੀਂ ਕੀਤਾ।ਇਹੋ ਇਸ ਕਿਤਾਬ ਦੇ ਅਸਲ ਵਿੱਚ ਵੱਡੀ ਪ੍ਰਾਪਤੀ ਹੈ ਕਿਉਂਕਿ ਤੱਥਾਂ ਦੇ ਡੂੰਘੇ ਅਰਥ ਕੀ ਹੁੰਦੇ ਹਨ,ਇਸ ਦੇ ਇਤਿਹਾਸ ਵਿੱਚ ਕੀ ਨਤੀਜੇ ਨਿਕਲੇ ਜਾਂ ਨਿਕਲਣੇ ਚਾਹੀਦੇ ਸਨ,ਉਹ ਵਿਸ਼ਲੇਸ਼ਣ ਤੇ ਰਾਵਾਂ ਦਾ ਸਿਲਸਿਲਾ ਪਾਠਕਾਂ ਤੇ ਗੰਭੀਰ ਇਤਿਹਾਸਕਾਰਾਂ ਦੇ ਵਿਵੇਕ ਉੱਤੇ ਛੱਡਿਆ ਗਿਆ ਹੈ। ਲੇਖਕ ਪੰਜਾਬੀ ਸੂਬੇ ਦੀ ਜਦੋਜਹਿਦ ਅਤੇ ਧਰਮ ਯੁੱਧ ਦੇ ਆਰ ਪਾਰ ਵਾਲੇ ਕਾਂਡਾਂ ਤੋਂ ਇਲਾਵਾ ਫਿਰ ਉਸ ਅਹਿਮ ਕਾਂਡ ਵੱਲ ਪਰਤਦਾ ਹੈ ਜਿਸ ਕਾਂਡ ਵਿੱਚ ਉਹ ਸਮਝਦਾ ਹੈ ਕਿ ਅਕਾਲੀ ਸਿਆਸਤ ਹੁਣ “ਸੱਤਾ ਤੋਂ ਹਾਸ਼ੀਏ” ਵੱਲ ਜਾ ਰਹੀ ਹੈ। ਇਹ ਕਾਂਡ 1998 ਤੋਂ ਸ਼ੁਰੂ ਹੋ ਕੇ 2025 ਤੱਕ ਖਤਮ ਹੁੰਦਾ ਹੈ।ਦੂਜੇ ਸ਼ਬਦਾਂ ਵਿੱਚ ਇਸੇ ਕਾਂਡ ਵਿੱਚ ਵੱਡਾ ਸ਼੍ਰੋਮਣੀ ਅਕਾਲੀ ਦਲ ਆਪਣਾ ਵਿਸ਼ੇਸ਼,ਵਿਸ਼ਾਲ  ਪ੍ਰਭਾਵ ਗਵਾ ਲੈਂਦਾ ਹੈ ਤੇ ਉਸਦੇ ਆਪਣੇ ਵਿੱਚੋਂ ਹੀ ਇੱਕ ਹੋਰ ਪਾਰਟੀ ਜਨਮ ਲੈਂਦੀ ਹੈ ਜਿਸ ਨੂੰ “ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ” ਦਾ ਨਾਂ ਦਿੱਤਾ ਗਿਆ।ਤੱਥ-ਅਧਾਰਤ ਵੀਹਵੀਂ ਸਦੀ ਦੀ ਸਿੱਖ ਰਾਜਨੀਤੀ ਨੂੰ ਸਮਝਣ ਲਈ ਅਕਾਲੀ ਦਲ ਦੇ ਸਾਰੇ ਧੜਿਆਂ ਦੇ ਆਗੂਆਂ ਤੇ ਗੰਭੀਰ ਕਾਰਕੁਨਾ ਤੋਂ ਇਲਾਵਾ ਕਈ ਧੜਿਆਂ ਵਿੱਚ ਵੰਡੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਆਗੂਆਂ,ਦਮਦਮੀ ਟਕਸਾਲਾਂ ,ਅਖੰਡ ਕੀਰਤਨੀ ਜਥਿਆਂ,ਅਕਾਲੀ ਰਾਜਨੀਤੀ ਅਤੇ ਸਿੱਖ ਰਾਜਨੀਤੀ ਨੂੰ ਨੇੜਿਓਂ ਵੇਖਣ ਤੇ ਪਰਖਣ ਦੇ ਚਾਹਵਾਨਾ,ਸਿੱਖ ਸਾਵਰਨ ਸਟੇਟ ਦੀ ਸਥਾਪਨਾ ਲਈ ਜੂਝ ਰਹੀਆਂ ਸ਼ਖਸ਼ੀਅਤਾਂ ਤੇ ਸਿੱਖ ਰਾਜਨੀਤੀ ਤੋਂ ਬਾਹਰ ਵਿਚਰ ਰਹੀਆਂ ਰਾਜਨੀਤਿਕ ਪਾਰਟੀਆਂ ਦੇ ਆਗੂਆਂ,ਗੰਭੀਰ ਵਿਦਿਆਰਥੀਆਂ ਨੂੰ ਲਾਜ਼ਮੀ ਇਹ ਪੁਸਤਕ ਪੜ੍ਹਨੀ ਚਾਹੀਦੀ ਹੈ;ਕਿਉਂਕਿ ਵਰਤਮਾਨ ਨੂੰ ਸਮਝਣ ਲਈ ਅਤੇ ਭਵਿੱਖ ਦੇ ਰਸਤੇ ਤੈਅ ਕਰਨ ਲਈ ਆਪਣੇ ਇਤਿਹਾਸ ਦੀ ਗੰਭੀਰ ਤੇ ਬਹੁਪਰਤੀ ਜਾਣਕਾਰੀ ਲਾਜ਼ਮੀ ਹੈ।ਪ੍ਰਸਿੱਧ ਇਤਿਹਾਸਕਾਰ ਈ ਐਚ ਕਾਰ ਦਾ ਇਹ ਕਥਨ ਕਿੰਨਾ ਪਿਆਰਾ ਹੈ ਕਿ “ਇਤਿਹਾਸ ਅਸਲ ਵਿੱਚ ਸਾਡੇ ਪੁਰਖਿਆਂ ਦਾ ਵਰਤਮਾਨ ਦੇ ਆਗੂਆਂ ਨਾਲ ਇਕ ਸੰਵਾਦ ਹੈ”। ਇਸ ਸੰਵਾਦ ਨੂੰ ਸਮਝਣ ਲਈ ਕੰਵਰਜੀਤ ਸਿੰਘ ਦੀ ਮਿਹਨਤ,ਯਤਨ ਅਤੇ ਤਿਆਗ ਨੂੰ ਮੁਬਾਰਕਬਾਦ।

Leave a Reply

Your email address will not be published. Required fields are marked *