ਨਨਕਾਣਾ ਸਾਹਿਬ ਸਕੂਲ ਰਾਮਪੁਰ ਵਿਚ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿ
ਸਮਰਾਲਾ, (ਸੁਰਜੀਤ ਸਿੰਘ) ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਰਾਮਪੁਰ ਵਿਖੇ ਪ੍ਰਿੰਸੀਪਲ ਜਸਵਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬੀ ਭਾਸ਼ਾ ਦੇ ਪਸਾਰ ਲਈ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ। ਇਸ ਮੌਕੇ ਉਹਨਾਂ ਸਵੇਰ ਦੀ ਅਸੈਂਬਲੀ ਵਿਚ ਮਾਤ ਭਾਸ਼ਾ ਪੰਜਾਬੀ ਬਾਰੇ ਵਿਦਿਆਰਥੀਆਂ ਨਾਲ ਮੁੱਲਵਾਨ ਗੱਲਾਂ ਸਾਂਝੀ ਕੀਤੀਆਂ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਵਿਸ਼ਵ ਦੀਆਂ ਮੁੱਖ ਭਾਸ਼ਾਵਾਂ ’ਚੋਂ ਇਕ ਹੈ, ਜਿਸ ਵਿਚ ਬਹੁਤ ਉੱਚ-ਪਾਏ ਦੀ ਸਾਹਿਤ ਸਿਰਜਣਾ ਹੋਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਦੀ ਅਨੂਠੀ ਮਿਸਾਲ ਹੈ। ਪੰਜਾਬੀ ਵਿਭਾਗ ਦੀ ਮੁਖੀ ਮੈਡਮ ਕਿਰਨਪ੍ਰੀਤ ਕੌਰ ਨੇ ਆਪਣੇ ਭਾਸ਼ਣ ਵਿਚ ਵਿਦਿਆਰਥੀਆਂ ਨੂੰ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਪ੍ਰੇਰਿਆ। ਪੰਜਾਬੀ ਵਿਭਾਗ ਦੇ ਅਧਿਆਪਕ ਅਮਰਿੰਦਰ ਸਿੰਘ ਸੋਹਲ, ਮਨਪ੍ਰੀਤ ਕੌਰ ਅਤੇ ਮਨਦੀਪ ਕੌਰ ਸੰਧੂ ਦੀ ਅਗਵਾਈ ਵਿਚ ਵਿਦਿਆਰਥੀਆਂ ਦੇ ਲੇਖ, ਇਸ਼ਤਿਹਾਰ ਅਤੇ ਨਾਅਰੇ ਲਿਖਣ ਦੇ ਮੁਕਾਬਲੇ ਕਰਵਾਏ ਗਏ। ਇਸੇ ਤਰਾਂ ਵੱਡੀਆਂ ਜਮਾਤਾਂ ਦੇ ਵਿਦਿਆਰਥੀਆਂ ਨੂੰ ਦੋ-ਦੋ ਗਰੁੱਪਾਂ ਵਿਚ ਵੰਡ ਕੇ ਅਖਾਣ ਅਤੇ ਮੁਹਾਵਰਿਆਂ ਦਾ ਮੁਕਾਬਲਾ ਕਰਵਾਇਆ ਗਿਆ। ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚ ਮੌਲਿਕ ਲਿਖਣ ਦਾ ਹੁਨਰ ਪੈਦਾ ਕਰਨ ਲਈ ਉਨ੍ਹਾਂ ਨੂੰ ਮਾਤ ਭਾਸ਼ਾ ਪੰਜਾਬੀ ਦੇ ਘਟਦੇ ਰੁਝਾਨ, ਕਾਰਨਾਂ ਅਤੇ ਮਾਤ ਭਾਸ਼ਾ ਪੰਜਾਬੀ ਦੇ ਮਹੱਤਵ ਆਦਿ ਵਿਸ਼ਿਆਂ ’ਤੇ ਲੇਖ ਲਿਖਣ ਮੁਕਾਬਲਾ ਕਰਵਾਇਆ ਗਿਆ। ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਪੰਜਾਬੀ ਵਿਭਾਗ ਦੇ ਸਮੂਹ ਅਧਿਆਪਕਾਂ ਨੂੰ ਸਫਲ ਢੰਗ ਨਾਲ ਵਿਸ਼ਵ ਪੰਜਾਬੀ ਦਿਵਸ ਮੌਕੇ ਉਸਾਰੂ ਅਤੇ ਪ੍ਰੇਰਕ ਮੁਕਾਬਲੇ ਕਰਵਾਉਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ।


