ਸਕੂਲ ‘ਚੋਂ ਵਿਦਿਆਰਥੀ ਦਾ ਨਾਂਅ ਕੱਟਿਆ, ਪੁਲਿਸ ਨੇ ਦਿੱਤਾ ਕਾਰਵਾਈ ਦਾ ਭਰੋਸਾ
ਮਾਛੀਵਾੜਾ ਸਾਹਿਬ, 29 ਜੁਲਾਈ (ਅੰਮ੍ਰਿਤਪਾਲ)
ਸਥਾਨਕ ਐਸਐਸਡੀ ਸੀਨੀਅਰ ਸੈਕੰਡਰੀ ਸਕੂਲ ਦੇ ਇੱਕ ਵਿਦਿਆਰਥੀ ਵੱਲੋਂ ਆਪਣੇ ਹੀ ਸਕੂਲ ਦੇ ਪ੍ਰਿੰਸੀਪਲ ‘ਤੇ ਹਮਲਾ ਕੀਤੇ ਜਾਣ ਦੀ ਨਿੰਦਣਯੋਗ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਦਿੰਦਿਆਂ ਸਕੂਲ ਕੈਂਪਸ ਮੈਨੇਜਰ ਨਰਿੰਦਰ ਸਿੰਘ ਨੇ ਦੱਸਿਆ ਕਿ 28 ਜੁਲਾਈ ਨੂੰ ਸਕੂਲ ‘ਚ ਛੁੱਟੀ ਹੋਣ ਮਗ਼ਰੋਂ ਇੱਕ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਸਕੂਲ ਇੰਚਾਰਜ ਨਿਰੰਜਨ ਕੁਮਾਰ ‘ਤੇ ਸਕੂਲ ਦੇ ਬਾਹਰ ਉਹਨਾਂ ਦਾ ਸਕੂਟਰ ਰੋਕ ਕੇ ਹਮਲਾ ਕਰਨ ਦੀ ਨਾਕਾਮ ਕੋਸ਼ਿਸ਼ ਕੀਤੀ ਗਈ, ਜਿਸ ਵਿਚ ਸਕੂਲ ਇੰਚਾਰਜ ਵਾਲ-ਵਾਲ ਬਚ ਗਏ। ਉਹਨਾਂ ਦੱਸਿਆ ਕਿ ਸਕੂਲ ਇੰਚਾਰਜ ਵੱਲੋਂ ਉਕਤ ਵਿਦਿਆਰਥੀ ਨੂੰ ਆਪਣੇ ਸਰੀਰ ‘ਤੇ ਟੈਟੂ ਬਣਾਉਣ ਅਤੇ ਲੰਬੇ ਵਾਲ ਨਾ ਰੱਖਣ ਲਈ ਵਰਜਿਆ ਸੀ, ਜਿਸ ਤੋਂ ਤੈਸ਼ ਵਿੱਚ ਆਏ ਇਸ ਵਿਦਿਆਰਥੀ ਵੱਲੋਂ ਇਸ ਘਿਨਾਉਣੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਮੈਨੇਜਰ ਨਰਿੰਦਰ ਸਿੰਘ ਨੇ ਕਿਹਾ ਕਿ ਸਾਡੀ ਡਿਊਟੀ ਸਕੂਲ ਅਨੁਸ਼ਾਸਨ ਬਣਾਏ ਰੱਖਣ ਲਈ ਲਗਾਈ ਗਈ ਹੈ ਅਤੇ ਅਸੀਂ ਕਿਸੇ ਵੀ ਹਾਲਤ ਵਿੱਚ ਵਿਦਿਅਰਥੀਆਂ ਨੂੰ ਅਨੁਸ਼ਾਸਨ ਭੰਗ ਨਹੀਂ ਕਰਨ ਦਿਆਂਗੇ। ਇਸੇ ਕਰਕੇ ਉਕਤ ਵਿਦਿਆਰਥੀ ਦਾ ਨਾਮ ਸਕੂਲ ਵਿੱਚੋਂ ਕੱਟ ਦਿੱਤਾ ਗਿਆ ਹੈ ਅਤੇ ਇਸ ਘਟਨਾ ਦੀ ਸੂਚਨਾ ਸਥਾਨਕ ਪੁਲਿਸ ਨੂੰ ਦੇ ਦਿੱਤੀ ਗਈ ਹੈ। ਇਸ ਸਬੰਧ ਵਿੱਚ ਐਸਐੱਚਓ ਮਾਛੀਵਾੜਾ ਚਰਨਜੀਤ ਸਿੰਘ ਨੇ ਕਿਹਾ ਕਿ ਸਾਡੇ ਕੋਲ ਜਿਸ ਵਿਦਿਆਰਥੀ ਖ਼ਿਲਾਫ਼ ਰਿਪੋਰਟ ਦਰਜ ਕਰਵਾਈ ਗਈ ਹੈ, ਉਸਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇਗੀ ਅਤੇ ਦੋਸ਼ੀ ਵਿਦਿਆਰਥੀ ਖ਼ਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।



