ਕੈਂਪ ‘ਚ 70 ਦੇ ਕਰੀਬ ਵਿਦਿਆਰਥੀਆਂ ਨੇ ਵੋਟ ਲਈ ਕੀਤਾ ਰਜਿਸਟਰ
ਮਾਛੀਵਾੜਾ ਸਾਹਿਬ, 9 ਸਤੰਬਰ (ਅੰਮ੍ਰਿਤਪਾਲ)-ਸਥਾਨਕ ਸਰਕਾਰੀ ਕਾਲਜ ਵਿਖੇ ਉਚੇਰੀ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪ੍ਰਿੰ. ਨੰਦਿਨੀ ਵੈਦ ਦੀ ਅਗਵਾਈ ਅਤੇ ਸਵੀਪ ਨੋਡਲ ਅਫ਼ਸਰ ਡਾ. ਕਮਲਜੀਤ ਕੌਰ ਬਾਂਗਾ ਦੇ ਨਿਰਦੇਸ਼ਾਂ ਤਹਿਤ 18 ਸਾਲ ਤੱਕ ਦੇ ਵਿਦਿਆਰਥੀਆਂ ਨੂੰ ਵੋਟ ਬਣਾਉਣ ਲਈ ਪ੍ਰੇਰਿਤ ਕਰਨ ਸਬੰਧੀ ਵਿਸ਼ੇਸ਼ ਕੈਂਪ ਲਗਾਇਆ ਗਿਆ। ਇਸ ਕੈਂਪ ‘ਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਦਿਆਂ ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਜਗਰੂਪ ਸਿੰਘ ਸੇਹ ਨੇ ਵਿਦਿਆਰਥੀਆਂ ਨੂੰ ਲੋਕਤੰਤਰ ‘ਚ ਵੋਟ ਦੇ ਮਹੱਤਵ ਨੂੰ ਸਮਝਾਇਆ ਅਤੇ ਕਿਹਾ ਕਿ ਦੇਸ਼ ਦੇ ਸੰਵਿਧਾਨ ਅਨੁਸਾਰ 18 ਸਾਲ ਤੋਂ ਉੱਪਰ ਉਮਰ ਦੇ ਹਰੇਕ ਨੌਜਵਾਨ ਨੂੰ ਆਪਣੀ ਵੋਟ ਬਣਾਉਣੀ ਚਾਹੀਦੀ ਹੈ, ਤਾਂ ਕਿ ਉਹ ਲੋਕਤੰਤਰ ਦੀ ਸ਼ਕਤੀ ਬਣਕੇ ਚੰਗੀ ਸਰਕਾਰ ਚੁਣਨ ਲਈ ਆਪਣਾ ਯੋਗਦਾਨ ਦੇ ਸਕਣ।
ਪ੍ਰਿੰ. ਨੰਦਿਨੀ ਵੈਦ ਨੇ ਵੀ ਵਿਦਿਆਰਥੀਆਂ ਨੂੰ ਲੋਕਤੰਤਰ ‘ਚ ਵੋਟ ਪਾਉਣ ਸਬੰਧੀ ਪ੍ਰੇਰਿਤ ਕੀਤਾ। ਨੋਡਲ ਅਫ਼ਸਰ ਡਾ. ਬਾਂਗਾ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਵਿਦਿਆਰਥੀ ਚੋਣ ਕਮਿਸ਼ਨ ਭਾਰਤ ਦੀ ਵੈੱਬਸਾਈਟ ‘ਤੇ ਵੋਟ ਬਣਾਉਣ ਲਈ ਆਪਣੇ ਆਪ ਨੂੰ ਰਜਿਸਟਰ ਕਰਨ ਤਾਂ ਜੋ ਉਹਨਾਂ ਦੀ ਵੋਟ ਬਣ ਸਕੇ ਅਤੇ ਉਹ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਇਸ ਕੈਂਪ ‘ਚ 70 ਦੇ ਕਰੀਬ ਵਿਦਿਆਰਥੀਆਂ ਨੇ ਵੋਟ ਲਈ ਰਜਿਸਟਰ ਕੀਤਾ। ਇਸ ਸਮੇਂ ਸਹਾਇਕ ਪ੍ਰੋ. ਪ੍ਰਦੀਪ ਸਿੰਘ, ਅਜੈ ਕੁਮਾਰ, ਅਮਰੀਸ਼ ਖੁੱਲਰ, ਦੀਕਸ਼ਾ ਸਿੰਧਵਾਨੀ, ਸੁਨੀਲ ਨਾਗਪਾਲ, ਗੁਰਪ੍ਰੀਤ ਕੌਰ ਅਤੇ ਹੇਮ ਲਤਾ ਵੀ ਹਾਜ਼ਰ ਸਨ।


