ਮਾਛੀਵਾੜਾ ਸਾਹਿਬ, 17 ਸਤੰਬਰ (ਅੰਮ੍ਰਿਤਪਾਲ)-ਇੱਥੋਂ ਨਜ਼ਦੀਕੀ ਪਿੰਡ ਸ਼ੇਰਪੁਰ ਬੇਟ ਦੇ ਇੱਕ ਨੌਜਵਾਨ ਮਨਜਿੰਦਰ ਸਿੰਘ (21) ਦੀ ਸੜਕ ਹਾਦਸੇ ‘ਚ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਜੋ ਕਿ ਪਿੰਡ ਹੰਬੋਵਾਲ ਦੇ ਇੱਕ ਪੈਟਰੋਲ ਪੰਪ ‘ਤੇ ਕੰਮ ਕਰਦਾ ਸੀ ਅਤੇ ਰੋਜ਼ਾਨਾ ਦੀ ਤਰ੍ਹਾਂ ਉਹ ਅੱਜ ਵੀ ਪੈਟਰੋਲ ਪੰਪ ‘ਤੇ ਡਿਊਟੀ ਲਈ ਆਪਣੇ ਪਿੰਡ ਸ਼ੇਰਪੁਰ ਬੇਟ ਤੋਂ ਮੋਟਰਸਾਈਕਲ ‘ਤੇ ਸਵਾਰ ਹੋ ਕੇ ਹੰਬੋਵਾਲ ਆ ਰਿਹਾ ਸੀ। ਪ੍ਰੰਤੂ ਦੂਜੀ ਤਰਫ ਤੋਂ ਇਕ ਬੋਲੈਰੋ ਗੱਡੀ ਤੇਜ਼ ਰਫ਼ਤਾਰ ਨਾਲ ਆ ਰਹੀ ਸੀ, ਜਿਸ ਵਿੱਚ 3-4 ਨੌਜਵਾਨ ਸਵਾਰ ਦੱਸੇ ਜਾ ਰਹੇ ਸਨ, ਵੱਲੋਂ ਮੋਟਰਸਾਈਕਲ ਸਵਾਰ ਮਨਜਿੰਦਰ ਨੂੰ ਟੱਕਰ ਮਾਰ ਦਿੱਤੀ। ਮਨਜਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਬੋਲੈਰੋ ‘ਚ ਸਵਾਰ ਨੌਜਵਾਨ ਮੌਕੇ ਤੋਂ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਗਰੀਬ ਪਰਿਵਾਰ ਨਾਲ ਸਬੰਧ ਰੱਖਦਾ ਸੀ, ਜਿਸਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਮ੍ਰਿਤਕ ਦੀ ਮਾਤਾ ਪਤੀ ਦੀ ਮੌਤ ਤੋਂ ਬਾਅਦ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦੀ ਹੈ ਅਤੇ ਅੱਜ ਹਾਦਸੇ ਨੇ ਉਸਦਾ ਪੁੱਤਰ ਵੀ ਖੋਹ ਲਿਆ ਹੈ।
ਪੁਲਿਸ ਪ੍ਰਸ਼ਾਸਨ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲੈ ਲਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਵੱਲੋਂ ਦੁਰਘਟਨਾ ਵਾਲੀ ਬਲੈਰੋ ਗੱਡੀ ਨੂੰ ਕਬਜ਼ੇ ‘ਚ ਲੈ ਲਿਆ ਹੈ ਅਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


