Translate Your Language

October 5, 2026 7:23 am

PUNPUN03583/19/1/2007-TC

PUNPUN03583/19/1/2007-TC

Home » Uncategorized » ਨਗਰ ਕੌਂਸਲ ਪ੍ਰਧਾਨ ਨੇ ਝੁੱਗੀ ਝੌਂਪੜੀ ਵਾਲਿਆਂ ਨੂੰ ਦਿੱਤਾ 15 ਦਿਨਾਂ ਦਾ ਅਲਟੀਮੇਟਮ

ਨਗਰ ਕੌਂਸਲ ਪ੍ਰਧਾਨ ਨੇ ਝੁੱਗੀ ਝੌਂਪੜੀ ਵਾਲਿਆਂ ਨੂੰ ਦਿੱਤਾ 15 ਦਿਨਾਂ ਦਾ ਅਲਟੀਮੇਟਮ

100 ਤੋਂ ਵੱਧ ਝੌਂਪੜੀਆਂ ਵਿਚ ਬਿਜਲੀ ਚੋਰੀ ਬਿਨਾਂ ਖੌਫ ਜਾਰੀ

ਸਮਰਾਲਾ, (ਸੁਰਜੀਤ ਸਿੰਘ) ਨਗਰ ਕੌਂਸਲ ਮਾਛੀਵਾੜਾ ਸਾਹਿਬ ਦੇ ਪ੍ਰਧਾਨ ਮੋਹਿਤ ਕੁੰਦਰਾ ਨੇ ਜਦੋਂ ਤੋਂ ਨਗਰ ਕੌਂਸਲ ਦਾ ਕਾਰਜਭਾਰ ਸੰਭਾਲਿਆ ਹੈ, ਉਹਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਨਗਰੀ ਦੇ ਸੁੰਦਰੀਕਰਨ ਦਾ ਅਹਿਦ ਕੀਤਾ ਹੋਇਆ ਹੈ ਅਤੇ ਉਹ ਇਸ ਪਵਿੱਤਰ ਕੰਮ ਲਈ ਹਮੇਸ਼ਾ ਤਤਪਰ ਰਹਿੰਦੇ ਹਨ। ਅੱਜ ਉਹਨਾਂ ਵਲੋਂ ਮਾਛੀਵਾੜਾ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਨੇੜੇ ਇੱਕ ਅਜਿਹੀ ਵੱਸੋਂ ਦਾ ਦੌਰਾ ਕੀਤਾ ਜਿੱਥੇ ਕਰੀਬ ਪਿਛਲੇ 20-25 ਸਾਲਾਂ ਤੋਂ ਅਜਿਹੇ ਝੁੱਗੀ ਝੌਂਪੜੀ ਵਾਲਿਆਂ ਵਲੋਂ ਅਵੈਧ ਕਬਜ਼ਾ ਕਰਕੇ ਆਪਣਾ ਬਸੇਰਾ ਕੀਤਾ ਹੋਇਆ ਹੈ, ਜੌ ਪੰਜਾਬ ਦੇ ਵਾਸੀ ਹੀ ਨਹੀਂ ਹਨ। ਉਹਨਾਂ ਕੋਲ ਕੋਈ ਵੋਟਰ ਜਾਂ ਅਧਾਰ ਕਾਰਡ ਨਹੀਂ। ਉਹ ਪੱਛਮੀ ਬੰਗਾਲ ਤੋਂ ਆ ਕੇ ਇਥੇ ਰਹਿ ਰਹੇ ਦੱਸੇ ਜਾਂਦੇ ਹਨ। ਉਹਨਾਂ ਦੱਸਿਆ ਕਿ ਜਗ੍ਹਾ ਦੇ ਮਾਲਕਾਂ ਦੀ ਸਹਿਮਤੀ ਨਾਲ ਇਹਨਾਂ ਲੋਕਾਂ ਨੇ ਇਥੇ ਕਬਜ਼ਾ ਕੀਤਾ ਹੋਇਆ ਹੈ। ਇਹਨਾਂ ਲੋਕਾਂ ਦੇ ਰਹਿਣ ਸਹਿਣ ਦੇ ਢੰਗ ਤਰੀਕਿਆਂ ਨਾਲ ਪੂਰੇ ਇਲਾਕੇ ਵਿਚ ਗੰਦਗੀ ਦਾ ਆਲਮ ਬਣਿਆ ਹੋਇਆ ਹੈ। ਮੋਹਿਤ ਕੁੰਦਰਾ ਨੇ ਸ਼ਹਿਰ ਦੇ ਮੁਹਤਬਰ ਲੋਕਾਂ ਨੂੰ ਨਾਲ ਲੈਕੇ ਗੰਦਗੀ ਦਾ ਇਹ ਸਾਰਾ ਮੰਜ਼ਰ ਦਿਖਾਇਆ। ਇਸ ਵੱਸੋਂ ਦੇ ਨਜਦੀਕ ਸ੍ਰੀ ਗੁਰੂ ਰਵਿਦਾਸ ਜੀ ਦਾ ਗੁਰੂਦਵਾਰਾ ਸਾਹਿਬ ਅਤੇ ਸਕੂਲ ਵੀ ਹੈ, ਗੰਦਗੀ ਦਾ ਇਹ ਹੱਬ ਸਾਰੇ ਮਾਹੌਲ ਨੂੰ ਅਪਵਿੱਤਰ ਤਾਂ ਕਰ ਹੀ ਰਿਹਾ ਹੈ, ਨਾਲ ਹੀ ਅੰਤਾਂ ਦੀ ਗੰਦਗੀ ਕਾਰਣ ਇਲਾਕੇ ਵਿਚ ਬਿਮਾਰੀ ਫੈਲਣ ਤੋਂ ਇੰਨਕਾਰ ਨਹੀਂ ਕੀਤਾ ਜਾ ਸਕਦਾ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਅਕਸਰ ਅਸੀਂ ਹਰ ਕੰਮ ਲਈ ਸਰਕਾਰ ਅਤੇ ਨਗਰ ਕੌਂਸਲ ਨੂੰ ਦੋਸ਼ੀ ਠਹਿਰਾ ਦਿੰਦੇ ਹਨ, ਉਹਨਾਂ ਕਿਹਾ ਕਿ ਸਫਾਈ ਵਿਵਸਥਾ ਲਈ ਸ਼ਹਿਰ ਦੇ ਲੋਕਾਂ ਦੇ ਵੀ ਕੁੱਝ ਫਰਜ਼ ਬਣਦੇ ਹਨ। ਉਹਨਾਂ ਨਾਲ ਆਏ ਲੋਕਾਂ ਨੂੰ ਦਿਖਾਇਆ ਕਿ ਇਸ ਖੇਤਰ ਵਿਚ 100 ਤੋਂ ਵੱਧ ਝੁੱਗੀਆਂ ਵਿਚ ਸਾਲਾਂ ਬੱਧੀ ਕੁੰਡੀਆਂ ਲਾ ਕੇ ਬਿਜਲੀ ਚੋਰੀ ਕੀਤੀ ਜਾ ਰਹੀ ਹੈ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਕਿਸੇ ਗਰੀਬ ਵੱਲੋਂ ਬਿਜਲੀ ਦਾ ਬਿੱਲ ਸਮੇਂ ਸਿਰ ਜਮਾ ਨਾ ਕਰਾਉਣ ਤੇ ਬਿਜਲੀ ਮਹਿਕਮਾ ਕਨੈਕਸ਼ਨ ਕੱਟਣ ਲਈ ਆ ਜਾਂਦਾ ਹੈ, ਪਰ ਇਹ ਸਾਲਾਂ ਬੱਧੀ ਹੋ ਰਹੀ ਬਿਜਲੀ ਚੋਰੀ ਵੱਲ ਉਹਨਾਂ ਦਾ ਧਿਆਨ ਕਿਓਂ ਨਹੀਂ ਗਿਆ। ਉਹਨਾਂ ਬਿਜਲੀ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਐਕਸ਼ਨ ਲੈਕੇ ਲੋੜੀਂਦੀ ਕਾਰਵਾਈ ਕਰਨ। ਇਸ ਦੌਰਾਨ ਪਾਵਰਕੌਮ ਦੇ ਐਸ ਡੀ ਓ ਮਾਛੀਵਾੜਾ ਸਾਹਿਬ ਨੇ ਦਸਿਆ ਕਿ ਕੁਝ ਸਮਾਂ ਪਹਿਲਾਂ ਉਹਨਾਂ ਵਲੋਂ ਇਸ ਇਲਕੇ ਦੀ ਚੈਕਿੰਗ ਕੀਤੀ ਗਈ, ਪਰ ਕੋਈ ਕੁੰਡੀ ਲੱਗੀ ਨਹੀਂ ਪਾਈ ਗਈ। ਉਹਨਾਂ ਦੱਸਿਆ ਕਿ ਫੇਰ ਦੁਬਾਰਾ ਇਸ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਇਸ ਤੇ ਨਿਰੰਤਰ ਨਿਗਾਹ ਰੱਖੀ ਜਾਵੇਗੀ। ਮੋਹਿਤ ਕੁੰਦਰਾ ਨੇ ਜ਼ਮੀਨ ਦੇ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਜਗ੍ਹਾ ਖਾਲੀ ਕਰਵਾਉਣ। ਪ੍ਰਧਾਨ ਕੁੰਦਰਾ ਨੇ ਕਿਹਾ ਕਿ ਉਹ ਕਿਸੇ ਨੂੰ ਉਜਾੜਨ ਦੇ ਹੱਕ ਵਿੱਚ ਨਹੀਂ ਪਰ ਸ਼ਹਿਰ ਦੇ ਸੁੰਦਰੀਕਰਨ ਲਈ ਇਹ ਲਾਜ਼ਮੀ ਹੈ, ਜੇਕਰ ਕਿਸੇ ਨੇ ਰਹਿਣਾ ਹੈ ਤਾਂ ਉਹ ਸਮਰੱਥ ਅਧਿਕਾਰੀ ਤੋਂ ਮਨਜ਼ੂਰੀ ਹਾਸਿਲ ਕਰ ਕੇ ਰਹਿ ਸਕਦੇ ਹਨ। ਉਹਨਾਂ 15 ਦਿਨਾਂ ਦਾ ਅਲਟੀਮੇਟਮ ਦਿੰਦਿਆਂ ਕਿਹਾ ਕਿ ਸਮੇਂ ਸੀਮਾ ਪੁੱਗਣ ਉਪਰੰਤ ਜੇਸੀਬੀ ਮਸ਼ੀਨ ਨਾਲ ਸਫਾਈ ਕਰਵਾ ਦਿੱਤੀ ਜਾਵੇਗੀ। ਮਾਛੀਵਾੜਾ ਸਾਹਿਬ ਦੇ ਲੋਕਾਂ ਵੱਲੋਂ ਨਗਰ ਕੌਂਸਲ ਪ੍ਰਧਾਨ ਮੋਹਿਤ ਕੁੰਦਰਾ ਦੇ ਇਸ ਤਰੱਦਦ ਦੀ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *