ਚੰਡੀਗੜ੍ਹ, 21 ਮਾਰਚ (ਜਗਤਾਰ ਸਿੰਘ ਸੈਦਪੁਰ) : ਸ਼ੰਭੂ ਤੇ ਖਨੌਰੀ ਦੇ ਕਿਸਾਨ ਮੋਰਚਿਆਂ ਨੂੰ ਪੁਲਿਸ ਧੱਕੇ ਨਾਲ ਖ਼ਤਮ ਕਰਨਾ ਅਸਲ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੇਂਦਰ ਨਾਲ ਮਿਲਕੇ ਆਪਣੇ ਨੂੰ ਸਿਆਸੀ ਹਿੱਤਾਂ ਲਈ ਪੰਜਾਬ ਨੂੰ ਫਿਰਕੂ ਲੀਹਾਂ ਉੱਤੇ ਵੰਡਣ ਦੀ ਸਾਜ਼ਸ਼ੀ ਕਾਰਵਾਈ ਹੈ। ਪਿਛਲੇ 13 ਮਹੀਨੇ ਪਹਿਲਾਂ ਰੋਸ ਮਾਰਚ ਕਰਦੇ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਬਾਰਡਰਾਂ ਉੱਤੇ ਰੋਕ ਲਿਆ। ਪਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਹਰਿਆਣਾ ਸਰਕਾਰ ਦੀ ਇਸ ਕਾਰਵਾਈ ਦਾ ਇਕ ਵਾਰ ਵੀ ਵਿਰੋਧ ਨਹੀਂ ਕੀਤਾ ਜਦੋਂ ਕਿ ਪੰਜਾਬ/ਹਰਿਆਣਾ ਹਾਈਕੋਰਟ ਨੇ ਹਾਈਵੇ ਉੱਤੇ ਦਿੱਲੀ ਵੱਲ ਜਾਂਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਸਰਕਾਰ ਵੱਲੋਂ ਭਾਰੀ ਤਾਕਤ ਦੀ ਦੁਰਵਰਤੋਂ ਨੂੰ ਗਲਤ ਦੱਸਿਆ ਸੀ। ਹਰਿਆਣਾ ਵੱਲੋਂ ਪੰਜਾਬ ਖੇਤਰ ਵਿੱਚ ਆਈ ਗੋਲੀ ਨਾਲ ਇਕ ਪੰਜਾਬ ਦੇ ਕਿਸਾਨ ਦੇ ਮਾਰੇ ਜਾਣ ਦਾ ਵਿਰੋਧ ਵੀ ਆਪ ਦੀ ਸਰਕਾਰ ਨੇ ਨਹੀਂ ਕੀਤਾ ਸੀ। ਸਗੋਂ ਕਿਸਾਨੀ ਲਹਿਰ ਵਿੱਚ ਫੁੱਟ ਪਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਨੇ ਸ਼ੰਭੂ-ਖਨੌਰੀ ਦੇ ਕਿਸਾਨ ਲੀਡਰਾਂ ਦੀ ਕੇਂਦਰ ਦੇ ਤਿੰਨ ਕੈਬਿਨੇਟ ਮੰਤਰੀਆਂ ਨਾਲ ਗੱਲਬਾਤ ਕਰਾਉਣ ਵਿੱਚ ਵਿਚੋਲਗੀ ਵੀ ਕੀਤੀ ਸੀ। ਹੁਣ ਸਾਲ ਤੋਂ ਵੱਧ ਲੰਬੇ ਸਮੇਂ ਤੋਂ ਸ਼ੰਭੂ/ਖਨੌਰੀ ਬਾਰਡਰਾਂ ਤੇ ਲੱਗੇ ਕਿਸਾਨ ਮੋਰਚੇ ਨੂੰ ਪੁਲਿਸ ਦੀ ਵਰਤੋਂ ਨਾਲ ਤੋੜ ਕੇ ਪੰਜਾਬ ਦੇ ਸ਼ਹਿਰੀ ਅਤੇ ਕਾਰਖਾਨੇ ਦੇ ਵਰਗ ਨੂੰ ਖੁਸ਼ ਕਰ ਕੇ, ਲੁਧਿਆਣਾ (ਵੈਸਟ) ਦੀ ਵਿਧਾਨ ਸਭਾ ਦੀ ਜ਼ਿਮਨੀ ਚੋਣ ਜਿੱਤਣ ਦਾ ਸਿਆਸੀ ਮਾਹੌਲ ਖੜ੍ਹਾ ਕੀਤਾ ਜਾ ਰਿਹਾ ਹੈ। ਆਮ ਆਦਮੀ ਪਾਰਟੀ ਦੇ ਮੁੱਖੀ ਦੀ ਰਾਜਤੀਨਿਕ ਲਾਲਸਾ ਦੀ ਪੂਰਤੀ ਲਈ ਪੰਜਾਬ ਸਰਕਾਰ ਨੇ ਕਿਸਾਨਾਂ ਦੇ ਹਿੱਤਾਂ ਨੂੰ ਦਾਅ ਤੇ ਲਗਾ ਦਿੱਤਾ ਹੈ। ਸ਼ੰਭੂ ਤੇ ਖਨੌਰੀ ਬਾਰਡਰ ਤੇ ਕਿਸਾਨ ਮੋਰਚੇ ਵਿੱਚ ਕਿਸਾਨਾਂ ਦੇ ਟੈਟਾਂ ’ਤੇ ਫੇਰਿਆ ਗਿਆ ਬੁਲਡੋਜ਼ਰ ਇਸ ਦਾ ਸਿੱਧਾ ਸਬੂਤ ਹੈ।
ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨਾਲ ਜੁੜੇ ਚਿੰਤਕਾਂ/ਬੁਧੀਜੀਵੀਆਂ ਨੇ ਕਿਹਾ ਕਿ ਇਸ ਦੇ ਨਾਲ ਨਾਲ ਪੰਜਾਬ ਸਰਕਾਰ ਵੱਲੋਂ ਉਤਰ ਪ੍ਰਦੇਸ਼ ਦੀ ਤਰਜ਼ ਉੱਤੇ ਬੁਲਡੋਜ਼ਰ ਦੀ ਵਰਤੋਂ ਕਰ ਕੇ ਪੰਜਾਬ ਵਿੱਚ ਕ ਸਖ਼ਤ/ਸਾਰਥਿਕ ਸਰਕਾਰੀ ਬੰਦੋਬਸਤ ਕਾਇਮ ਕਰਨ ਦੇ ਭੁਲੇਖੇ ਖੜ੍ਹੇ ਕੀਤੇ ਜਾ ਰਹੇ ਹਨ। ਪੰਜਾਬ ਨੂੰ ਪੁਲਿਸ ਰਾਜ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਪੁਲਿਸ ਮੁਕਾਬਲਿਆਂ ਦਾ ਦੌਰ ਵੀ ਪੁਲਿਸ ਨੇ ਬਰਾਬਰ ਖੜ੍ਹਾ ਕਰ ਦਿੱਤਾ, ਜਿਸ ਕਰ ਕੇ ਸੂਬੇ ਦਾ ਆਮ ਸ਼ਹਿਰੀ ਡਰ ਗਿਆ ਹੈ ਕਿ ਸਰਕਾਰ 1980ਵੇਂ ਵਾਲੇ ਹਾਲਾਤ ਮੁੜ ਪੰਜਾਬ ਵਿੱਚ ਤਿਆਰ ਕਰ ਰਹੀ ਹੈ। ਅਸੀਂ ਸਮੂਹ ਪੰਜਾਬੀਆਂ ਨੂੰ ਅਪੀਲ ਕਰਦੇ ਹਾਂ ਕਿ ਉਹ ਸੂਬੇ ਦੀ ਸਰਕਾਰ ਦੀਆਂ ਸਿਆਸੀ ਚਾਲਾਂ, ਥੋੜ੍ਹ-ਚਿਰੀਆਂ ਚੁਸਤੀਆਂ ਤੋਂ ਚੁਕੰਨੇ ਰਹਿਣ ਅਤੇ ਪੰਜਾਬ ਵਿੱਚ ਫਿਰਕੂ ਸਦਭਾਵਨਾ ਅਤੇ ਆਪਸੀ ਭਾਈਚਾਰਾ ਬਣਾ ਕੇ ਰੱਖਣ। ਇਸ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਆਦਿ ਸ਼ਾਮਿਲ ਸਨ।


