ਸਮਰਾਲਾ, 11 ਸਤੰਬਰ (ਸੁਰਜੀਤ ਸਿੰਘ) ਪੁਲਿਸ ਜ਼ਿਲ੍ਹਾ ਖੰਨਾ ਵਿੱਚ ਟਰੈਫਿਕ ਨਿਯਮਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਆਮ ਲੋਕਾਂ ਨੂੰ ਪ੍ਰੈਸ਼ਰ ਹਾਰਨਾਂ ਤੋਂ ਹੋਣ ਵਾਲੇ ਧੁਨੀ ਪ੍ਰਦੂਸ਼ਣ ਤੋਂ ਨਿਜਾਤ ਦਿਵਾਉਣ ਲਈ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਖੰਨਾ ਡਾ. ਦਰਪਣ ਆਹਲੂਵਾਲੀਆ ਆਈ.ਪੀ.ਐਸ. ਦੇ ਹੁਕਮਾਂ ਅਨੁਸਾਰ ਟਰੈਫਿਕ ਪੁਲਿਸ ਵੱਲੋਂ ਪ੍ਰੈਸ਼ਰ ਹਾਰਨ ਲਗਾਉਣ ਅਤੇ ਵਜਾਉਣ ਵਾਲੇ ਵਾਹਨ ਚਾਲਕਾਂ ਖ਼ਿਲਾਫ਼ 15 ਰੋਜ਼ਾ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਪੁਲਿਸ ਵੱਲੋਂ ਇੱਕ ਦਰਜਨ ਤੋਂ ਵੱਧ ਵਾਹਨਾਂ ਦੇ ਚਲਾਨ ਕੱਟ ਕੇ ਪ੍ਰੈਸ਼ਰ ਹਾਰਨ ਜ਼ਬਤ ਕੀਤੇ ਗਏ ਹਨ।
ਦੱਸਿਆ ਗਿਆ ਹੈ ਕਿ ਪੁਲਿਸ ਨੂੰ ਪ੍ਰੈਸ਼ਰ ਹਾਰਨਾਂ ਸਬੰਧੀ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਡੀ.ਐਸ.ਪੀ. (ਟਰੈਫਿਕ) ਕਰਮਵੀਰ ਸਿੰਘ ਤੂਰ ਨੇ ਦੱਸਿਆ ਕਿ ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਦੇ ਹੁਕਮਾਂ ਅਨੁਸਾਰ ਇਹ ਮੁਹਿੰਮ ਸਬ-ਡਵੀਜ਼ਨ ਖੰਨਾ, ਪਾਇਲ ਅਤੇ ਸਮਰਾਲਾ ਵਿੱਚ ਇੱਕੋ ਸਮੇਂ ਚਲਾਈ ਜਾ ਰਹੀ ਹੈ। 15 ਦਿਨਾਂ ਤੱਕ ਚੱਲਣ ਵਾਲੀ ਇਸ ਮੁਹਿੰਮ ਦਾ ਮੁੱਖ ਮਕਸਦ ਪ੍ਰੈਸ਼ਰ ਹਾਰਨਾਂ ਦੀ ਵਰਤੋਂ ’ਤੇ ਪੂਰੀ ਤਰ੍ਹਾਂ ਰੋਕ ਲਗਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਮੁਹਿੰਮ ਸਿਰਫ਼ 15 ਦਿਨਾਂ ਤੱਕ ਸੀਮਤ ਨਹੀਂ ਰਹੇਗੀ, ਸਗੋਂ ਇਸ ਤੋਂ ਬਾਅਦ ਵੀ ਸਮੇਂ-ਸਮੇਂ ’ਤੇ ਵਿਸ਼ੇਸ਼ ਚੈਕਿੰਗ ਕੀਤੀ ਜਾਵੇਗੀ।
ਪੁਲਿਸ ਅਨੁਸਾਰ ਪ੍ਰੈਸ਼ਰ ਹਾਰਨਾਂ ਦੀ ਵਰਤੋਂ ਨਾਲ ਸਭ ਤੋਂ ਵੱਧ ਪਰੇਸ਼ਾਨੀ ਬੱਚਿਆਂ, ਬਜ਼ੁਰਗਾਂ, ਦਿਲ ਦੇ ਮਰੀਜ਼ਾਂ ਅਤੇ ਆਮ ਰਾਹਗੀਰਾਂ ਨੂੰ ਹੁੰਦੀ ਹੈ। ਕਈ ਵਾਰ ਬੇਹੱਦ ਤੇਜ਼ ਆਵਾਜ਼ ਵਾਲੇ ਹਾਰਨ ਅਚਾਨਕ ਵੱਜਣ ਕਾਰਨ ਸੜਕ ’ਤੇ ਚੱਲ ਰਹੇ ਲੋਕ ਘਬਰਾ ਜਾਂਦੇ ਹਨ ਅਤੇ ਹਾਦਸੇ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਸ਼ਹਿਰ ਦੇ ਰਿਹਾਇਸ਼ੀ ਇਲਾਕਿਆਂ ਵਿੱਚ ਪ੍ਰੈਸ਼ਰ ਹਾਰਨਾਂ ਦਾ ਸ਼ੋਰ ਲੋਕਾਂ ਲਈ ਵੱਡੀ ਸਮੱਸਿਆ ਬਣਦਾ ਜਾ ਰਿਹਾ ਸੀ।
ਡੀ.ਐਸ.ਪੀ. ਕਰਮਵੀਰ ਸਿੰਘ ਤੂਰ ਨੇ ਕਿਹਾ ਕਿ ਪ੍ਰੈਸ਼ਰ ਹਾਰਨ ਦੀ ਵਰਤੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਹੈ ਅਤੇ ਇਸ ਮਾਮਲੇ ਵਿੱਚ ਪੁਲਿਸ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੇਗੀ। ਉਨ੍ਹਾਂ ਦੱਸਿਆ ਕਿ ਪਹਿਲੀ ਵਾਰ ਉਲੰਘਣਾ ਕਰਨ ’ਤੇ 5 ਹਜ਼ਾਰ ਰੁਪਏ ਜੁਰਮਾਨਾ, ਦੂਜੀ ਵਾਰ 10 ਹਜ਼ਾਰ ਰੁਪਏ ਜੁਰਮਾਨਾ ਹੋ ਸਕਦਾ ਹੈ, ਜਦਕਿ ਤੀਜੀ ਵਾਰ ਵੀ ਇਹ ਗਲਤੀ ਕਰਨ ਵਾਲੇ ਵਾਹਨ ਚਾਲਕ ਦਾ ਡਰਾਈਵਿੰਗ ਲਾਇਸੈਂਸ ਰੱਦ ਵੀ ਕੀਤਾ ਜਾ ਸਕਦਾ ਹੈ।
ਗੌਰਤਲਬ ਹੈ ਕਿ ਕੁਝ ਹੀ ਮਹੀਨੇ ਪਹਿਲਾਂ ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਨੇ ਬੁਲੇਟ ਮੋਟਰਸਾਈਕਲਾਂ ’ਤੇ ਪਟਾਕੇ ਛੱਡਣ ਵਾਲੇ ਸਾਈਲੈਂਸਰ ਉਤਰਵਾ ਕੇ ਉਨ੍ਹਾਂ ’ਤੇ ਰੋਡ ਰੋਲਰ ਚਲਾ ਦਿੱਤਾ ਸੀ। ਐਸ.ਐਸ.ਪੀ. ਡਾ. ਦਰਪਣ ਆਹਲੂਵਾਲੀਆ ਨੇ ਚੇਤਾਵਨੀ ਦਿੱਤੀ ਸੀ ਕਿ ਮੋਟਰਸਾਈਕਲ ਚਾਲਕਾਂ ਖ਼ਿਲਾਫ਼ ਤਾਂ ਕਾਰਵਾਈ ਹੋਵੇਗੀ ਹੀ, ਨਾਲ ਹੀ ਮੋਟਰਸਾਈਕਲਾਂ ਨੂੰ ਮੋਡੀਫਾਈ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇਗੀ। ਗੌਰਤਲਬ ਹੈ ਕਿ ਪਟਾਕੇ ਛੱਡਣ ਵਾਲੇ ਬੁਲੇਟ ਮੋਟਰਸਾਈਕਲ ਸ਼ਹਿਰ ਦੀਆਂ ਸੜਕਾਂ ’ਤੇ ਦਨਦਨਾਉਂਦੇ ਹੋਏ ਪਟਾਕੇ ਫੋੜਦੇ ਲਗਾਤਾਰ ਚੱਲ ਰਹੇ ਹਨ।


