
ਸਾਹਿਬਜ਼ਾਦਾ ਅਜੀਤ ਸਿੰਘ ਨਗਰ 9 ਮਈ (ਮੰਗਤ ਸਿੰਘ ਸੈਦਪੁਰ) : ਭਾਰਤੀ ਕਮਿਊਨਿਸ਼ਟ ਪਾਰਟੀ ਵੱਲੋਂ ਜੋ ਰਾਸ਼ਟਰੀ ਸਮੇਲਨ 21 ਤੋਂ 25 ਸਿਤੰਬਰ 2025 ਤੀਕ ਚੰਡੀਗੜ੍ਹ ਵਿਖੇ ਕੀਤਾ ਜਾ ਰਿਹਾ ਹੈ। ਉਸ ਸਬੰਧੀ ਪਾਰਟੀ ਵੱਲੋਂ ਪੰਜਾਬ ਦੇ ਬੁੱਧਜੀਵੀਆਂ ਅਤੇ ਸਮਾਜਸੇਵੀ ਜਥੇਬੰਦੀਆਂ ਦੀ ਇੱਕ ਮੀਟਿੰਗ ਚੰਡੀਗੜ੍ਹ ਵਿਖੇ ਡਾ. ਸਵਰਾਜਬੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿੱਚ ਮੋਕੇ ਤੇ ਹਾਜਰ ਪਾਰਟੀ ਨੇਤਾਵਾਂ ਅਤੇ ਹੋਰ ਪਵੰਤਿਆਂ ਵੱਲੋਂ ਇਸ ਸਮੇਲਨ ਨੂੰ ਸਫਲ ਬਣਾਉਣ ਲਈ ਹਰ ਇੱਕ ਮਦਦ ਦਾ ਭਰੋਸਾ ਦਿੱਤਾ ਗਿਆ।
ਇਸ ਮੌਕੇ ਬੋਲਦਿਆਂ ਡਾ. ਸਵਰਾਜਬੀਰ ਸਿੰਘ ਨੇ ਦੱਸਿਆ ਕਿ ਮੋਜੂਦਾ ਪੂੰਜੀਵਾਦ ਪ੍ਰਣਾਲੀ ਬਹੁਤ ਹੀ ਗੰਭੀਰ ਸੰਕਟ ਦਾ ਸਾਹਮਣਾ ਕਰ ਰਹੀ ਹੈ ਅਤੇ ਆਪਣੇ ਆਖਰੀ ਸਾਹਾਂ ‘ਤੇ ਹੈ। ਦੇਸ਼ ਦੇ ਮਜਦੂਰ, ਕਿਸਾਨ, ਹੋਰ ਕਿਰਤੀ ਵਰਗ, ਛੋਟੇ ਵਪਾਰੀ, ਮੁਲਾਜਮਾਂ ਆਦਿ ਵਿੱਚ ਮੋਜੂਦਾ ਰਾਜਨੀਤਕ ਪ੍ਰਬੰਧ ਦੇ ਖਿਲਾਫ ਬਹੁਤ ਰੋਸ ਹੈ ਅਤੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਦੇ ਹੱਲ ਲਈ ਕੋਈ ਨਵਾਂ ਬਦਲ ਜਾਂ ਰਸਤਾ ਨਹੀ ਦਿਖਾਈ ਦੇ ਰਿਹਾ। ਜਿਸ ਦੀ ਭਰਪਾਈ ਖੱਬੇ ਪੱਖੇ ਸ਼ਕਤੀਆਂ ਅਤੇ ਸਿਵਲ ਸੋਸਾਇਟੀ ਦੇ ਲੋਕ ਮਿਲ ਕੇ ਕਰ ਸਕਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਮੋਜੂਦਾ ਪ੍ਰਬੰਧਾਂ ਵਿਚ ਔਰਤਾਂ ਦੀ ਭਾਗੀਦਾਰੀ ਬਹੁਤ ਘੱਟ ਹੈ ਜੋ ਸਮਾਜ ਦੀ ਤਰੱਕੀ ਲਈ ਚਿੰਤਾ ਦਾ ਵਿਸ਼ਾ ਹੈ। ਔਰਤਾਂ ਨੂੰ ਦੇਸ਼ ਦੀਆਂ ਸਮੱਸਿਆਵਾਂ ਸਬੰਧੀ ਅੱਗੇ ਹੋ ਕੇ ਇੱਕ ਜਨਤਕ ਲਹਿਰ ਖੜ੍ਹੀ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਦੇਸ਼ ਦੇ ਗਰੀਬ ਅਤੇ ਆਮ ਲੋਕਾਂ ਦੀਆਂ ਇਨ੍ਹਾਂ ਸਮੱਸਿਆਵਾਂ ਨੂੰ ਦੇਸ਼ ਦੀਆਂ ਖੱਬੀਆਂ ਧਿਰਾਂ, ਬੁੱਧੀਜੀਵੀ ਅਤੇ ਹੋਰ ਜਨਤਕ ਜੱਥੇਬੰਦੀਆਂ ਅਤੇ ਸਮਾਜ ਦੇ ਜਾਗਰਿਕ ਵਿਅਕਤੀ ਹੀ ਹੱਲ ਕਰ ਸਕਦੇ ਹਨ। ਇਸ ਮੌਕੇ ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਬੰਤ ਬਰਾੜ ਨੇ ਕਿਹਾ ਕਿ ਇਸ ਲੋਕ ਪੱਖੀ ਸੰਮੇਲਨ ਨੂੰ ਸਫਲ ਕਰਨ ਦੇ ਲਈ ਬੁੱਧੀਜੀਵੀ ਵਰਗ ਦੀ ਅਹਿਮ ਭੂਮਿਕਾ ਹੋਵੇਗੀ ਤਾਂ ਜੋ ਉਹ ਆਪਣੇ-ਆਪਣੇ ਖੇਤਰ ਵਿੱਚ ਰਾਸ਼ਟਰੀ ਸੰਮੇਲਨ ਦੀ ਮਹੱਤਤਾ ਨੂੰ ਲੋਕਾਂ ਤੀਕ ਪਹੁੰਚਾ ਸਕਣ ਤਾਂ ਕਿ ਦੇਸ਼ ਅਤੇ ਪੰਜਾਬ ਸੂਬੇ ਵਿੱਚ ਪੀੜਤ ਵਰਗ ਦੇ ਲੋਕ ਇੱਕਜੁਟ ਹੋ ਕੇ ਆਪਣੇ ਹੱਕਾਂ ਸਬੰਧੀ ਲੜਨ ਲਈ ਤਿਆਰ ਹੋ ਸਕਣ।
ਇਸ ਮੌਕੇ ਵੱਖ-ਵੱਖ ਬੁਲਾਰਿਆਂ ਵੱਲੋਂ ਪੰਜਾਬ ਦੇ ਲੋਕਾਂ ਨੂੰ ਇਸ ਮੌਕੇ ਆ ਰਹੀਆਂ ਅੋਕੜਾਂ ਜਿਨ੍ਹਾਂ ਵਿੱਚ ਬੇਰੁਜ਼ਗਾਰੀ, ਨਸੇ਼, ਮਹਿੰਗਾਈ, ਵੱਖ-ਵੱਖ ਮਾਫੀਆ, ਕਾਨੂੰਨ ਵਿਵਸਥਾ, ਪਿੰਡਾਂ ਅਤੇ ਸ਼ਹਿਰਾਂ ਵਿੱਚ ਰਹਿ ਰਹੇ ਲੋਕਾਂ ਦੀਆਂ ਹੋਰ ਸਮੱਸਿਆਵਾਂ ਸਬੰਧੀ ਵੀ ਵਿਚਾਰ ਕੀਤਾ ਗਿਆ ਅਤੇ ਇਨ੍ਹਾਂ ਲੋਕਾਂ ਦੇ ਹੱਕ ਵਿੱਚ ਇੱਕਠੇ ਹੋ ਕੇ ਸੰਘਰਸ਼ ਕਰਨ ਦਾ ਫੈਂਸਲਾ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਸਿੰਘ ਸਿਰਸਾ ਜ. ਸਕੱਤਰ ਪ੍ਰਗਤੀਸ਼ੀਲ ਲੇਖਕ ਸੰਘ, ਆਮ ਆਦਮੀ ਘਰ ਬਚਾਓ ਮੋਰਚਾ ਦੇ ਕਨਵੀਨਰ ਹਰਮਿੰਦਰ ਸਿੰਘ ਮਾਵੀ, ਕਾਨੂੰਨੀ ਸਲਾਹਕਾਰ ਐਡਵੋਕੇਟ ਦਰਸ਼ਨ ਸਿੰਘ ਧਾਲੀਵਾਲ, ਐਡਵੋਕੇਟ ਹਰਚੰਦ ਸਿੰਘ ਬਾਠ, ਨਿਰਮਲ ਸਿੰਘ ਧਾਲੀਵਾਲ, ਬਲਵਿੰਦਰ ਸਿੰਘ ਜੰਮੂ, ਸੁਰਜੀਤ ਜੱਜ, ਜਗਰੂਪ ਸਿੰਘ, ਸਰਬਜੀਤ ਸਿੰਘ ਵਿਰਕ, ਡਾਕਟਰ ਇੰਦਰਬੀਰ ਗਿੱਲ, ਕਮਲਜੀਤ ਕੌਰ ਢਿੱਲੋਂ, ਅਮੀਰ ਸੁਲਤਾਨਾ, ਪ੍ਰੋਫੈਸਰ ਰਵਿੰਦਰ ਸ਼ਰਮਾਂ, ਬਲਕਾਰ ਸਿੱਧੂ ਅਤੇ ਰਾਜੀਵਨ (ਦੋਨੇ ਨਾਟਕਕਾਰ), ਐਡਵੋਕੇਟ ਸਨੇਹਪ੍ਰੀਤ ਸਿੰਘ (ਪ੍ਰਧਾਨ ਬਾਰ ਐਸੋਸੀਏਸ਼ਨ ਮੋਹਾਲੀ) ਅਤੇ ਸੇਵਾ ਮੁਕਤ ਪੁਲਿਸ ਅਧਿਕਾਰੀ ਮਹਿੰਦਰ ਸਿੰਘ ਵੀ ਹਾਜਰ ਸਨ।


