Home » Uncategorized » ਮੇਅਰ ਸਰਬਜੀਤ ਸਿੰਘ ਸਮਾਣਾ ਨੇ ਨਗਰ ਨਿਗਮ ‘ਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਈ ‘ਸਾਈਟ ਵਿਜ਼ਿਟ ਰਜਿਸਟਰ’ ਸ਼ੁਰੂ ਕਰਨ ਦੇ ਦਿੱਤੇ ਹੁਕਮ…

ਮੇਅਰ ਸਰਬਜੀਤ ਸਿੰਘ ਸਮਾਣਾ ਨੇ ਨਗਰ ਨਿਗਮ ‘ਚ ਪਾਰਦਰਸ਼ਤਾ ਅਤੇ ਜਵਾਬਦੇਹੀ ਲਈ ‘ਸਾਈਟ ਵਿਜ਼ਿਟ ਰਜਿਸਟਰ’ ਸ਼ੁਰੂ ਕਰਨ ਦੇ ਦਿੱਤੇ ਹੁਕਮ…

ਸਾਹਿਬਜ਼ਾਦਾ ਅਜੀਤ ਸਿੰਘ ਨਗਰ 24 ਜੂਨ (ਮੰਗਤ ਸਿੰਘ ਸੈਦਪੁਰ) : ਮੋਹਾਲੀ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਨਗਰ ਨਿਗਮ ਦੇ ਕੰਮਾਂ ਵਿੱਚ ਪਾਰਦਰਸ਼ਤਾ ਅਤੇ ਅਧਿਕਾਰੀਆਂ ਦੀ ਜਵਾਬਦੇਹੀ ਯਕੀਨੀ ਬਣਾਉਣ ਲਈ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਨਿਗਮ ਦੇ ਸਾਰੇ ਸੀਨੀਅਰ ਅਧਿਕਾਰੀਆਂ ਲਈ “ਸਾਈਟ ਵਿਜ਼ਿਟ ਰਜਿਸਟਰ” ਸ਼ੁਰੂ ਕਰਨ ਦੇ ਲਿਖਤੀ ਹੁਕਮ ਜਾਰੀ ਕੀਤੇ ਹਨ।
ਮੇਅਰ ਵੱਲੋਂ ਜਾਰੀ ਪੱਤਰ ਅਨੁਸਾਰ ਨਗਰ ਨਿਗਮ ਦੇ ਨਿਗਰਾਨ ਇੰਜੀਨੀਅਰ, ਨਿਗਮ ਇੰਜੀਨੀਅਰ, ਸਹਾਇਕ ਨਿਗਮ ਇੰਜੀਨੀਅਰ ਅਤੇ ਜੂਨੀਅਰ ਇੰਜੀਨੀਅਰ ਹੁਣ ਆਪਣੇ ਦਫ਼ਤਰੀ ਕੰਮਾਂ ਦੇ ਨਾਲ-ਨਾਲ ਫੀਲਡ ਵਿੱਚ ਕੀਤੀਆਂ ਜਾਣ ਵਾਲੀਆਂ ਸਾਈਟ ਵਿਜ਼ਿਟਾਂ ਦਾ ਪੂਰਾ ਰਿਕਾਰਡ ਰੱਖਣਗੇ। ਇਸ ਲਈ ਹਰ ਅਧਿਕਾਰੀ ਨੂੰ ਵੱਖਰਾ ਸਾਈਟ ਵਿਜ਼ਿਟ ਰਜਿਸਟਰ ਮੁਹੱਈਆ ਕਰਵਾਇਆ ਜਾਵੇਗਾ।
ਮੇਅਰ ਸਮਾਣਾ ਨੇ ਕਿਹਾ ਕਿ ਨਿਗਮ ਅਧੀਨ ਚੱਲ ਰਹੇ ਵਿਕਾਸ ਅਤੇ ਨਿਰਮਾਣ ਕਾਰਜਾਂ ਦੀ ਨਿਗਰਾਨੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਲੋਕਾਂ ਦੀਆਂ ਸ਼ਿਕਾਇਤਾਂ ਦੇ ਤੁਰੰਤ ਨਿਪਟਾਰੇ ਲਈ ਇਹ ਪ੍ਰਣਾਲੀ ਲਾਗੂ ਕੀਤੀ ਜਾ ਰਹੀ ਹੈ। ਰਜਿਸਟਰ ਵਿੱਚ ਸਾਈਟ ਦੇ ਦੌਰੇ ਦੀ ਮਿਤੀ ਅਤੇ ਸਮਾਂ, ਦੌਰੇ ਦੌਰਾਨ ਅਧਿਕਾਰੀ ਦਾ ਨਾਮ, ਅਹੁਦਾ ਅਤੇ ਦਸਤਖ਼ਤ, ਜਾਂਚ ਕੀਤੇ ਕੰਮਾਂ ਦਾ ਵੇਰਵਾ ਅਤੇ ਕੰਮ ਦੀ ਗੁਣਵੱਤਾ ਬਾਰੇ ਟਿੱਪਣੀਆਂ ਦਰਜ ਕਰਨੀ ਲਾਜ਼ਮੀ ਹੋਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਸਾਈਟ ਵਿਜ਼ਿਟ ਰਜਿਸਟਰ ਨੂੰ ਨਿਯਮਿਤ ਤੌਰ ’ਤੇ ਅਪਡੇਟ ਰੱਖਿਆ ਜਾਵੇ ਅਤੇ ਉੱਚ ਅਧਿਕਾਰੀਆਂ ਵੱਲੋਂ ਸਮੇਂ-ਸਮੇਂ ’ਤੇ ਇਸ ਦੀ ਜਾਂਚ ਵੀ ਕੀਤੀ ਜਾਵੇਗੀ। ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਮੇਅਰ ਸਰਬਜੀਤ ਸਿੰਘ ਸਮਾਣਾ ਨੇ ਹਾਲ ਹੀ ਵਿੱਚ ਅਹੁਦਾ ਸੰਭਾਲਣ ਤੋਂ ਬਾਅਦ ਸ਼ਹਿਰ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਅਤੇ ਸਫ਼ਾਈ ਪ੍ਰਬੰਧਾਂ ਦੀ ਨਿਗਰਾਨੀ ਲਈ ਕਈ ਅਚਾਨਕ ਦੌਰੇ ਕੀਤੇ ਹਨ ਅਤੇ ਪ੍ਰਸ਼ਾਸਨਿਕ ਕਾਰਗੁਜ਼ਾਰੀ ਵਿੱਚ ਸੁਧਾਰ ਲਈ ਲਗਾਤਾਰ ਨਵੇਂ ਕਦਮ ਚੁੱਕ ਰਹੇ ਹਨ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ