Translate Your Language

October 5, 2026 8:13 am

PUNPUN03583/19/1/2007-TC

PUNPUN03583/19/1/2007-TC

Home » Uncategorized » ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੇ ਆਨੰਦਪੁਰ ਸਾਹਿਬ ਛੱਡਣ ਸਮੇਂ ਬੀਬੀ ਦਲੇਰ ਕੌਰ ਨੂੰ 10 ਸਿੰਘਾਂ ਅਤੇ ਬਾਕੀ ਸਿੰਘਣੀਆਂ ਸਮੇਤ ਕਿਲ੍ਹੇ ਦੀ ਰਾਖੀ ਲਈ ਦਿੱਤਾ ਥਾਪੜਾ….

ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੇ ਆਨੰਦਪੁਰ ਸਾਹਿਬ ਛੱਡਣ ਸਮੇਂ ਬੀਬੀ ਦਲੇਰ ਕੌਰ ਨੂੰ 10 ਸਿੰਘਾਂ ਅਤੇ ਬਾਕੀ ਸਿੰਘਣੀਆਂ ਸਮੇਤ ਕਿਲ੍ਹੇ ਦੀ ਰਾਖੀ ਲਈ ਦਿੱਤਾ ਥਾਪੜਾ….

ਜਦੋਂ ਦਸੰਬਰ 1705 ਈਸਵੀ ਵਿਚ ਮੁਗ਼ਲਾਂ ਵਲੋਂ ਕੁਰਾਨ ਦੀਆਂ ਕਸਮਾਂ ਖਾ ਕੇ ਭਰੋਸਾ ਦੇਣ ਅਤੇ ਖ਼ਾਲਸੇ ਦੇ ਕਹਿਣ ‘ਤੇ ਦਸਮ ਗੁਰੂ ਗੋਬਿੰਦ ਸਿੰਘ ਨੇ ਪਰਿਵਾਰ ਅਤੇ ਖ਼ਾਲਸੇ ਸਮੇਤ ਅਨੰਦਪੁਰ ਦਾ ਕਿਲ੍ਹਾ ਛੱਡਣ ਦਾ ਫੈਸਲਾ ਕੀਤਾ, ਤਾਂ ਉਨ੍ਹਾਂ ਨੇ ਨਾਲ ਹੀ ਇਹ ਵੀ ਫੈਸਲਾ ਕੀਤਾ ਕਿ ਉਹ ਕਿਲ੍ਹਾ ਸੁੰਨਾ ਨਹੀਂ ਛੱਡਣਗੇ। ਇਤਿਹਾਸਕਾਰਾਂ ਅਨੁਸਾਰ ਗੁਰੂ ਸਾਹਿਬ ਨੇ ਬੀਬੀ ਦਲੇਰ ਕੌਰ ਨੂੰ ਥਾਪੜਾ ਦਿੱਤਾ, ਕਿ ਉਹ 10 ਸਿੰਘਾਂ ਅਤੇ ਬਾਕੀ ਸਿੰਘਣੀਆਂ ਸਮੇਤ ਕਿਲੇ ਦੀ ਰਾਖੀ ਕਰੇਗੀ। ਬੀਬੀ ਦਲੇਰ ਕੌਰ ਨੇ ਸੱਚੇ ਪਾਤਿਸ਼ਾਹ ਦੇ ਹੁਕਮ ਨੂੰ ਮੰਨਦਿਆਂ ਬੇਨਤੀ ਕੀਤੀ, ਕਿ ਗੁਰੂ ਸਾਹਿਬ ਉਸ ਨੂੰ ਅਸ਼ੀਰਵਾਦ ਦੇਣ ਤਾਂ ਕਿ ਉਹ ਆਪਣਾ ਫ਼ਰਜ਼ ਨਿਭਾ ਕੇ ਖ਼ਾਲਸੇ ਲਈ ਇੱਜ਼ਤ ਕਮਾ ਸਕੇ। ਗੁਰੂ ਸਾਹਿਬ ਨੇ ਆਪਣੇ ਤੀਰ ਨਾਲ ਬੀਬੀ ਦਲੇਰ ਕੌਰ ਦੇ ਮੋਢੇ ਤੇ ਥਾਪੜਾ ਦਿੱਤਾ। ਗੁਰੂ ਸਾਹਿਬ ਦੇ ਕਿਲਾ ਛੱਡਣ ਤੇ ਮੁਗ਼ਲੀਆ ਫ਼ੌਜ ਅਤੇ ਪਹਾੜੀ ਰਾਜਿਆਂ ਨੇ ਕਸਮਾਂ ਤੋੜਦਿਆਂ, ਗੁਰੂ ਸਾਹਿਬ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ। ਬੀਬੀ ਦਲੇਰ ਕੌਰ ਨੇ ਦੇਖਿਆ ਕਿ ਮੁਗ਼ਲਾਂ ਨੇ ਗੁਰੂ ਸਾਹਿਬ ਨਾਲ ਧੋਖਾ ਕੀਤਾ ਹੈ। ਉਸ ਨੇ ਦਸ਼ਮੇਸ਼ ਪਿਤਾ ਦੀਆਂ ਪੁੱਤਰੀਆਂ ਨੂੰ ਜੰਗ ਲਈ ਤਿਆਰ ਕੀਤਾ (ਹਰ ਅੰਮਿ੍ਤਧਾਰੀ ਸਿੰਘ ਅਤੇ ਸਿੰਘਣੀ ਦਾ ਪਿਤਾ ਗੁਰੂ ਗੋਬਿੰਦ ਸਿੰਘ ਅਤੇ ਮਾਤਾ ਸਾਹਿਬ ਕੌਰ ਹੈ)। ਮੁਗ਼ਲ ਫੌਜੀਆਂ ਨੇ ਕਿਲੇ ਨੂੰ ਲੁੱਟਣ ਦੇ ਇਰਾਦੇ ਨਾਲ ਕਿਲੇ ਤੇ ਧਾਵਾ ਬੋਲ ਦਿੱਤਾ, ਅਤੇ ਜੋ ਕੁੱਝ ਵੀ ਸਾਹਮਣੇ ਆਇਆ, ਉਸ ਨੂੰ ਤਬਾਹ ਕਰਨਾ ਸ਼ੁਰੂ ਕਰ ਦਿੱਤਾ। ਬੀਬੀ ਦਲੇਰ ਕੌਰ ਨੇ ਸਿੰਘਣੀਆਂ ਨੂੰ ਅੰਮਿ੍ਤਪਾਨ ਕਰਨ ਵੇਲੇ ‘ਸਿਰ ਦੇਣ’ ਦੇ ਵਾਅਦੇ ਨੂੰ ਯਾਦ ਕਰਾਉਂਦਿਆਂ, ਫੜੇ ਜਾਣ ਤੇ ਦੁਸ਼ਮਣ ਹੱਥੋਂ ਜ਼ਲੀਲ ਹੋਣ ਨਾਲੋਂ ਲੜ ਕੇ ਸ਼ਹੀਦੀ ਪ੍ਰਾਪਤ ਕਰਨ ਲਈ ਪੇਰ੍ਰਿਆ। ਆਪਣੀਆਂ ਬੰਦੂਕਾਂ ਸੰਭਾਲਦੇ ਹੋਏ ਮੋਰਚਾ ਮੱਲ ਕੇ ‘ਬੋਲੇ ਸੋ ਨਿਹਾਲ’ ਦਾ ਜੈਕਾਰਾ ਬੁਲਾ ਦਿੱਤਾ। ਫ਼ੌਜੀਆਂ ਨੇ ਸਮਝਿਆ ਕਿਲਾ ਖਾਲੀ ਹੈ। ਅਚਾਨਕ ਗੋਲੀਆਂ ਦੀ ਹੋਈ ਬੁਛਾੜ ਨਾਲ ਸੈਂਕੜੇ ਸਿਪਾਹੀ ਕਿਲੇ ਦੇ ਬਾਹਰ ਢੇਰ ਹੋ ਗਏ ਅਤੇ ਬਾਕੀ ਦੇ ਭੱਜ ਨਿਕਲੇ। ਵਜ਼ੀਰ ਖਾਨ ਨੇ ਤੋਪਾਂ ਦੇ ਗੋਲਿਆਂ ਨਾਲ ਕਿਲੇ ਦੀ ਦੀਵਾਰ ਤੋੜਨ ਦਾ ਹੁਕਮ ਦਿੱਤਾ ਅਤੇ ਕੁੱਝ ਹਿੱਸਾ ਤੋੜਨ ਵਿਚ ਕਾਮਯਾਬ ਹੋ ਗਿਆ। ਕਿਲੇ ਵਿਚ ਕੋਈ ਨਜ਼ਰ ਨਾ ਆਇਆ। ਪਰ ਫਿਰ ਅਚਾਨਕ ਗੋਲੀਆਂ ਦੀ ਵਾਛੜ ਹੋਈ ਅਤੇ ਫ਼ੌਜੀਆਂ ਦੀ ਕਤਾਰ ਢੇਰੀ ਹੋ ਗਈ, ਹੋਰ ਫ਼ੌਜੀ ਆਉਂਦੇ ਗਏ ਅਤੇ ਮਰਦੇ ਰਹੇ। ਜਦੋਂ ਗੋਲੀ ਸਿੱਕਾ ਮੁੱਕ ਗਿਆ ਤਾਂ ਦਲੇਰ ਕੌਰ ਨੇ ਯਾਦ ਕਰਾਇਆ, ਕਿ ਸ਼ਹੀਦੀਆਂ ਪਾਉਣ ਦਾ ਸਮਾ ਆ ਗਿਆ ਹੈ। ਸਿੰਘਣੀਆਂ ਨੇ ਮੋਰਚੇ ਮੱਲ ਲਏ। ਫ਼ੌਜੀਆਂ ਨੇ ਅੱਗੇ ਵਧਣ ਲਈ ਮਲਬੇ ਦੇ ਢੇਰ ਤੇ ਚੜ੍ਹਨਾ ਸ਼ੁਰੂ ਕਰ ਦਿੱਤਾ। ਅੱਗੇ ਸੌ ਸਿੰਘਣੀਆਂ ਅਤੇ ਦਸ ਕੁ ਸਿੰਘਾਂ ਨੂੰ ਜੰਗ ਲਈ ਤਿਆਰ ਦੇਖ ਕੇ ਫ਼ੌਜੀ ਠਿਠਕ ਗਏ। ਉਨ੍ਹਾਂ ਨੇ ਪਹਿਲਾਂ ਕਦੀ ਔਰਤਾਂ ਨੂੰ ਮੈਦਾਨੇ-ਜੰਗ ਵਿਚ ਲੜਦੇ ਨਹੀਂ ਸੀ ਦੇਖਿਆ। ਮੁਗ਼ਲ ਫਿਰ ਪਿੱਛੇ ਹਟ ਗਏ ਅਤੇ ਜ਼ਬਰਦਸਤ ਖਾਨ ਨੇ ਫਿਰ ਤੋਪਾਂ ਦੇ ਗੋਲੇ ਵਰਸਾਉਣ ਦਾ ਹੁਕਮ ਦਿੱਤਾ। ਜਿਸ ਨਾਲ ਦੀਵਾਰ ਹੋਰ ਟੁੱਟ ਗਈ। ਕਿਲੇ ਦਾ ਵਿਹੜਾ ਚੰਗੀ ਤਰ੍ਹਾਂ ਨਜ਼ਰ ਆਉਂਦਾ ਸੀ ਪਰ ਉਥੇ ਕੋਈ ਖ਼ਾਲਸਾ ਨਜ਼ਰ ਨਹੀਂ ਸੀ ਆਉਂਦਾ। ਫ਼ੌਜ ਨੇ ਸਾਰਾ ਕਿਲਾ ਛਾਣ ਮਾਰਿਆ ਪਰ ਉਨਾਂ ਨੂੰ ਕੋਈ ਵੀ ਨਹੀਂ ਮਿਲਿਆ।
ਜਦੋਂ ਸਮਾਨ ਲੁੱਟਣ ਦੇ ਇਰਾਦੇ ਨਾਲ ਮਲਬਾ ਫਰੋਲਿਆ ਤਾਂ ਸ਼ਹੀਦ ਸਿੰਘਣੀਆਂ ਅਤੇ ਸਿੰਘਾਂ ਦੇ ਸਰੀਰ ਮਲਬੇ ਹੇਠ ਦੱਬੇ ਹੋਏ ਨਿਕਲੇ, ਜਿਨ੍ਹਾਂ ਦੇ ਚਿਹਰੇ ਸ਼ਹਾਦਤ ਦੇ ਚਾਅ ਨਾਲ ਚਮਕਾਂ ਮਾਰ ਰਹੇ ਸੀ।
              -ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ)                       ਚੰਡੀਗੜ੍ਹ। ਮੋਬਾਇਲ : 70877-76975

Leave a Reply

Your email address will not be published. Required fields are marked *