
ਸਾਹਿਬਜ਼ਾਦਾ ਅਜੀਤ ਸਿੰਘ ਨਗਰ 6 ਸਤੰਬਰ (ਮੰਗਤ ਸਿੰਘ ਸੈਦਪੁਰ) : ਕੌਮੀ ਇਨਸਾਫ਼ ਮੋਰਚੇ ਦੀ ਤਾਲਮੇਲ ਕਮੇਟੀ ਦੀ ਮੀਟਿੰਗ ਮੋਰਚਾ ਦੇ ਪੰਡਾਲ ਵਿੱਚ ਹੋਈ ਜਿਸ ਵਿੱਚ ਤਾਲਮੇਲ ਕਮੇਟੀ ਦੇ ਸੀਨੀਅਰ ਆਗੂਆਂ ਨੇ ਵੱਡੇ ਪੱਧਰ ‘ਤੇ ਹਿੱਸਾ ਲਿਆ।l ਮੀਟਿੰਗ ਦੀ ਪ੍ਰਧਾਨਗੀ ਮੋਰਚੇ ਦੇ ਸਰਪ੍ਰਸਤ ਬਾਪੂ ਗੁਰਚਰਨ ਸਿੰਘ ਨੇ ਕੀਤੀ l ਮੀਟਿੰਗ ਵਿੱਚ ਮੋਰਚੇ ਦੇ ਬੁਲਾਰੇ ਜਥੇਦਾਰ ਗੁਰਦੀਪ ਸਿੰਘ ਬਠਿੰਡਾ, ਸੀਨੀਅਰ ਕਿਸਾਨ ਆਗੂ ਬੰਦੀ ਸਿੰਘ ਬਲਜੀਤ ਸਿੰਘ ਭਾਊ, ਜਥੇਦਾਰ ਬਲਬੀਰ ਸਿੰਘ ਬੈਰੋਂਪੁਰ, ਸ. ਪਾਲ ਸਿੰਘ ਘੜੂੰਆਂ, ਜਥੇਦਾਰ ਰਸ਼ਪਾਲ ਸਿੰਘ ਚੰਡੀਗੜ੍ਹ, ਪ੍ਰਧਾਨ ਗੁਰਨਾਮ ਸਿੰਘ ਸਿੱਧੂ, ਭਾਈ ਤਜਿੰਦਰ ਸਿੰਘ ਹਾਈ ਜੈਕਰ, ਸ.ਗੁਰਜੰਟ ਸਿੰਘ ਪਟਿਆਲਾ, ਬੀਬੀ ਜਸਵੀਰ ਕੌਰ , ਸ ਅਵਤਾਰ ਸਿੰਘ, ਸ. ਸ਼ਰਨਜੀਤ ਸਿੰਘ, ਸ. ਬਹਾਦਰ ਸਿੰਘ, ਜਥੇਦਾਰ ਪਰਮਜੀਤ ਸਿੰਘ ਨਿਹੰਗ ਸਿੰਘ, ਸ. ਮਨਜਿੰਦਰ ਸਿੰਘ, ਸ. ਧਰਮ ਸਿੰਘ, ਸ. ਜਸਵੰਤ ਸਿੰਘ, ਬੀਬੀ ਹਰਜਿੰਦਰ ਕੌਰ, ਰੇਸ਼ਮ ਸਿੰਘ ਖਰੜ ਸਮੇਤ ਸਮੁੱਚੀ ਕਮੇਟੀ ਹਾਜ਼ਰ ਸੀ। ਇਸ ਤੋਂ ਪਹਿਲਾਂ ਕੱਲ ਪਟਿਆਲਾ ਵਿਖੇ ਡ. ਦਰਸ਼ਨ ਪਾਲ, ਬਾਬਾ ਸੁਖਦੇਵ ਸਿੰਘ ਨਾਨਕਸਰ, ਜਤਿੰਦਰ ਸਿੰਘ ਈਸੜੂ, ਬਾਬਾ ਅਮਰਜੀਤ ਸਿੰਘ ਮਰਿਆਦਾ ਅਤੇ ਪਟਿਆਲੇ ਦੇ ਹੋਰ ਜਿੰਮੇਵਾਰ ਸਿੰਘਾਂ ਨਾਲ ਮੋਰਚੇ ਦੇ ਪ੍ਰੋਗਰਾਮ ਸਬੰਧੀ ਵਿਚਾਰਾਂ ਹੋਈਆਂ। ਮੀਟਿੰਗ ਵਿੱਚ ਪੰਜਾਬ ਚ ਹੜਾਂ ਦੀ ਹਾਲਤਾਂ ਬਾਰੇ ਗੁਰੂ ਅੱਗੇ ਅਰਦਾਸ ਕੀਤੀ ਅਤੇ ਗੁਰਮੰਤਰ ਦਾ ਜਾਪ ਕੀਤਾ। ਪੰਜਾਬ ਦੇ ਲੋਕਾਂ ਅਤੇ ਸੰਸਥਾਵਾਂ ਵੱਲੋਂ ਬਹੁਤ ਵੱਡੇ ਪੱਧਰ ਤੇ ਕੀਤੇ ਜਾ ਰਹੇ ਉਪਰਾਲਿਆਂ ਦੀ ਸਲਾਂਘਾ ਕਰਦੇ ਹੋਏ ਪੰਜਾਬ ਦੇ 3 ਕਰੋੜ ਲੋਕਾਂ ਨੂੰ ਬੇਨਤੀ ਕੀਤੀ ਗਈ ਕਿ ਹਰ ਵਿਅਕਤੀ ਆਪਣੀ ਸਮਰੱਥਾ ਮੁਤਾਬਿਕ ਇਸ ਔਖੀ ਘੜੀ ਵਿੱਚ ਆਪਣਾ ਯੋਗਦਾਨ ਪਾਵੇ। ਇਸ ਨਾਲ ਜਿੱਥੇ ਅਸੀਂ ਆਪਣੇ ਹੜ ਪੀੜਤਾਂ ਦੀ ਮਦਦ ਕਰਕੇ ਆਪਣਾ ਫਰਜ਼ ਪੂਰਾ ਕਰਾਂਗੇ। ਉੱਥੇ ਪੰਜਾਬ ਦਾ ਨਾਮ ਵੀ ਉੱਚਾ ਹੋਵੇਗਾ, ਭਾਈਚਾਰਕ ਸਾਂਝ ਮਜਬੂਤ ਹੋਏਗਾ ਅਤੇ ਗੁਰੂ ਦੇ ਘਰ ਵੀ ਸਾਡੀ ਹਾਜ਼ਰੀ ਲੱਗੇਗੀ। ਦੂਸਰੇ ਫੈਸਲੇ ਮੁਤਾਬਿਕ ਪੰਜਾਬ ਦੀਆਂ ਸਾਰੀਆਂ ਜੱਥੇਬੰਦੀਆਂ ਜਿਨਾਂ ਵਿੱਚ ਕਿਸਾਨ ਜੱਥੇਬੰਦੀਆਂ, ਪੰਥਕ ਜੱਥੇਬੰਦੀਆਂ, ਸਮਾਜਿਕ,ਰਾਜਨੀਤਿਕ ਅਤੇ ਧਾਰਮਿਕ ਜੱਥੇਬੰਦੀਆਂ ਤੇ ਸ਼ਖਸ਼ੀਅਤਾਂ, ਦਲਿਤ ਜੱਥੇਬੰਦੀਆਂ, ਪੰਜਾਬ ਦੇ ਸਾਰੇ ਧਰਮਾਂ ਨਾਲ ਸੰਬੰਧਿਤ ਸੁਹਿਰਦ ਜੱਥੇਬੰਦੀਆਂ ਦੀ 17 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਨੂੰ ਹੜ੍ਹਾਂ ਦੇ ਕਾਰਨ ਮੁਲਤਵੀ ਕਰਕੇ 29 ਸਤੰਬਰ ਨੂੰ ਕਿਸਾਨ ਭਵਨ ਚੰਡੀਗੜ੍ਹ ਵਿੱਚ ਰੱਖੀ ਗਈ ਹੈ l ਮੀਟਿੰਗ ਨੂੰ ਕਾਮਯਾਬ ਕਰਨ ਲਈ ਡਿਊਟੀਆਂ ਲਾਈਆਂ ਗਈਆਂ l ਮੀਟਿੰਗ ਵਿੱਚ ਸਰਬ ਸੰਮਤੀ ਨਾਲ ਸਹਿਮਤੀ ਪ੍ਰਗਟਾਈ। ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹਾਦਤ ਦੁਨੀਆਂ ਦੇ ਇਤਿਹਾਸ ਦੀ ਇੱਕ ਵਿਲੱਖਣ ਉਦਾਹਰਣ ਹੈ ਅਤੇ ਮਨੁੱਖੀ ਅਧਿਕਾਰਾਂ ਸਬੰਧੀ ਲਾਸਾਨੀ ਇਤਿਹਾਸ ਦਾ ਪੰਨਾ ਹੈ। ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਪੰਜਾਬ ਅਤੇ ਵਿਸ਼ੇਸ਼ ਕਰਕੇ ਸਿੱਖਾਂ ਨਾਲ ਅਕਿਰਤਘਣਤਾ ਦਾ ਪਾਪ ਕਰ ਰਹੀਆਂ ਹਨ । ਇਸ ਲਈ ਗੁਰੂ ਸਾਹਿਬ ਦੀ ਸ਼ਹਾਦਤ ਦੀ 350 ਸਾਲਾਂ ਦਿਵਸ ਉਪਰ ਦੋਵਾਂ ਸਰਕਾਰਾਂ ਦੇ ਕਿਸੇ ਵੀ ਪ੍ਰੋਗਰਾਮ ਵਿੱਚ ਸਾਂਝ ਨਹੀਂ ਪਾਈ ਜਾਵੇਗੀ। ਪੰਜਾਬ ਦੇ ਸਮੁੱਚੇ ਦਰਦਬੰਦੀ ਲੋਕਾ ਨੂੰ ਇਕੱਠਾ ਕਰਕੇ 29 ਸਤੰਬਰ ਨੂੰ ਸ਼ਹਾਦਤ ਦਿਵਸ ਮਨਾਉਣ ਦੇ ਢੰਗ ਸਬੰਧੀ ਫੈਸਲੇ ਕੀਤੇ ਜਾਣਗੇ। ਖਾਸ ਗੱਲ ਇਹ ਹੈ ਕਿ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿਆਸੀ ਬੰਦੀ ਸਿੰਘ, ਲਾਪਤਾ 328 ਸਰੂਪਾਂ ਬਹਿਬਲ ਕਲਾਂ ਗੋਲੀ ਕਾਡ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋਈਆਂ ਬੇਅਦਬੀਆਂ ਦਾ ਇਨਸਾਫ ਲੈਣ ਲਈ ਦੋ-ਢਾਈ ਸਾਲਾਂ ਤੋਂ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਸਰਹੱਦ ਉੱਤੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ। ਪਰੰਤੂ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੇ ਰਿਹਾਈ ਨਹੀਂ ਕੀਤੀ ਜਾ ਰਹੀ ਅਤੇ ਨਾ ਹੀ ਬਹਿਬਲ ਕਲਾਂ ਗੋਲੀ ਕਾਂਢ ਦੇ ਦੋਸ਼ੀਆਂ ਨੂੰ ਸਜਾਵਾਂ ਦਿੱਤੀਆਂ ਜਾ ਰਹੀਆਂ ਹਨ। ਇਹਨਾਂ ਤੋਂ ਇਲਾਵਾ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਕਰਨ ਦੇ ਦੋਸ਼ੀਆਂ ਨੂੰ ਸਜਾਵਾਂ ਦੇਣ ਦੀਆਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਜਿਸ ਕਾਰਨ ਕੌਮੀ ਇਨਸਾਫ ਮੋਰਚੇ ਦੀ ਤਾਲਮੇਲ ਕਮੇਟੀ ਵੱਲੋਂ ਸਮੇਂ-ਸਮੇਂ ਤੇ ਰੋਸ ਪ੍ਰਦਰਸ਼ਨ ਅਤੇ ਧਰਨੇ ਵਗੈਰਾ ਦੇ ਕੇ ਕੇਂਦਰ ਅਤੇ ਪੰਜਾਬ ਸਰਕਾਰਾਂ ਨੂੰ ਸੁਨੇਹਾ ਦਿੱਤਾ ਜਾਂਦਾ ਹੈ ਕਿ ਖਾਲਸਾ ਪੰਥ ਅਤੇ ਸਿੱਖ ਕੌਮ ਨਾਲ ਹੋ ਰਹੀਆਂ ਬੇਇਨਸਾਫੀਆਂ ਦਾ ਇਨਸਾਫ ਦੇਣ ਲਈ ਵਿਸ਼ੇਸ਼ ਤੌਰ ‘ਤੇ ਧਿਆਨ ਦਿੱਤਾ ਜਾਵੇ।


