
ਚੰਡੀਗੜ੍ਹ 6 ਸਤੰਬਰ (ਮੰਗਤ ਸਿੰਘ ਸੈਦਪੁਰ) : ਹਿੰਦੂ ਧਰਮ ਨੂੰ ਬਚਾਉਣ ਵਾਲੇ ਸਿੱਖ ਕੌਮ ਦੇ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਨ੍ਹਾਂ ਨੂੰ ‘ਸ੍ਰੀ ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ’ ਦੇ ਨਾਮ ਨਾਲ ਵੀ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਜਾਣਿਆ ਜਾਂਦਾ ਹੈ। ਪਰੰਤੂ ਅੱਜ ਜੋ ਇੰਡੀਅਨ ਸਟੇਟ ਹਿੰਦੂ ਬਹੁ ਗਿਣਤੀ ਵੱਲੋਂ ਸਿੱਖ ਗੁਰੂ ਸਾਹਿਬ ਦੀਆਂ ਸਿੱਖ ਸੰਗਤਾਂ ਨਾਲ ਪੰਜਾਬ ‘ਚ ਜੋ ਅਣਹੋਈਆਂ ਅਤੇ ਅਣਸੁਖਾਵੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਉਹ ਬਹੁਤ ਹੀ ਨਿੰਦਣਯੋਗ ਅਤੇ ਘਿਨਾਉਣਾ ਹੈ। ਇਸ ਸਬੰਧ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਅਤੇ ਭਾਈ ਜੈਤਾ ਜੀ ਫਾਉਂਡੇਸ਼ਨ ਵੱਲੋਂ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਦਾ 364 ਵਾਂ ਜਨਮ ਦਿਨ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਪਲਾਟ ਨੰ. 1, ਸੈਕਟਰ 28-ਏ, ਚੰਡੀਗੜ੍ਹ ਵਿਖੇ ਬੜੇ ਉਤਸ਼ਾਹ ਤੇ ਸ਼ਰਧਾ ਨਾਲ ਮਨਾਇਆ ਗਿਆ। ਸਮਾਗਮ ਵਿੱਚ ਇੰਜੀਨੀਅਰ, ਮੈਡੀਕਲ ਅਤੇ ਪੱਤਰਕਾਰੀ ਦੀ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਵੱਲੋਂ ਹਾਜ਼ਰੀ ਭਰੀ ਗਈ। ਇਹਨਾਂ ਤੋਂ ਇਲਾਵਾ ਗੁਰਦੁਆਰਾ ਬਾਬਾ ਜੀਵਨ ਸਿੰਘ ਮੋਹਾਲੀ ਤੋ ਸ. ਮਹਿੰਦਰ ਸਿੰਘ, ਭਗਤ ਸਿੰਘ, ਪ੍ਰਿੰਸ ਸਰਬਜੀਤ ਸਿੰਘ, ਸੁਖਦੇਵ ਸਿੰਘ, ਉੱਘੇ ਸਰਜਨ ਤੇ ਸਮਾਜ ਵਿਗਿਆਨੀ ਡਾ. ਪਿਆਰਾ ਲਾਲ ਗਰਗ, ਭਾਈ ਜੈਤਾ ਜੀ ਫਾਉਂਡੇਸ਼ਨ ਦੇ ਸਰਪ੍ਰਸਤ ਭਾਈ ਹਰਪਾਲ ਸਿੰਘ, ਫਾਉਂਡੇਸ਼ਨ ਦੇ ਸੰਚਾਲਕ ਜਸਵਿੰਦਰ ਸਿੰਘ ਪਸਰੀਚਾ, ਮੈਡਮ ਜਸਬੀਰ ਕੌਰ ਬਾਵਾ, ਮੈਡਮ ਸੇਠੀ, ਸੀਨੀਅਰ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ, ਆਲ ਇੰਡੀਆ ਰੇਡੀਓ ਪ੍ਰੀਤਮ ਸਿੰਘ ਰੁਪਾਲ, ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ ਵਿਸ਼ੇਸ ਤੌਰ ਤੇ ਸਾਮਲ ਹੋਏ। ਸਮਾਗਮ ਦੌਰਾਨ ਸਭ ਤੋਂ ਪਹਿਲਾ ਭਾਈ ਦਵਿੰਦਰ ਸਿੰਘ ਦੇ ਰਾਗੀ ਜਥੇ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਬਆਦ ਵਿੱਚ ਬੀਬੀ ਸੁਖਪਾਲ ਕੌਰ ਬਡਬਰ, ਪ੍ਰੇਮ ਸਿੰਘ, ਗਗਨਦੀਪ ਸਿੰਘ ਤੇ ਗੁਰਜੋਤ ਸਿੰਘ ਦੇ ਢਾਡੀ ਜਥੇ ਵੱਲੋਂ ਭਾਈ ਜੈਤਾ ਜੀ ਦਾ ਪ੍ਰਸੰਗ ਸੁਣਾਇਆ। ਭਾਈ ਦਿਯਾ ਸਿੰਘ ਦਿੱਲੀ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦੀ ਕਥਾ ਸੁਣਾਈ। ਇਸ ਦੌਰਾਨ ਆਪਣੇ ਵਿਚਾਰ ਪ੍ਰਗਟ ਕਰਦਿਆਂ ਡਾ. ਪਿਆਰਾ ਲਾਲ ਗਰਗ ਨੇ ਕਿਹਾ ਜੋ ਵਿਦਿਆਰਥੀ ਮੈਡੀਕਲ ਜਾ ਇੰਜਨੀਅਰਿੰਗ ਦੀ ਪੜ੍ਹਾਈ ਕਰ ਰਹੇ ਹਨ, ਉਹਨਾਂ ਨੂੰ ਧਰਮ, ਰੂਹਾਨੀਅਤ ਅਤੇ ਸਮਾਜ ਵਿਗਿਆਨ ਦੀ ਜਾਣਕਾਰੀ ਹੋਣੀ ਜ਼ਰੂਰੀ ਹੈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ ਨੇ ਕਿਹਾ ਕਿ ਭਾਈ ਜੈਤਾ ਜੀ ਨੇ ਜੋ ਅਹਿਮ ਰੋਲ ਨਿਭਾਇਆ ਹੈ, ਉਹ ਗੁਰੂ ਨਾਨਕ ਸਾਹਿਬ ਜੀ ਦੀ ਬਖਸ਼ਿਸ਼ ਅਨੁਸਾਰ ਹੀ ਨਿਭਾਇਆ ਹੈ ਕਿਉਂਕਿ ਗੁਰੂ ਸਾਹਿਬ ਨੇ ਨੀਚ ਕਹਿ ਕੇ ਦੁਰਕਾਰੇ ਲੋਕਾਂ ਨੂੰ ਗਲ ਨਾਲ ਲਾਇਆ ਸੀ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਜੋ ਇੱਥੇ ਬੱਚੇ ਪੜ੍ਹ ਰਹੇ ਹਨ, ਉਹਨਾਂ ਦੇ ਨਾਲ ਨਾਲ ਸਾਰੇ ਸਮਾਜ ਨੂੰ ਭਾਈ ਜੈਤਾ ਜੀ ਦੀ ਕੁਰਬਾਨੀ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ। ਭਾਈ ਜੈਤਾ ਜੀ ਫਾਉਂਡੇਸ਼ਨ ਦੇ ਸਰਪ੍ਰਸਤ ਭਾਈ ਹਰਪਾਲ ਸਿੰਘ ਨੇ ਕਿਹਾ ਕਿ ਜਦ ਉਹਨਾਂ ਨੇ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਜਥੇਬੰਦੀ ਬਣਾਉਣ ਬਾਰੇ ਸੋਚਿਆ ਸੀ ਤਾਂ ਭਾਈ ਜੈਤਾ ਜੀ ਤੋਂ ਸੁੱਚਜਾ ਨਾਅ ਕੋਈ ਸੁੱਝਿਆ ਨਹੀਂ ਸੀ। ਉਹਨਾਂ ਕਿਹਾ ਕਿ ਜੋ ਸਿੱਖ ਅੱਜ ਜਾਤ-ਪਾਤ ਨੂੰ ਮੰਨਦਾ ਹੈ, ਉਹ ਗੁਰੂ ਗੋਬਿੰਦ ਸਿੰਘ ਦਾ ਸਿੱਖ ਹੀ ਨਹੀਂ ਹੈ।


