ਸਮਰਾਲਾ, (ਸੁਰਜੀਤ ਸਿੰਘ) ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਐੱਮ.ਏ. ਇਤਿਹਾਸ ਦੇ ਪੋਸਟ-ਗ੍ਰੈਜੂਏਟ ਸਿਲੇਬਸ ਵਿੱਚੋਂ ਪੰਜਾਬ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਚਾਰ ਅਹਿਮ ਪੇਪਰ ਹਟਾਏ ਜਾਣ ’ਤੇ ਪੰਜਾਬੀ ਦੀ ਨਾਮਵਰ ਲੇਖਿਕਾ ਡਾ ਯਤਿੰਦਰ ਕੌਰ ਮਾਹਲ ਨੇ ਸਖ਼ਤ ਨੋਟਿਸ ਲੈਂਦਿਆਂ ਕਿਹਾ ਹੈ ਕਿ ਪੰਜਾਬ ਯੂਨੀਵਰਸਿਟੀ ਵੱਲੋਂ ਸਿੱਖ ਇਤਹਾਸ ਨੂੰ ਮਨਫੀ ਕਰਨਾ, ਇਕ ਤਰਾਂ ਨਾਲ ਸਿੱਖਾਂ ਦੀਆਂ ਬੇਮਿਸਾਲ ਕੁਰਬਾਨੀਆਂ ਨੂੰ ਅਣਗੌਲਿਆਂ ਕਰਨਾ ਹੈ, ਜੋਕਿ ਬਹੁਤ ਮੰਦਭਾਗਾ ਅਤੇ ਚਿੰਤਾਜਨਕ ਹੈ। ਪੰਜਾਬੀ ਲੇਖਿਕਾ ਨੇ ਕਿਹਾ ਕਿ ਪੰਜਾਬ ਦਾ ਇਤਿਹਾਸ ਕਿਸੇ ਇੱਕ ਸੀਮਤ ਖੇਤਰ ਦਾ ਇਤਿਹਾਸ ਨਹੀਂ, ਸਗੋਂ ਭਾਰਤ ਦੇ ਸਮੁੱਚੇ ਇਤਿਹਾਸ ਦਾ ਅਹਿਮ ਹਿੱਸਾ ਹੈ। ਦੇਸ਼ ਦਾ ਇਤਿਹਾਸ ਸਿੱਖ ਇਤਿਹਾਸ ਤੋਂ ਬਿਨਾਂ ਅਧੂਰਾ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਦੇ ਨਾਲ ਜਿੱਥੇ ਅਣਖੀਲੀ ਜੰਗਾਂ ਦਾ ਇਤਿਹਾਸ ਜੁੜਿਆ ਹੈ, ਉਥੇ ਗੁਰੂ ਸਾਹਿਬਾਨ ਦੀਆਂ ਮਹਾਨ ਸਿੱਖਿਆਵਾਂ ਦਾ ਇਤਿਹਾਸ ਹੈ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਇਹ ਕਿਸੇ ਕੀਮਤ ਤੇ ਵੀ ਬਰਦਾਸਤ ਨਹੀਂ ਕੀਤਾ ਜਾਵੇਗਾ। ਪੰਜਾਬ ਯੂਨੀਵਰਸਿਟੀ ਆਪਣਾ ਇਹ ਫੈਸਲਾ ਤੁਰੰਤ ਬਦਲੇ, ਨਹੀਂ ਤਾਂ ਲੋਕ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
ਡਾ ਯਤਿੰਦਰ ਮਾਹਲ ਨੇ ਅੱਗੇ ਕਿਹਾ ਕਿ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਦੀ ਪੜਾਈ ਤੋਂ ਵਾਂਝੇ ਕਰਨਾ, ਉਹਨਾਂ ਨੂੰ ਆਪਣੇ ਮਹਾਨ ਵਿਰਸੇ ਤੋਂ ਵੱਖ ਕਰਨ ਦੇ ਬਰਾਬਰ ਹੋਵੇਗਾ। ਉਹਨਾਂ ਕਿਹਾ ਕਿ ਯੂਨੀਵਰਸਿਟੀਆਂ ਅਤੇ ਸਰਕਾਰਾਂ ਪਹਿਲਾਂ ਹੀ ਮਾਂ ਬੋਲੀ ਪੰਜਾਬੀ ਨਾਲ ਭਾਰੀ ਵਿਤਕਰਾ ਕਰ ਰਹੀਆਂ ਹਨ। ਉਹਨਾਂ ਕਿਹਾ ਕਿ ਯੂਨੀਵਰਸਿਟੀ ਦੀ ਅਜਿਹੀ ਹਰਕਤ ਸਪੱਸ਼ਟ ਕਰਦੀ ਹੈ ਕਿ ਜਦੋਂ ਕਿਸੇ ਕੌਮ ਨੂੰ ਕਮਜ਼ੋਰ ਅਤੇ ਖਤਮ ਕਰਨਾ ਹੋਵੇ ਤਾਂ ਉਸ ਨੂੰ ਉਸਦਾ ਵਿਰਸਾ ਭੁਲਾ ਦਿਓ। ਜ਼ਾਹਿਰ ਹੈ ਕਿ ਜੇਕਰ ਸਿੱਖ ਇਤਿਹਾਸ ਨੂੰ ਸਿਲੇਬਸ ਵਿੱਚੋਂ ਕੱਢ ਦਿੱਤਾ ਗਿਆ ਤਾਂ ਆਉਣ ਵਾਲੀ ਪੀੜ੍ਹੀਆਂ ਆਪਣੇ ਮਹਾਨ ਵਿਰਸੇ ਨੂੰ ਪੂਰੀ ਤਰਾਂ ਭੁੱਲ ਜਾਣਗੀਆਂ। ਉਹਨਾਂ ਕਿਹਾ ਕਿ ਸਿੱਖੀ ਦਾ ਮਹਾਨ ਵਿਰਸਾ ਨਾ ਸਿਰਫ ਇੱਕ ਖਿੱਤੇ ਦੇ ਲੋਕਾਂ ਲਈ ਪ੍ਰੇਰਨਾ ਹੈ, ਬਲਕਿ ਉਹ ਸਮੁੱਚੀ ਲੋਕਾਈ ਲਈ ਸਾਹਸ ਅਤੇ ਬਹਾਦਰੀ ਦਾ ਮੁਜੱਸਮਾ ਹੈ। ਉਹਨਾਂ ਮੰਗ ਕੀਤੀ ਕਿ ਸਿਲੇਬਸ ਵਿਚੋਂ ਮਨਫੀ ਕੀਤੇ ਸਿੱਖ ਇਤਿਹਾਸ ਨੂੰ ਮੁੜ ਸਿਲੇਬਸ ਦਾ ਹਿੱਸਾ ਬਣਾਇਆ ਜਾਵੇ।


