Home » Uncategorized » ਅਮਰੀਕਾ ਦੀ ਯੂਟਾ ਸਟੇਟ ਵੱਲੋਂ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ‘ਤੇ ਮਨੁੱਖੀ ਇਤਿਹਾਸ ‘ਚ ਲਾਸਾਨੀ ਸ਼ਹਾਦਤ ਨੂੰ ਧਾਰਮਿਕ ਅਜ਼ਾਦੀ ਦੇ ਰੱਖਿਅਕ ਵਜੋਂ ਮਾਨਤਾ ਦੇਣ ਦਾ ਐਲਾਨ

ਅਮਰੀਕਾ ਦੀ ਯੂਟਾ ਸਟੇਟ ਵੱਲੋਂ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਪੁਰਬ ‘ਤੇ ਮਨੁੱਖੀ ਇਤਿਹਾਸ ‘ਚ ਲਾਸਾਨੀ ਸ਼ਹਾਦਤ ਨੂੰ ਧਾਰਮਿਕ ਅਜ਼ਾਦੀ ਦੇ ਰੱਖਿਅਕ ਵਜੋਂ ਮਾਨਤਾ ਦੇਣ ਦਾ ਐਲਾਨ

ਜੈਕਾਰਿਆਂ ਦੀ ਗੂੰਜ ‘ਚ ਸਾਹਿਬ ਸ਼੍ਰੀ ਗੁਰੂ ਸਾਹਿਬ ਦੀ ਹਾਜਰੀ ‘ਚ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਗਵਰਨਰ, ਹਾਊਸ ਆਫ ਰਿਪਰੈਜੈਂਟੇਟਿਵ ਅਤੇ ਕਾਂਗਰਸ ਮੈਂਬਰ ਵੱਲੋਂ ਕੀਤਾ ਮਾਨਤਾ ਪੱਤਰ ਜਾਰੀ-
ਵਿਸ਼ੇਸ਼ ਤੌਰ ‘ਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸੰਬੰਧੀ ਸਟੇਟ ਕੈਪੀਟਲ ਵਿਖੇ ਲਗਾਈ ਪ੍ਰਦਰਸ਼ਨੀ ਚੁਣੇ ਅਧਿਕਾਰੀਆਂ ਅਤੇ ਅਮਰੀਕਨ ਲੋਕਾਂ ਲਈ ਬਣੀ ਰਹੀ ਖਿੱਚ ਦਾ ਕੇਂਦਰ

ਚੰਡੀਗੜ੍ਹ/ਸਾਲਟ ਲੇਕ ਸਿਟੀ, ਯੂਟਾ 18 ਨਵੰਬਰ (ਮੰਗਤ ਸਿੰਘ ਸੈਦਪੁਰ) : ਸਿੱਖ ਕੌਮ ਲਈ ਅੱਜ ਦਾ ਦਿਨ ਬਹੁਤ ਮਾਣ ਵਾਲਾ ਅਤੇ ਇਤਿਹਾਸਿਕ ਬਣ ਗਿਆ ਜਦੋ ਅਮਰੀਕਾ ਦੀ ਯੂਟਾ ਸਟੇਟ ਵਿੱਚ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਇੱਕ ਬਹੁਤ ਯਾਦਗਾਰੀ ਸਮਾਗਮ ਕਰਵਾਇਆ ਗਿਆ। ਜਿਸ ਵਿੱਚ ਗੁਰੂ ਸਾਹਿਬ ਵੱਲੋਂ ਧਰਮ ਦੀ ਅਜਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਦਿੱਤੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਮਾਨਤਾ ਦਿੱਤੀ ਗਈ। ਇਸ ਲਈ ਯੂਟਾ ਸਟੇਟ ਦੀ ਸਿੱਖ ਲੀਡਰਸ਼ਿਪ ਅਤੇ ਸੰਗਤ, ਵਰਲਡ ਸਿੱਖ ਪਾਰਲੀਮੈਂਟ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਅਤੇ ਸਿੱਖ ਕਾਕਸ ਕਮੇਟੀ ਦੇ ਸਾਂਝੇ ਯਤਨਾਂ ਸਦਕਾ ਯੂਟਾ ਸਟੇਟ ਦੀ ਕੈਪੀਟਲ ਬਿਲਡਿੰਗ ਵਿੱਚ ਸਿੱਖਾਂ ਦੇ ਨੌਵੇ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ (24 ਨਵੰਬਰ 1675-24 ਨਵੰਬਰ 2025) ਸ਼ਹੀਦੀ ਦਿਹਾੜੇ ਉੱਪਰ ਉਹਨਾਂ ਦੀ ਮਹਾਨ ਕੁਰਬਾਨੀ ਨੂੰ ਰੈਕੋਗਨਾਈਜ਼ ਕਰਨ ਦਾ ਐਲਾਨ ਕੀਤਾ ਗਿਆ। ਇਸ ਖਾਸ ਪ੍ਰੋਗਰਾਮ ਵਿੱਚ ਯੂਟਾ ਸਟੇਟ ਦੇ ਹੇਠ ਲਿਖੇ ਚੁਣੇ ਹੋਏ ਨੁਮਾਇੰਦੇ ਮਾਨਯੋਗ ਡੀੲਡਰਾ ਹੈਂਡਰਿਕਸ (ਲੈਫ਼ਟੀਨੈਂਟ ਗਵਰਨਰ), ਮਾਈਕ ਮੋਵਰ (ਗਵਰਨਰ ਦੇ ਸੀਨੀਅਰ ਸਲਾਹਕਾਰ), ਐਂਥਨੀ ਲੂਬੇਟ (ਸਟੇਟ ਪ੍ਰਤਿਨਿਧੀ), ਮਾਈਕ ਕੇਰੀ (ਸਾਲਟ ਲੇਕ ਕਾਊਂਟੀ ਰਿਪਬਲਿਕਨ ਚੇਅਰ), ਕਰਿਸ ਨਲ (ਸਾਲਟ ਲੇਕ ਕਾਊਂਟੀ ਰਿਪਬਲਿਕਨ ਸਕੱਤਰ, ਸਾਬਕਾ ਚੇਅਰ), ਕੌਨਰ ਹਾਊਸ (ਕਾਂਗਰਸਵੁਮਨ ਸਲੇਸਟ ਮੈਲੋਈ ਦੇ ਕਮਿਊਨਿਟੀ ਆਉਟਰੀਚ ਕੋਆਰਡੀਨੇਟਰ), ਜ਼ੈਕ ਸ਼ੈਪਰਡ (ਕਾਂਗਰਸਵੁਮਨ ਸਲੇਸਟ ਮੈਲੋਈ ਆਫ਼ਿਸ ਦੇ ਕਮਿਊਨਿਟੀ ਆਉਟਰੀਚ, ਸਾਲਟ ਲੇਕ ਅਤੇ ਡੇਵਿਸ ਕਾਊਂਟੀਜ਼), ਕਾਰਲੋਸ ਮੋਰੈਨੋ (ਸਾਲਟ ਲੇਕ ਕਾਊਂਟੀ ਕਾਊਂਸਿਲਮੈਨ) ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ। ਜਿੱਥੇ ਭਾਰਤ ਵਿੱਚ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਸ਼ਤਾਬਦੀ ਸਮਾਗਮ ਨੂੰ ਮਨਾਉਣ ਵਿੱਚ ਸਰਕਾਰੀ ਦਖਲਅੰਦਾਜ਼ੀ ਦੇ ਨਾਲ ਕੁਝ ਭੇਖੀ ਸਿੱਖਾਂ ਰਾਹੀਂ ਸਿੱਖ ਇਤਿਹਾਸ ਨੂੰ ਤੋੜ ਮਰੋੜ ਕੇ ਪੇਸ਼ ਕਰਨ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਬਹੁਤ ਛੋਟਾ ਕਰਕੇ ਪੇਸ਼ ਕਰਨ ਦੇ ਯਤਨ ਕੀਤੇ ਜਾ ਰਹੇ ਹਨ ਤਾਂ ਕਿ ਸਿੱਖ ਧਰਮ ਦੀ ਵਿਲੱਖਣਤਾ ਖਤਮ ਕਰਕੇ ਹਿੰਦੂਤਵਾ ਦੇ ਖਾਰੇ ਸਮੁੰਦਰ ਵਿੱਚ ਜਜਬ ਕੀਤਾ ਜਾਵੇ। ਉੱਥੇ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਸਿੱਖ ਸੰਸਥਾਵਾਂ ਦੇ ਯਤਨਾਂ ਦੁਆਰਾ ਸ਼੍ਰਿਸ਼ਟ ਦੀ ਚਾਦਰ ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਧਾਰਮਿਕ ਆਜ਼ਾਦੀ ਦੇ ਰਾਖੇ ਅਤੇ ਮਨੁੱਖੀ ਅਧਿਕਾਰਾਂ ਦੇ ਪਿਤਾਮਾ ਵਜੋਂ ਮਾਨਤਾ ਦੇਣ ਦੇ ਘੋਸ਼ਣਾ ਪੱਤਰ ਜਾਰੀ ਕੀਤੇ ਜਾ ਰਹੇ ਹਨ ।

ਅੱਜ ਦੇ ਇਸ ਘੋਸ਼ਣਾ ਪੱਤਰ ਵਿਚ ਕਿਹਾ ਗਿਆ ਹੈ ਕਿ ਸਿੱਖ ਧਰਮ ਪੰਜਾਬ ਵਿੱਚ ਗੁਰੂ ਨਾਨਕ ਸਾਹਿਬ ਦੁਆਰਾ 15ਵੀਂ ਸਦੀ ਵਿੱਚ ਸ਼ੁਰੂ ਕੀਤਾ ਗਿਆ। ਜਿਸ ਦੇ ਅਮਰੀਕਾ ਵਿੱਚ 1,000,000 ਅਤੇ ਦੁਨੀਆਂ ਭਰ ਵਿੱਚ 35,000,000 ਦੇ ਕਰੀਬ ਅਨੁਯਾਈ ਹਨ। ਸਿੱਖ ਧਰਮ ਵਿੱਚ ਮਨੁੱਖਤਾ ਦੀ ਸੇਵਾ, ਸੱਚੀ ਕਿਰਤ, ਅਤੇ ਇੱਕ ਪ੍ਰਮਾਤਮਾ ਦਾ ਨਾਮ ਜਪਣ ਦੀ ਮਹੱਤਤਾ ਹੈ। ਅਮਰੀਕੀ ਕਦਰਾਂ ਕੀਮਤਾਂ ਵਾਂਗ ਸਿੱਖ ਕੌਮ ਵੀ ਆਮ ਲੋਕਾਂ ਅਤੇ ਲੋੜਵੰਦਾਂ ਦੀ ਮਦਦ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਮਤੇ ਵਿੱਚ ਅੱਗੇ ਕਿਹਾ ਗਿਆ ਹੈ ਕਿ, ਗੁਰੂ ਤੇਗ਼ ਬਹਾਦਰ ਸਾਹਿਬ ਜੀ ਨੇ 24 ਨਵੰਬਰ 1675 ਨੂੰ ਆਪਣੇ ਤਿੰਨ ਸਿੱਖਾਂ ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲਾ ਜੀ ਸਮੇਤ, ਦੂਜਿਆਂ ਦੇ ਜਬਰੀ ਕੀਤੇ ਜਾ ਰਹੇ ਧਰਮ ਪਰਿਵਰਤਨ ਨੂੰ ਰੋਕਣ ਲਈ ਅਤੇ ਮਨੁੱਖਤਾ ਦੀ ਖਾਤਰ ਧਾਰਮਿਕ ਅਜ਼ਾਦੀ ਦੇ ਰਾਖੇ ਬਣ ਕੇ ਸ਼ਹਾਦਤ ਦਿਤੀ। ਇਸ ਲਈ ਉਨ੍ਹਾਂ ਨੂੰ ਪਿਆਰ ਨਾਲ ਸ੍ਰਿਸ਼ਟੀ ਦੀ ਚਾਦਰ ਜਾਂ “ਮਨੁੱਖੀ ਅਧਿਕਾਰਾਂ ਦੀ ਢਾਲ” ਵਜੋਂ ਯਾਦ ਕੀਤਾ ਜਾਂਦਾ ਹੈ।  ਇਸ ਲਈ ਯੂਟਾ ਸਟੇਟ ਵੱਲੋਂ ਸਾਹਿਬ ਸ਼੍ਰੀ ਗੁਰੂ ਸਾਹਿਬ ਦੀ ਸ਼ਹਾਦਤ ਦੇ 350 ਸਾਲਾ ਸ਼ਤਾਬਦੀ ਨੂੰ ਸਿੱਖ ਇਤਿਹਾਸ ਅਤੇ ਨਾਲ ਹੀ ਪੂਰੇ ਮਨੁੱਖਤਾ ਦੇ ਇਤਿਹਾਸ ਵਿੱਚ ਇਕ ਅਹਿਮ ਵਰਤਾਰੇ ਵਜੋਂ ਮਾਨਤਾ ਦਿੱਤੀ ਗਈ ਅਤੇ ਨਾਲ ਹੀ ਸਿੱਖਾਂ ਵੱਲੋਂ ਪਾਏ ਗਏ ਯੋਗਦਾਨ ਨੂੰ ਵੀ ਵਡਿਆਈ ਦਿੱਤੀ ਗਈ ਹੈ।  ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਚੱਲ ਰਹੇ ਸਮਾਗਮ ਵਿੱਚ ਮਾਹੌਲ ਬਹੁਤ ਹੀ ਭਾਵੁਕ ਹੋ ਗਿਆ ਅਤੇ ਸਟੇਟ ਕੈਪੀਟਲ ਬਿਲਡਿੰਗ ਵਿੱਚ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਅਤੇ ਹੋਰਨਾਂ ਨੇ ਜੈਕਾਰਿਆਂ ਦੀ ਗੂੰਜ ਵਿਚ ਗੁਰੂ ਸਾਹਿਬ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।  ਖਾਸ ਗੱਲ ਇਹ ਹੈ ਕਿ ਇਸ ਮੌਕੇ ਤੇ ਨਵੰਬਰ 1984 ਦੀ ਸਿੱਖ ਨਸਲਕੁਸ਼ੀ ਸੰਬੰਧੀ ਲਗਾਈ ਗਈ ਬਹੁਤ ਵਿਸਥਾਰਿਤ ਪ੍ਰਦਰਸ਼ਨੀ ਨੂੰ ਚੁਣੇ ਹੋਏ ਅਧਿਕਾਰੀਆਂ ਅਤੇ ਅਮਰੀਕਨ ਲੋਕਾਂ ਨੇ ਬਹੁਤ ਗਹੁ ਨਾਲ ਵੇਖ ਕੇ ਇਸ ਸਬੰਧੀ ਜਾਣਕਾਰੀ ਹਾਸਲ ਕੀਤੀ ਅਤੇ ਭਾਰਤ ਸਰਕਾਰ ਵੱਲੋਂ ਕਰਵਾਏ ਇਸ ਜੈਨੋਸਾਈਡ ਬਾਰੇ ਜਾਣ ਕੇ ਦੰਗ ਰਹਿ ਗਏ।
ਇਸ ਸਮੇਂ ਖ਼ਾਸ ਤੌਰ ਤੇ ਹਾਜ਼ਰੀ ਭਰ ਰਹੇ ਸ. ਹਿੰਮਤ ਸਿੰਘ (ਕੋਆਰਡੀਨੇਟਰ ਵਲਰਡ ਸਿੱਖ ਪਾਰਲੀਮੈਂਟ) ਨੇ ਕਿਹਾ ਕਿ ਮਨੁੱਖਤਾ ਦੇ ਰਹਿਬਰ ਸਾਹਿਬ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਤੋਂ ਸੇਧ ਲੈ ਕੇ ਸਮੁੱਚੇ ਸੰਸਾਰ ਨੂੰ ਉੱਨਾਂ ਦੇ ਦਰਸਾਏ ਮਾਰਗ ਉੱਤੇ ਚੱਲਦਿਆਂ ਹਰੇਕ ਦੀ ਧਾਰਮਿਕ ਅਜ਼ਾਦੀ ਅਤੇ ਮਨੁੱਖੀ ਹੱਕਾਂ ਦੀ ਕਦਰ ਕਰਨ ਦੀ ਲੋੜ ਹੈ, ਅਤੇ ਉੱਨਾਂ ਸਮੂਹ ਸੰਗਤਾਂ ਅਤੇ ਸੰਸਥਾਵਾਂ ਦਾ ਧੰਨਵਾਦ ਵੀ ਕੀਤਾ। ਡਾ. ਪ੍ਰਿਤਪਾਲ ਸਿੰਘ (ਸਿੱਖ ਕਾਕਸ ਕਮੇਟੀ) ਨੇ ਕਿਹਾ ਕਿ ਯੂਟਾ ਸਟੇਟ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਦੁਨੀਆਂ ਦੇ ਇਤਿਹਾਸ ਵਿੱਚ ਨਿਵੇਕਲੀ ਸ਼ਹਾਦਤ ਨੂੰ ਮਾਨਤਾ ਦੇ ਕੇ ਸਿੱਖ ਕੌਮ ਦੇ ਨਾਲ ਸਮੁੱਚੀ ਮਨੁੱਖਤਾ ਦਾ ਮਾਣ ਵਧਾਇਆ ਹੈ।
ਯੂਟਾ ਸਟੇਟ ਦੇ ਗੁਰਦੁਆਰਾ ਸਾਹਿਬਾਨ ਤੋਂ ਸਿੱਖ ਲੀਡਰਸ਼ਿਪ ਅਤੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਸੰਗਤ ਨੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕੀਤੀ। ਇਸ ਮਹੱਤਵਪੂਰਨ ਸਮਾਗਮ ਵਿਚ ਸ਼ਾਮਲ ਹੋਣ ਵਾਲਿਆਂ ਵਿਚ ਸ. ਹਰਮਿੰਦਰ ਸਿੰਘ ਆਹਲੂਵਾਲੀਆ (ਕੋਆਰਡੀਨੇਟਰ ਹਿਊਮੈਨ ਰਾਈਟਸ ਕਾਊਂਸਿਲ ਵਰਲਡ ਸਿੱਖ ਪਾਰਲੀਮੈਂਟ ), ਸ. ਗੁਰਤੇਜ ਸਿੰਘ ਨਿਊਯਾਰਕ (ਵਰਲਡ ਸਿੱਖ ਪਾਰਲੀਮੈਂਟ), ਅਤੇ ਹੋਰ ਵੀ ਬਹੁਤ ਸਾਰੇ ਆਗੂ ਅਤੇ ਸੰਗਤਾਂ ਮੌਜੂਦ ਸਨ।  ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਿਜਦਾ ਕਰਦਿਆਂ ਅਮਰੀਕਾ ਭਰ ਤੋਂ ਇਸ ਉਪਰਾਲੇ ਦੀ ਸ਼ਲਾਘਾ ਕਰਨ ਵਾਲਿਆਂ ਵਿਚ ਸ. ਹਰਜਿੰਦਰ ਸਿੰਘ ਮੀਡੀਆ ਸਪੋਕਸਮੈਨ ਐਸ ਸੀਸੀਈਸੀ, ਸ. ਜਸਵੰਤ ਸਿੰਘ ਹੋਠੀ (ਪ੍ਰੈਜੀਡੈਂਟ ਏਜੀਪੀਸੀ), ਸ. ਭਗਤ ਸਿੰਘ ਡੇਕਵਾਲਾ (ਪੈਨਸਿਲਵੇਨੀਆਂ), ਸ. ਜਗਰਾਜ ਸਿੰਘ ਨਿਊਜਰਸੀ (ਐਸਸੀਸੀਈਸੀ), ਸ. ਸੁਰਜੀਤ ਸਿੰਘ ਕੁਲਾਰ (ਐਸਏਡੀਏ), ਸ. ਬਲਵਿੰਦਰ ਸਿੰਘ ਚੱਠਾ, ਸ. ਨਰਿੰਦਰ ਸਿੰਘ, ਸ. ਬੂਟਾ ਸਿੰਘ ਖੜੌਦ (ਐਸਏਡੀਏ), ਸ. ਰਜਿੰਦਰ ਸਿੰਘ (ਬੀਬੀਐਸਬੀ ਸੋਸਾਇਟੀ), ਸ. ਗੁਰਮੇਲ ਸਿੰਘ ਨਿਊਯਾਰਕ ਆਦਿ ਜਿਕਰਯੋਗ ਹਨ।

Leave a Reply

Your email address will not be published. Required fields are marked *