ਮੰਡੀਆਂ ‘ਚ ਝੋਨੇ ਦੀ ਆਮਦ ਸ਼ੁਰੂ, ਸਾਫ਼ ਸਫ਼ਾਈ ਦਾ ਕੋਈ ਪ੍ਰਬੰਧ ਨਹੀਂ
ਮਾਛੀਵਾੜਾ ਸਾਹਿਬ, 15 ਸਤੰਬਰ (ਅੰਮ੍ਰਿਤਪਾਲ)-ਸਥਾਨਕ ਅਨਾਜ ਮੰਡੀ ‘ਚ ਝੋਨੇ ਦੀ ਆਮਦ ਸ਼ੁਰੂ ਹੋ ਗਈ ਹੈ ਅਤੇ ਬਾਸਮਤੀ ਦੀ ਆਮਦ ਵੀ ਤੇਜ਼ ਹੋ ਗਈ ਹੈ। ਹਾਲਾਂਕਿ ਸਰਕਾਰੀ ਖਰੀਦ ਹਾਲੇ ਸ਼ੁਰੂ ਨਾ ਹੋਣ ਕਾਰਨ ਝੋਨਾ ਅਤੇ ਬਾਸਮਤੀ ਨਿੱਜੀ ਤੌਰ ‘ਤੇ ਖਰੀਦੀ ਜਾ ਰਹੀ ਹੈ। ਸੀਜ਼ਨ ਦੇ ਸ਼ੁਰੂ ‘ਚ ਹੀ ਦੋ ਨੰਬਰ ‘ਚ ਖੁੱਲ੍ਹੇਆਮ ਝੋਨਾ ਖਰੀਦਿਆ ਜਾ ਰਿਹਾ ਹੈ। ਮੰਡੀ ਬੋਰਡ ਇਸ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਬੇਅਸਰ ਜਾਪਦਾ ਹੈ। ਇਸ ਸ਼ੁਰੂਆਤੀ ਸੀਜ਼ਨ ‘ਚ ਦੋ ਨੰਬਰ ‘ਚ ਝੋਨੇ ਦੀ ਵਿੱਕਰੀ ਪ੍ਰਸ਼ਾਸਨ ਦੇ ਖਰੀਦ ਪ੍ਰਬੰਧਾਂ ਨੂੰ ਬੇਨਕਾਬ ਕਰਦੀ ਹੈ। ਮੰਡੀ ‘ਚ ਬਾਸਮਤੀ ਝੋਨੇ ਦੀ ਆਮਦ ਲਗਭਗ 30000 ਕੁਇੰਟਲ ਹੋਣ ਦਾ ਅਨੁਮਾਨ ਹੈ, ਪਰ ਮਾਰਕੀਟ ਕਮੇਟੀ ਕੋਲ ਪਰਮਲ ਝੋਨੇ ਦੀ ਆਮਦ ਦਾ ਪੂਰਾ ਡਾਟਾ ਨਹੀਂ ਹੈ, ਕਿਉਂਕਿ ਉਹਨਾਂ ਦੋ ਨੰਬਰ ‘ਚ ਵੇਚੇ ਗਏ ਢੇਰਾਂ ਦਾ ਡਾਟਾ ਉਪਲਬਧ ਨਹੀਂ ਹੈ। ਸੀਜ਼ਨ ਕੋਈ ਵੀ ਹੋਵੇ, ਮਾਛੀਵਾੜਾ ਸਾਹਿਬ ਅਨਾਜ ਮੰਡੀ ਹਮੇਸ਼ਾ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ, ਕਿਉਂਕਿ ਕੁਝ ਮੁੱਦਿਆਂ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾਂਦਾ ਹੈ ਅਤੇ ਕਿਸਾਨਾਂ ਦੇ ਸ਼ੋਸ਼ਣ ਦੇ ਨਾਲ-ਨਾਲ ਮਾਰਕੀਟ ਕਮੇਟੀ ਦੀਆਂ ਫ਼ੀਸਾਂ ਵੀ ਚੋਰੀ ਕੀਤੀਆਂ ਜਾਂਦੀਆਂ ਹਨ। ਸੀਜ਼ਨ ਦੀ ਸ਼ੁਰੂਆਤ ‘ਚ ਦੋ ਨੰਬਰ ‘ਚ ਝੋਨੇ ਦੀ ਵਿੱਕਰੀ ਇੱਕ ਚੰਗਾ ਸੰਕੇਤ ਨਹੀਂ ਹੈ। ਹੁਣ ਤੱਕ ਮਾਰਕੀਟ ਰਿਕਾਰਡ ਵਿੱਚ ਝੋਨੇ ਦਾ ਇੱਕ ਵੀ ਦਾਣਾ ਨਾ ਹੋਣਾ ਇੱਕ ਵੱਡਾ ਸਵਾਲੀਆ ਨਿਸ਼ਾਨ ਹੈ। ਜਦਕਿ 30,000 ਕੁਇੰਟਲ ਬਾਸਮਤੀ ਅਤੇ 3000 ਤੋਂ 4000 ਕੁਇੰਟਲ ਝੋਨਾ ਮੰਡੀ ਵਿੱਚ ਆਉਣ ਦੀਆਂ ਚਰਚਾਵਾਂ ਹਨ। ਕਿਸਾਨਾਂ ਦਾ ਸ਼ੋਸ਼ਣ ਅਤੇ ਮਾਰਕੀਟ ਕਮੇਟੀ ਫ਼ੀਸਾਂ ਦੀ ਚੋਰੀ ਪ੍ਰਸ਼ਾਸਨ ਦੇ ਖਰੀਦ ਪ੍ਰਬੰਧਾਂ ‘ਤੇ ਸਿੱਧਾ ਸਵਾਲ ਖੜ੍ਹੇ ਕਰਦੀ ਹੈ। ਜਦੋਂ ਇਸ ਬਾਰੇ ਮਾਰਕੀਟ ਕਮੇਟੀ ਦੇ ਸਕੱਤਰ ਅਰੁਣਇੰਦਰ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਦੋ ਨੰਬਰ ਦੇ ਝੋਨੇ ਦੀ ਵਿੱਕਰੀ ਸਬੰਧੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ, ਪਰ ਜੇਕਰ ਅਜਿਹਾ ਮਾਮਲਾ ਉਨ੍ਹਾਂ ਦੇ ਧਿਆਨ ‘ਚ ਆਉਂਦਾ ਹੈ ਤਾਂ ਉਹ ਸਬੰਧਤ ਵਪਾਰੀ ਵਿਰੁੱਧ ਢੁਕਵੀਂ ਕਾਰਵਾਈ ਕਰਨਗੇ।
ਸੀਜ਼ਨ ਸ਼ੁਰੂ, ਪਰ ਮੰਡੀਆਂ ਦੀ ਸਫ਼ਾਈ ਦਾ ਕੋਈ ਪ੍ਰਬੰਧ ਨਹੀਂ
ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਹੈ, ਭਾਵੇਂ ਕਿ ਹਾਲੇ ਝੋਨੇ ਦੀ ਖਰੀਦ ਸ਼ੁਰੂ ਨਹੀਂ ਹੋਈ ਹੈ, ਪਰ ਸ਼ਹਿਰ ਅੰਦਰ ਬਣੀ ਮੰਡੀ ਅਤੇ ਲੱਖੋਵਾਲ ਮੰਡੀ ਵਿੱਚ ਝੋਨੇ ਦੀ ਆਮਦ ਹੋ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮਾਰਕੀਟ ਕਮੇਟੀ ਵੱਲੋਂ ਇਹਨਾਂ ਦੋਵਾਂ ਮੰਡੀਆਂ ਵਿਚ ਸਫ਼ਾਈ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ। ਜਿੱਥੇ ਅਨਾਜ ਰੱਖਿਆ ਜਾਣਾ ਹੋਵੇ, ਓਸ ਥਾਂ ਨੂੰ ਕਿੰਨਾ ਸਾਫ਼ ਸੁਥਰਾ ਹੋਣਾ ਚਾਹੀਦਾ ਹੈ, ਇਸਦਾ ਪਾਠ ਮਾਰਕੀਟ ਕਮੇਟੀ ਮਾਛੀਵਾੜਾ ਨੂੰ ਸਿਖਾਉਣ ਲਈ ਪ੍ਰਸ਼ਾਸਨ ਕੋਈ ਉਪਰਾਲਾ ਕਰੇ।


