Home » Uncategorized » ਗੁਰਦੁਆਰਾ ਅੰਬ ਸਾਹਿਬ ਨਾਲ ਸਬੰਧਤ ਸਦੀਆਂ ਪੁਰਾਣੇ ਅੰਬਾਂ ਦੇ ਦਰਖਤ ਨੂੰ ‘ਫਿਨਿਕਸ ਮੋਂਲ’ ਵਲੋਂ ਬੇਰਹਿਮੀ ਨਾਲ ਕੱਟਣ ਤੋਂ ਬਚਾਉਣ ਲਈ 4 ਸਤੰਬਰ ਨੂੰ ਕੀਤਾ ਜਾਵੇਗਾ ਪੁੱਡਾ ਦਫਤਰ ਦਾ ਘਿਰਾਓ : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ

ਗੁਰਦੁਆਰਾ ਅੰਬ ਸਾਹਿਬ ਨਾਲ ਸਬੰਧਤ ਸਦੀਆਂ ਪੁਰਾਣੇ ਅੰਬਾਂ ਦੇ ਦਰਖਤ ਨੂੰ ‘ਫਿਨਿਕਸ ਮੋਂਲ’ ਵਲੋਂ ਬੇਰਹਿਮੀ ਨਾਲ ਕੱਟਣ ਤੋਂ ਬਚਾਉਣ ਲਈ 4 ਸਤੰਬਰ ਨੂੰ ਕੀਤਾ ਜਾਵੇਗਾ ਪੁੱਡਾ ਦਫਤਰ ਦਾ ਘਿਰਾਓ : ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ

ਸਮੂਹ ਪੰਥਕ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਗੁਰੂ ਪ੍ਰਤੀ ਹਮਦਰਦੀ ਰੱਖਣ ਵਾਲੀਆਂ ਦੇਸ਼ ਵਿਦੇਸ਼ ਦੀਆਂ  ਸੰਗਤਾਂ ਨੂੰ ਦੇਣਾ ਚਾਹੀਦਾ ਦਿਲੋਂ ਸਮਰਥਨ.,.
ਸਾਹਿਬਜ਼ਾਦਾ ਅਜੀਤ ਸਿੰਘ ਨਗਰ 2 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ਦੇ ਖਾਸ ਕਰਕੇ ਸਿੱਖ ਇਤਿਹਾਸ ਨੂੰ ਮਿਟਾਉਣ ਲਈ ਵੱਡੇ ਪੱਧਰ ‘ਤੇ ਆਰਐਸਐਸ ਤੇ ਹਿੰਦੂ ਬਹੁ ਗਿਣਤੀ ਦੀਆਂ ਸਰਕਾਰੀ ਏਜੰਸੀਆਂ ਅਤੇ ਸਿੱਖ ਵਿਰੋਧੀ ਕਾਰਕੁਨਾਂ ਵੱਲੋਂ ਵੱਡੇ ਪੱਧਰ ‘ਤੇ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ। ਇਸੇ ਤਰ੍ਹਾਂ ਹਿੰਦੁਸਤਾਨ ਨੂੰ ਗੁਲਾਮ ਕਰਨ ਵਾਲੀ ਅੰਗਰੇਜ਼ਾਂ ਵੱਲੋਂ ਵੀ ਸਿੱਖ ਇਤਿਹਾਸ ਅਤੇ ਪੰਜਾਬੀ ਮਾਂ ਬੋਲੀ ਨੂੰ ਖਤਮ ਕਰਨ ਲਈ ਕੀਤਾ ਜਾਂਦਾ ਸੀ ਜਿਵੇਂ ਅੱਜ ਹਿੰਦੂ ਬਹੁ ਗਿਣਤੀ ਦੀਆਂ ਸਰਕਾਰਾਂ ਵੱਲੋਂ ਪੰਜਾਬੀ ਮਾਂ ਬੋਲੀ ਅਤੇ ਸਿੱਖ ਇਤਿਹਾਸ ਨੂੰ ਖਤਮ ਕਰਨ ਲਈ ਘਿਨਾਉਣੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ। ਇਸੇ ਸਬੰਧ ਵਿੱਚ ਮੋਹਾਲੀ ਵਿਖੇ ਖਾਲਸਾ ਪੰਥ ਸਿੱਖ ਕੌਮ ਦੇ ਸੱਤਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰ ਰਾਇ ਸਾਹਿਬ ਗੁਰਦੁਆਰਾ ਅੰਬ ਸਾਹਿਬ ਵਾਲੇ ਅੰਬਾਂ ਦੇ ਬਾਗ ਨੂੰ ਕੱਟਣ ਤੋਂ ਬਚਾਉਣ ਲਈ ਐਸ ਸੀ ਬੀਸੀ ਮਹਾਂ ਪੰਚਾਇਤ ਪੰਜਾਬ ਵੱਲੋਂ ਪਿਛਲੇ 6 ਮਹੀਨਿਆਂ ਤੋਂ ਨਿਰੰਤਰ ਕੋਸ਼ਿਸ਼ਾਂ ਜਾਰੀ ਹਨ। ਮੋਰਚੇ ਵੱਲੋਂ ਨੈਸ਼ਨਲ ਗਰੀਨ ਟ੍ਰਿਬਿਊਨਲ, ਵਣ ਵਿਭਾਗ, ਪੁੱਡਾ ਤੇ ਗਮਾਡਾ, ਡਿਪਟੀ ਕਮਿਸ਼ਨਰ ਮੋਹਾਲੀ ਆਦਿ ਨੂੰ ਲਿਖਤੀ ਦਰਖਾਸਤਾਂ ਭੇਜੀਆਂ ਗਈਆਂ। ਪਰ ਕੋਈ ਕਾਰਵਾਈ ਨਾ ਹੋਣ ਤੇ ਮੋਰਚਾ ਆਗੂਆਂ ਵੱਲੋਂ ਮਾਨਯੋਗ ਹਾਈਕੋਰਟ ਵਿੱਚ ਵੀ ਚਾਰਾਜੋਈ ਕੀਤੀ ਗਈ। ਇਸੇ ਤਹਿਤ ਮੋਰਚਾ ਆਗੂਆਂ ਨੇ ਲਗਭਗ 15 ਦਿਨ ਪਹਿਲੇ ਪ੍ਰੈਸ ਮੀਡੀਆ ਰਾਹੀਂ ਇਹ ਐਲਾਨ ਕੀਤਾ ਸੀ ਕਿ ਜੇਕਰ ਪੁੱਡਾ ਦਫਤਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ 4 ਸਤੰਬਰ ਦਿਨ ਵੀਰਵਾਰ ਨੂੰ ਸਵੇਰੇ 11:00 ਵਜੇ ਇਲਾਕੇ ਦੀਆਂ ਸਮੂਹ ਧਾਰਮਿਕ, ਨਿਹੰਗ ਸਿੰਘ, ਸਮਾਜਿਕ ਤੇ ਰਾਜਨੀਤਿਕ ਜਥੇਬੰਦੀਆਂ ਨੂੰ ਨਾਲ ਲੈਕੇ ਪੁੱਡਾ ਦਫਤਰ ਦਾ ਘਿਰਾਓ ਕੀਤਾ ਜਾਵੇਗਾ। ਜਿਸ ਤਹਿਤ ਅੱਜ ਐਸ ਸੀ ਬੀ ਸੀ ਮੋਰਚਾ ਆਗੂਆਂ ਨੇ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਰਜਿੰਦਰ ਸਿੰਘ ਟੌਹੜਾ ਨਾਲ ਮੀਟਿੰਗ ਕੀਤੀ ਅਤੇ ਇੱਕ ਲਿਖਤੀ ਬੇਨਤੀ ਪੱਤਰ ਵੀ ਦਿੱਤਾ। ਇਸਤੋਂ ਇਲਾਵਾ ਮੋਰਚਾ ਆਗੂਆਂ ਨੇ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਅਤੇ ਪ੍ਰਧਾਨ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨੂੰ ਵੀ ਲਿਖਤੀ ਦਰਖਾਸਤਾਂ ਭੇਜੀਆਂ ਅਤੇ ਸਮਰਥਨ ਕਰਨ ਦੀ ਬੇਨਤੀ ਕੀਤੀ। ਪ੍ਰੈਸ ਨਾਲ ਗੱਲਬਾਤ ਕਰਦਿਆਂ ਮੋਰਚਾ ਪ੍ਰਧਾਨ ਬਲਵਿੰਦਰ ਸਿੰਘ ਕੁੰਭੜਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ। ਉਹ ਸਮਾਜਿਕ ਜਥੇਬੰਦੀਆਂ ਨੂੰ ਕਰਨੇ ਪੈ ਰਹੇ ਹਨ। ਸਾਡੇ ਪੰਜਾਬ ਦੇ ਇਤਿਹਾਸ ਨੂੰ ਵਿਗਾੜਨ ਦੀਆਂ ਸਰਕਾਰ ਦੀਆਂ ਕੋਝੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਕਿਹਾ ਇੱਕ ਪਾਸੇ ਪੰਜਾਬ ਸਰਕਾਰ ਦਰਖਤ ਲਗਾਓ ਮੁਹਿੰਮਾਂ ਲਗਾ ਕੇ ਵੱਡੀਆਂ – ਵੱਡੀਆਂ ਡੀਗਾਂ ਮਾਰਦੀ ਹੈ। ਪਰ ਅਸਲੀਅਤ ਇਹ ਹੈ ਕਿ 100 ਸਾਲ ਪੁਰਾਣੇ ਹਰੇ ਭਰੇ ਅਤੇ ਫਲਦਾਰ ਦਰਖਤਾਂ ਨੂੰ ਕੱਟਣ ਦੀਆਂ ਪ੍ਰਵਾਨਗੀਆਂ ਦੇ ਰਹੀ ਹੈ। ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਵਾਤਾਵਰਣ ਨੂੰ ਬਹੁਤ ਖਤਰਾ ਹੈ। ਮੋਰਚਾ ਪ੍ਰਧਾਨ ਨੇ ਵਾਤਾਵਰਣ ਪ੍ਰੇਮੀਆਂ ਨੂੰ ਅਪੀਲ ਕੀਤੀ ਕਿ ਇਸ ਧਰਨੇ ਵਿੱਚ ਪਹੁੰਚਕੇ ਹਰੇ ਭਰੇ ਦਰਖਤਾਂ ਨੌ ਕੱਟਣ ਤੋਂ ਬਚਾਉਣ ਲਈ ਸਾਡਾ ਸਾਥ ਦੇਵੋ।
       ਇਸ ਮੌਕੇ ਉਨਾਂ ਨਾਲ ਮੋਰਚਾ ਆਗੂ ਹਰਨੇਕ ਸਿੰਘ ਮਲੋਆ, ਕਰਮ ਸਿੰਘ ਕੁਰੜੀ, ਹਰਵਿੰਦਰ ਸਿੰਘ ਕੋਹਲੀ, ਹਰਪਾਲ ਸਿੰਘ ਢਿੱਲੋ, ਬਲਜੀਤ ਸਿੰਘ ਵਜੀਦਪੁਰ, ਬੱਬਲ ਚੌਪੜਾ ਅਤੇ ਕਰਮਜੀਤ ਸਿੰਘ ਆਦਿ ਹਾਜ਼ਰ ਹੋਏ।

Leave a Reply

Your email address will not be published. Required fields are marked *