Home » ਦੇਸ਼-ਵਿਦੇਸ » ਭਾਰਤੀ ਚੋਣ ਕਮਿਸ਼ਨ ਵੱਲੋਂ ਜੇਲ੍ਹ ‘ਚ ਨਜ਼ਰਬੰਦ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਲਈ ਉਪ ਰਾਸ਼ਟਰਪਤੀ ਚੋਣ 2025 ਦੇ ਸਬੰਧ ਚ ਪੋਸਟਰ ਬੈਲਟ ਜਾਰੀ ਕਰਨ ਦੇ ਦਿੱਤੇ ਨਿਰਦੇਸ਼ ..

ਭਾਰਤੀ ਚੋਣ ਕਮਿਸ਼ਨ ਵੱਲੋਂ ਜੇਲ੍ਹ ‘ਚ ਨਜ਼ਰਬੰਦ ਮੈਂਬਰ ਪਾਰਲੀਮੈਂਟ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਲਈ ਉਪ ਰਾਸ਼ਟਰਪਤੀ ਚੋਣ 2025 ਦੇ ਸਬੰਧ ਚ ਪੋਸਟਰ ਬੈਲਟ ਜਾਰੀ ਕਰਨ ਦੇ ਦਿੱਤੇ ਨਿਰਦੇਸ਼ ..

ਚੰਡੀਗੜ੍ਹ 1 ਸਤੰਬਰ (ਮੰਗਤ ਸਿੰਘ ਸੈਦਪੁਰ) : ਪੰਜਾਬ ‘ਚ ਖਡੂਰ ਸਾਹਿਬ-03 ਸੰਸਦੀ ਹਲਕਾ, ਪੰਜਾਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ, ਜੋ ਕਿ ਉਪ-ਰਾਸ਼ਟਰਪਤੀ ਚੋਣ, 2025 ਲਈ ਵੋਟਰ (ਇਲੈਕਟੋਰਲ ਕਾਲਜ ਦੇ ਮੈਂਬਰ) ਵੀ ਹਨ, ਨੂੰ ਭਾਰਤੀ ਚੋਣ ਕਮਿਸ਼ਨ ਨੇ ਵੋਟ ਪਾਉਣ ਦੀ ਸਹੂਲਤ ਦੇਣ ਸਬੰਧੀ ਜ਼ਰੂਰੀ ਨਿਰਦੇਸ਼ ਜਾਰੀ ਕੀਤੇ ਹਨ। ਦਫਤਰ ਮੁੱਖ ਚੋਣ ਅਫਸਰ ਪੰਜਾਬ ਨੇ ਇਸ ਸਬੰਧੀ ਦੱਸਿਆ ਕਿ ਨਿਰਧਾਰਤ ਪ੍ਰਕਿਰਿਆ ਦੇ ਅਨੁਸਾਰ ਨਜ਼ਰਬੰਦੀ (ਪ੍ਰੀਵੈਂਟਿਵ ਡਿਟੈਂਸ਼ਨ) ਅਧੀਨ ਜੇਲ੍ਹ ‘ਚ ਬੰਦ ਵੋਟਰਾਂ ਲਈ ਪੋਸਟਲ ਬੈਲਟ ਪੇਪਰ ਸਿਰਫ਼ ਵੋਟਾਂ ਵਾਲੇ ਦਿਨ ਹੀ ਪ੍ਰਦਾਨ ਕੀਤੇ ਜਾਂਦੇ ਹਨ ਅਤੇ ਨਿਸ਼ਾਨ ਲੱਗਿਆ (ਮਾਰਕ ਕੀਤਾ) ਪੋਸਟਲ ਬੈਲਟ ਵਾਲਾ ਸੀਲਬੰਦ ਲਿਫ਼ਾਫ਼ਾ ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਪਹਿਲਾਂ ਰਿਟਰਨਿੰਗ ਅਫਸਰ ਕੋਲ ਪਹੁੰਚਣਾ ਲਾਜ਼ਮੀ ਹੈ। ਖਾਸ ਗੱਲ ਇਹ ਹੈ ਕਿ ਅੰਮ੍ਰਿਤਪਾਲ ਸਿੰਘ ਇਸ ਸਮੇਂ ਅਸਾਮ ਦੀ ਡਿਬਰੂਗੜ੍ਹ ਸਥਿਤ ਕੇਂਦਰੀ ਜੇਲ੍ਹ ਵਿੱਚ ਕੌਮੀ ਸੁਰੱਖਿਆ ਐਕਟ, 1980 ਤਹਿਤ ਨਜ਼ਰਬੰਦ ਹਨ। ਰਾਸ਼ਟਰਪਤੀ ਅਤੇ ਉਪ-ਰਾਸ਼ਟਰਪਤੀ ਚੋਣ ਨਿਯਮਾਂ, 1974 ਦੇ ਨਿਯਮ 26 ਦੇ ਉਪਬੰਧਾਂ ਅਨੁਸਾਰ ਕਮਿਸ਼ਨ ਨੇ ਨਿਰਦੇਸ਼ ਦਿੱਤਾ ਹੈ ਕਿ ਉਨ੍ਹਾਂ ਨੂੰ ਵੋਟ ਪਾਉਣ ਦੀ ਸਹੂਲਤ ਦੇਣ ਲਈ ਇੱਕ ਪੋਸਟਲ ਬੈਲਟ ਪੇਪਰ ਜਾਰੀ ਕੀਤਾ ਜਾਵੇ। ਸਬੰਧਤ ਅਧਿਕਾਰੀਆਂ ਨੂੰ ਇਸ ਸਬੰਧੀ ਤੁਰੰਤ ਪ੍ਰਬੰਧ ਕਰਕੇ ਕਮਿਸ਼ਨ ਨੂੰ ਇਸ ਬਾਰੇ ਜਾਣਕਾਰੀ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਇਸੇ ਅਨੁਸਾਰ ਕਮਿਸ਼ਨ ਨੇ ਗ੍ਰਹਿ ਮੰਤਰਾਲੇ ਅਤੇ ਅਸਾਮ ਸਰਕਾਰ ਦੇ ਮੁੱਖ ਸਕੱਤਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਅੰਮ੍ਰਿਤਪਾਲ ਸਿੰਘ ਦੁਆਰਾ ਨਿਸ਼ਾਨ ਲੱਗਿਆ ਪੋਸਟਲ ਬੈਲਟ ਵਾਲਾ ਸੀਲਬੰਦ ਲਿਫ਼ਾਫ਼ਾ ਅਸਾਮ ਦੇ ਡਿਬਰੂਗੜ੍ਹ ਤੋਂ ਇੱਕ ਵਿਸ਼ੇਸ਼ ਸੰਦੇਸ਼ਵਾਹਕ ਦੁਆਰਾ ਹਵਾਈ ਸਫ਼ਰ ਰਾਹੀਂ ਲਿਜਾਇਆ ਜਾਵੇ ਤਾਂ ਜੋ ਇਹ ਵੋਟਾਂ ਦੀ ਗਿਣਤੀ ਲਈ ਨਿਰਧਾਰਤ ਮਿਤੀ 9 ਸਤੰਬਰ 2025 ਨੂੰ ਸ਼ਾਮ 6 ਵਜੇ ਤੋਂ ਪਹਿਲਾਂ ਰਿਟਰਨਿੰਗ ਅਫਸਰ ਕੋਲ ਪਹੁੰਚ ਜਾਵੇ। ਇਸ ਸਬੰਧੀ ਅਗਲੀ ਕਾਰਵਾਈ ਕੀ ਹੋਵੇਗੀ ਫਿਲਹਾਲ ਆਉਣ ਵਾਲੇ ਸਮੇਂ ਚ ਹੀ ਪਤਾ ਲੱਗੇਗਾ।

Leave a Reply

Your email address will not be published. Required fields are marked *