ਸਮਰਾਲਾ, ਸੁਰਜੀਤ ਸਿੰਘ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਸ਼ੁੱਕਰਵਾਰ ਨੂੰ ਆਪਣੇ ਪੁਰਾਣੇ ਦੋਸਤ ਜਤਿੰਦਰ ਪਾਲ ਸਿੰਘ ਸੈਣੀ ਦੇ ਉਦਯੋਗਿਕ ਪਲਾਂਟ ਦਾ ਉਦਘਾਟਨ ਕਰਨ ਲਈ ਪਟਿਆਲਾ ਪੁੱਜੇ। ਇਸ ਦੌਰਾਨ ਡੇਰਾ ਬਿਆਸ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਵੀ ਨਿੱਜੀ ਉਦਘਾਟਨੀ ਸਮਾਗਮ ਵਿੱਚ ਵਿਸ਼ੇਸ਼ ਆਸ਼ੀਰਵਾਦ ਦੇਣ ਲਈ ਪੁੱਜੇ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਸਮਾਗਮ ਵਿੱਚ ਪੁੱਜਣ ’ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਕਿਤਾਬਾਂ ਭੇਟ ਕੀਤੀਆਂ। ਆਸ਼ੀਰਵਾਦ ਲੈਣ ਉਪਰੰਤ ਮੁੱਖ ਮੰਤਰੀ ਸੈਣੀ ਨੇ ਆਪਣੇ ਸੰਬੋਧਨ ਵਿੱਚ ਪੰਜਾਬ ਅਤੇ ਹਰਿਆਣਾ ਦੇ ਉਦਯੋਗਪਤੀਆਂ ਨੂੰ ਹੁਨਰ ਵਿਕਾਸ, ਤਕਨਾਲੋਜੀ ਅਤੇ ਵਪਾਰ ਦੇ ਖੇਤਰ ਵਿੱਚ ਆਪਸੀ ਸਹਿਯੋਗ ਹੋਰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੋਵੇਂ ਰਾਜਾਂ ਦੇ ਸਾਂਝੇ ਯਤਨਾਂ ਨਾਲ ਇਹ ਖੇਤਰ ਮੈਨੂਫੈਕਚਰਿੰਗ, ਨਵੀਨਤਾ ਅਤੇ ਰੁਜ਼ਗਾਰ ਦਾ ਵੱਡਾ ਕੇਂਦਰ ਬਣ ਸਕਦਾ ਹੈ।
ਸੈਣੀ ਨੇ ਕਿਹਾ ਕਿ ਉਨ੍ਹਾਂ ਦੇ ਬਹੁਤ ਕਰੀਬੀ ਦੋਸਤ ਜਤਿੰਦਰ ਪਾਲ ਸਿੰਘ ਸੈਣੀ ਦੀ ਸਖ਼ਤ ਮਿਹਨਤ ਸਦਕਾ ਜੀਐੱਸਏ ਇੰਡਸਟਰੀਜ਼ ਦਾ ਪੰਜਾਬ ਤੋਂ ਸ਼ੁਰੂ ਹੋ ਕੇ ਗਲੋਬਲ ਮਾਰਕੀਟ ਤੱਕ ਪਹੁੰਚਣ ਦਾ ਸਫ਼ਰ ਭਾਰਤੀ ਉੱਦਮਸ਼ੀਲਤਾ, ਤਕਨਾਲੋਜੀ ਅਤੇ ਮਿਹਨਤ ਦੀ ਸਮਰੱਥਾ ਨੂੰ ਦਰਸਾਉਂਦਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਉਦਯੋਗ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਕਿਸਾਨਾਂ ਨੂੰ ਸਸ਼ਕਤ ਬਣਾਉਣ ਅਤੇ ਭਾਰਤ ਨੂੰ ਵਿਸ਼ਵ ਪੱਧਰੀ ਮੈਨੂਫੈਕਚਰਿੰਗ ਹੱਬ ਬਣਾਉਣ ਵਿੱਚ ਯੋਗਦਾਨ ਪਾਉਂਦੇ ਹਨ। ‘ਮੈਨੂਫੈਕਚਰਿੰਗ ਰਾਹੀਂ ਭਾਰਤ ਨੂੰ ਹੋਰ ਮਜ਼ਬੂਤ ਬਣਾਉਣ’ ਦੀ ਥੀਮ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਫੈਕਟਰੀਆਂ ਵਿੱਚ ਉਤਪਾਦਨ ਵਧਾਉਣਾ, ਨੌਜਵਾਨਾਂ ਦੇ ਹੁਨਰ ਨੂੰ ਨਿਖਾਰਨਾ ਅਤੇ ਭਾਰਤੀ ਉਤਪਾਦਾਂ ਨੂੰ ਗਲੋਬਲ ਮਾਰਕੀਟ ਵਿੱਚ ਭਰੋਸੇਯੋਗ ਬਣਾਉਣਾ ਦੇਸ਼ ਦੇ ਵਿਕਾਸ ਲਈ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ‘ਮੇਕ ਇਨ ਇੰਡੀਆ’ ਅਤੇ ‘ਆਤਮਨਿਰਭਰ ਭਾਰਤ’ ਦਾ ਮਕਸਦ ਦੇਸ਼ ਦੀਆਂ ਆਪਣੀਆਂ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਹੈ। ਨੌਜਵਾਨਾਂ ਦੀ ਪ੍ਰਤਿਭਾ ਨੂੰ ਮੌਕੇ ਦੇਣ, ਉਦਯੋਗਾਂ ਨੂੰ ਨਵੀਂ ਤਕਨਾਲੋਜੀ ਨਾਲ ਜੋੜਨ ਅਤੇ ਭਾਰਤ ਵਿੱਚ ਬਣੇ ਉਤਪਾਦਾਂ ਨੂੰ ਗਲੋਬਲ ਮਾਰਕੀਟ ਤੱਕ ਪਹੁੰਚਾਉਣ ਦੀ ਲੋੜ ਹੈ। ਪੰਜਾਬ ਅਤੇ ਹਰਿਆਣਾ ਦੇ ਆਪਸੀ ਸਬੰਧਾਂ ਦਾ ਜ਼ਿਕਰ ਕਰਦਿਆਂ ਸੈਣੀ ਨੇ ਕਿਹਾ ਕਿ ਦੋਵੇਂ ਰਾਜਾਂ ਦੀ ਖੇਤੀਬਾੜੀ, ਸੱਭਿਆਚਾਰ, ਪਰਿਵਾਰਕ ਰਿਸ਼ਤੇ ਅਤੇ ਮਿਹਨਤ ਦੀਆਂ ਪਰੰਪਰਾਵਾਂ ਆਪਸ ਵਿੱਚ ਡੂੰਘਾਈ ਨਾਲ ਜੁੜੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਅਤੇ ਹਰਿਆਣਾ ਵਿੱਚ ਉਦਯੋਗ ਦੇ ਵਿਕਾਸ ਨਾਲ ਦੋਵੇਂ ਰਾਜਾਂ ਦੇ ਵਪਾਰੀਆਂ ਅਤੇ ਨੌਜਵਾਨਾਂ ਲਈ ਵੀ ਨਵੇਂ ਮੌਕੇ ਪੈਦਾ ਹੁੰਦੇ ਹਨ।
ਉਨ੍ਹਾਂ ਮੈਨੂਫੈਕਚਰਿੰਗ ਖੇਤਰ ਨਾਲ ਜੁੜੇ ਉਦਯੋਗਪਤੀਆਂ ਅਤੇ ਕਰਮਚਾਰੀਆਂ ਨੂੰ ਬਿਹਤਰ ਕੰਮ ਲਈ ਮਿਲ ਕੇ ਯਤਨ ਕਰਨ ਦੀ ਅਪੀਲ ਕੀਤੀ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੰਪਨੀ ਦੇ ਐੱਮਡੀ ਜਤਿੰਦਰ ਪਾਲ ਸਿੰਘ ਸੈਣੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਨਾ ਸਿਰਫ਼ ਪੰਜਾਬ ਦਾ ਨਾਮ ਪੂਰੀ ਦੁਨੀਆ ਵਿੱਚ ਰੌਸ਼ਨ ਕੀਤਾ ਹੈ, ਸਗੋਂ ਹਜ਼ਾਰਾਂ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਵੀ ਪ੍ਰਦਾਨ ਕੀਤੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਸਰਕਾਰ ਆਪਣੇ ਖੇਤਰ ਵਿੱਚ ਅਜਿਹੇ ਉਦਯੋਗਾਂ ਨੂੰ ਹਮੇਸ਼ਾ ਉਤਸ਼ਾਹਿਤ ਕਰੇਗੀ।
ਇਸ ਮੌਕੇ ਕੰਪਨੀ ਦੇ ਐੱਮਡੀ ਜਤਿੰਦਰ ਪਾਲ ਸਿੰਘ ਸੈਣੀ ਵੱਲੋਂ ਮਹਿਮਾਨਾਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿੱਚ ਸਾਬਕਾ ਕੇਂਦਰੀ ਮੰਤਰੀ ਪਰਨੀਤ ਕੌਰ, ਪੰਜਾਬ ਭਾਜਪਾ ਮਹਿਲਾ ਮੋਰਚਾ ਦੀ ਪ੍ਰਧਾਨ ਜੈ ਇੰਦਰ ਕੌਰ ਅਤੇ ਪਟਿਆਲਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਸਮੇਤ ਕਈ ਪਤਵੰਤੇ ਹਾਜ਼ਰ ਸਨ।


