
ਸ੍ਰੀ ਅਨੰਦਪੁਰ ਸਾਹਿਬ, 14 ਮਈ, (ਦਵਿੰਦਰਪਾਲ ਸਿੰਘ): ਅਧਿਆਪਕ ਏਕਤਾ ਦੀ ਮੁੱਦਈ ਡੈਮੋਕ੍ਰੈਟਿਕ ਟੀਚਰਜ਼ ਫਰੰਟ ਵੱਲੋਂ ਸਾਲ 2020 ਦੇ ਵਿੱਚ ਵੱਖ-ਵੱਖ ਕਾਡਰ ਅਧਾਰਿਤ ਅਧਿਆਪਕ ਜਥੇਬੰਦੀਆਂ ਨਾਲ ਕੀਤੀ ਏਕਤਾ ਦੌਰਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਪੰਜਾਬ ਭਰ ‘ਚੋ ਡੀਟੀਐੱਫ ਵਿੱਚ ਸ਼ਮੂਲੀਅਤ ਕੀਤੀ ਗਈ ਸੀ। ਉਸੇ ਲੜੀ ਦੇ ਵਿੱਚ ਐੱਸ.ਐੱਸ.ਏ. ਰਮਸਾ ਅਧਿਆਪਕ ਯੂਨੀਅਨ ਰੂਪਨਗਰ ਵਿੱਚ ਸਰਗਰਮ ਰਹੇ ਸਾਥੀਆਂ ਵੱਲੋਂ ਫ਼ੈਸਲਾ ਕੀਤਾ ਗਿਆ ਹੈ ਕਿ ਡੀਟੀਐੱਫ ਨਾਲ ਇਸ ਏਕਤਾ ਨੂੰ ਅੱਗੇ ਵਧਾਇਆ ਜਾਵੇਗਾ, ਜਿਸ ਦੀ ਕੜੀ ਵਜੋਂ ਅੱਜ ਐਸ ਐਸ ਏ / ਰਮਸਾ ਅਧਿਆਪਕ ਆਪਣੇ ਵੱਡੀ ਗਿਣਤੀ ਸਾਥੀਆਂ ਨਾਲ ਡੀਟੀਐੱਫ ਵਿੱਚ ਸ਼ਾਮਿਲ ਹੋਏ ਹਨ। ਇਸ ਤੋ ਬਿਨਾਂ ਫੀਜੀਕਲ ਲੈਕਚਰਾਰ ਸੁਖਪ੍ਰੀਤ ਸਿੰਘ, ਹਰਭਜਨ ਸਿੰਘ ਅਤੇ ਹੋਰ ਨਵ ਨਿਯੁਕਤ ਅਧਿਆਪਕਾਂ ਵੱਲੋਂ ਵੀ ਡੀ.ਟੀ.ਐੱਫ. ਰੂਪਨਗਰ ਵਿੱਚ ਸ਼ਾਮਿਲ ਹੁੰਦਿਆਂ ਇਸ ਦੇ ਕਾਫ਼ਲੇ ਵਿੱਚ ਵਾਧਾ ਕੀਤਾ ਹੈ। ਡੀ.ਟੀ.ਐੱਫ. ਦੇ ਜਿਲ੍ਹਾ ਪ੍ਰਧਾਨ ਗਿਆਨ ਚੰਦ, ਜਿਲ੍ਹਾ ਸਕੱਤਰ ਰਮੇਸ਼ ਲਾਲ ਨੇ ਜੱਥੇਬੰਦੀ ਵਿੱਚ ਸ਼ਾਮਲ ਹੋਏ ਇਨ੍ਹਾਂ ਸਾਥੀਆਂ ਦਾ ਸਵਾਗਤ ਕਰਦਿਆਂ ਜੱਥੇਬੰਦੀ ਦਾ ਝੰਡਾ ਸੌਂਪਿਆ ਗਿਆ। ਇਸ ਉਪਰੰਤ ਜਿਲ੍ਹਾ ਕਮੇਟੀ ਦੀ ਮੀਟਿੰਗ ਕਰਕੇ ਡੀਟੀਐੱਫ ਰੂਪਨਗਰ ਵਿੱਚ ਦੀਪਕ ਰਾਣਾ ਨੂੰ ਸੀਨੀਅਰ ਮੀਤ ਪ੍ਰਧਾਨ, ਜਸਵੀਰ ਰਾਣਾ ਨੂੰ ਬਲਾਕ ਪ੍ਰਧਾਨ ਝੱਜ, ਸੁੱਖਪ੍ਰੀਤ ਸਿੰਘ ਨੂੰ ਬਲਾਕ ਸਕੱਤਰ ਝੱਜ ਅਤੇ ਬਲਜੀਤ ਸਿੰਘ ਨੂੰ ਜਿਲ੍ਹਾ ਕਮੇਟੀ ਮੈਂਬਰ ਵਜੋਂ ਸ਼ਾਮਿਲ ਕੀਤਾ ਗਿਆ। ਨਵੇਂ ਸ਼ਾਮਿਲ ਹੋਏ ਆਗੂਆਂ ਵੱਲੋਂ ਸੰਘਰਸ਼ੀ ਜਥੇਬੰਦੀ ਡੀਟੀਐੱਫ ਨੂੰ ਹੋਰ ਮਜਬੂਤ ਕਰਨ ਅਤੇ ਸੰਘਰਸ਼ੀ ਅਧਿਆਪਕ ਲਹਿਰ ਨੂੰ ਅੱਗੇ ਵਧਾਉਣ ਲਈ ਅਹਿਮ ਸਰਗਰਮ ਭੂਮਿਕਾ ਅਦਾ ਕਰਨ ਦਾ ਪ੍ਰਣ ਲਿਆ ਗਿਆ। ਡੀਟੀਐੱਫ ਦੇ ਪ੍ਰੈੱਸ ਸਕੱਤਰ ਡਾ. ਵਿਨੋਦ ਚੰਦਨ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਇਹ ਆਗੂ ਐੱਸ.ਐੱਸ.ਏ. ਰਮਸਾ ਤਹਿਤ ਆਪਣੇ ਕੱਚੇ ਰੁਜ਼ਗਾਰ ਨੂੰ ਸਿੱਖਿਆ ਵਿਭਾਗ ਦੀਆਂ 8886 ਅਸਾਮੀਆਂ ਤਹਿਤ ਰੈਗੂਲਰ ਕਰਵਾਉਣ ਸਮੇਂ ਜਿਲ੍ਹੇ ਵਿੱਚ ਮੁੱਖ ਭੂਮਿਕਾ ਨਿਭਾਉਂਦੇ ਰਹੇ ਹਨ। ਹੁਣ ਇਹਨਾਂ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਕਿ ਡੈਮੋਕ੍ਰੈਟਿਕ ਟੀਚਰਜ਼ ਫਰੰਟ ਦੇ ਬੈਨਰ ਹੇਠ ਇਹ ਆਪਣੀਆਂ ਸੰਘਰਸ਼ੀ ਗਤੀਵਿਧੀਆਂ ਜਾਰੀ ਰੱਖਣਗੇ ਅਤੇ ਅਧਿਆਪਕ ਮੰਗਾਂ ਤੇ ਸਿੱਖਿਆ ਨੂੰ ਦਰਪੇਸ਼ ਚੁਣੌਤੀਆਂ ਨੂੰ ਲੈ ਕੇ ਜਥੇਬੰਦੀ ਦਾ ਝੰਡਾ ਹੋਰ ਬੁਲੰਦ ਕਰਨਗੇ। ਇਸ ਮੌਕੇ ਵਿਪਨ ਕੁਮਾਰ,ਮਹਿੰਦਰ ਸਿੰਘ ਚਾਹਲ, ਸੁਖਪ੍ਰੀਤ ਸਿੰਘ, ਸਤੀਸ਼ ਕੁਮਾਰ ਵੀ ਹਾਜਰ ਸਨ। ਇਸ ਤੋਂ ਇਲਾਵਾ ਈ ਟੀ ਟੀ 6635 ਅਧਿਆਪਕ ਯੂਨੀਅਨ ਦੇ ਗੁਰਪ੍ਰੀਤ ਸਿੰਘ ਅਤੇ ਹੈੱਡਮਾਸਟਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਰਮੇਸ਼ ਸਿੰਘ ਜੀ ਨੇ ਡੀ ਟੀ ਐੱਫ ਰੂਪਨਗਰ ਨਾਲ ਹਰੇਕ ਸੰਘਰਸ਼ ਵਿੱਚ ਭਰਾਤਰੀ ਤੌਰ ਤੇ ਸਾਥ ਦੇਣ ਦਾ ਭਰੋਸਾ ਦਿੱਤਾ।


