ਚੰਡੀਗੜ੍ਹ 23 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿਖੇ ਪੰਜਾਬ ਸਟੂਡੈਂਟ ਯੂਨੀਅਨ ਲਲਕਾਰ ਵੱਲੋਂ ਲੜਕੀਆਂ ਅਤੇ ਲੜਕਿਆਂ ਦੇ ਹੋਸਟਲਾਂ ਵਿੱਚ ਭਗਤ ਸਿੰਘ, ਰਾਜਗੁਰੂ, ਅਤੇ ਸੁਖਦੇਵ ਦੀ ਸ਼ਹਾਦਤ ਦੀ 95ਵੀਂ ਵਰ੍ਹੇਗੰਢ ਨੂੰ ਸਮਰਪਿਤ ਹਫਤਾ ਮਨਾਇਆ ਗਿਆ ਜਿਸ ਦੌਰਾਨ ਗੌਹਰ ਰਜ਼ਾ ਦੁਆਰਾ ਬਣਾਈ ਡਾਕੂਮੈਂਟਰੀ ‘ਇਨਕਲਾਬ’ ਦਿਖਾਈ ਗਈ। ਇਹ ਡਾਕੂਮੈਂਟਰੀ ਭਗਤ ਸਿੰਘ ਅਤੇ ਉਸਦੇ ਸਾਥੀਆਂ ਜਿਵੇਂ ਸੁਖਦੇਵ, ਰਾਜਗੁਰੂ, ਬਟੁਕੇਸ਼ਵਰ ਦੱਤ, ਭਗਵਤੀ ਚਰਨ ਵੋਹਰਾ ਆਦਿ ਦੀ ਇਨਕਲਾਬੀ ਗਤੀਵਿਧੀਆਂ ‘ਤੇ ਆਧਾਰਿਤ ਹੈ। ਵਿਦਿਆਰਥੀਆਂ ਨੇ ਭਗਤ ਸਿੰਘ ਅਤੇ ਉਸਦੇ ਵਿਚਾਰਾਂ ਨਾਲ਼ ਕਾਫੀ ਨੇੜਤਾ ਮਹਿਸੂਸ ਕੀਤੀ, ਅਤੇ ਕੈਂਪਸ ਵਿੱਚ ਉਸਦੇ ਵਿਚਾਰਾਂ ਨੂੰ ਫੈਲਾਉਣ ਲਈ ਜਥੇਬੰਦੀ ਦੇ ਯਤਨਾਂ ਦੀ ਸਿਫਤ ਕੀਤੀ। ਇਸ ਡਾਕੂਮੈਂਟਰੀ ਵਿੱਚ ਪ੍ਰਸਿੱਧ ਇਤਿਹਾਸਕਾਰਾਂ ਅਤੇ ਮਾਹਿਰਾਂ ਨੇ ਬਰਤਾਨਵੀ ਸਾਮਰਾਜਵਾਦ ਵਿਰੋਧੀ ਸੰਘਰਸ਼ ਦੀ ਚੜ੍ਹਤ ਦੌਰਾਨ ਇਨ੍ਹਾਂ ਨੌਜਵਾਨ ਇਨਕਲਾਬੀਆਂ ਦੀ ਭੂਮਿਕਾ ਨੂੰ ਉਜਾਗਰ ਕੀਤਾ। “ਇਨਕਲਾਬ ਜ਼ਿੰਦਾਬਾਦ” ਦੇ ਨਾਰੇ ਨੇ ਕਰੋੜਾਂ ਲੋਕਾਂ ਨੂੰ ਪ੍ਰੇਰਿਤ ਕੀਤਾ, ਜੋ ਸਮਾਜਿਕ-ਆਰਥਿਕ ਢਾਂਚੇ ਦੀ ਪੂਰਨ ਤਬਦੀਲੀ ਚਾਹੁੰਦੇ ਸਨ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਨੇ ਸਿਰਫ ਬਰਤਾਨਵੀ ਸਾਮਰਾਜਵਾਦ ਦੇ ਖਿਲਾਫ ਹੀ ਨਹੀਂ, ਸਗੋਂ ਸਰਮਾਏਦਾਰੀ ਦੇ ਖਿਲਾਫ ਅਵਾਜ ਚੁੱਕੀ, ਜੋ ਅੱਜ ਵੀ ਕਿਰਤੀ ਲੋਕਾਂ ਦੀਆਂ ਦੁੱਖ-ਤਕਲੀਫਾਂ ਦਾ ਮੁੱਖ ਕਾਰਨ ਹਨ। ਅੱਜ ਵੀ ਅਨੇਕਾਂ ਲੋਕ ਬੇਰੁਜਗਾਰੀ, ਗਰੀਬੀ, ਭੁੱਖਮਰੀ, ਅਨਪੜ੍ਹਤਾ ਆਦਿ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹ ਪਰ ਸਰਕਾਰਾਂ ਵੱਲੋਂ ਇਨ੍ਹਾਂ ਨੂੰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਨਹੀਂ ਮੰਨਿਆ ਜਾਂਦਾ। ਬੇਰੁਜਗਾਰੀ ਨਾਲ਼ ਅੱਜ ਯੁਨੀਵਰਸਿਟੀਆਂ ਵਿੱਚ ਵਧਦੀਆਂ ਫੀਸਾਂ, ਹੋਸਟਲਾਂ ਦੀ ਘਾਟ, ਮਰੰਮਤਾਂ ਆਦਿ ਵਰਗੀਆਂ ਸਮੱਸਿਆਵਾਂ ਨਾਲ਼ ਵਿਦਿਆਰਥੀਆਂ ਨੂੰ ਇਸ ਕਰਕੇ ਜੂਝਣਾ ਪੈ ਰਿਹਾ ਹੈ। ਕਿਉਂਕਿ ਸਰਕਾਰ ਵੱਲੋਂ ਬਜਟ ਵਿਚ ਸਿੱਖਿਆ ਖਰਚ ਹਰ ਸਾਲ ਘਟਾਇਆ ਜਾ ਰਿਹਾ ਹੈ ਅਤੇ ਮੁਨਾਫ਼ੇ ਉੱਤੇ ਚੱਲਣ ਵਾਲ਼ੀਆਂ ਨਿੱਜੀ ਯੂਨੀਵਰਸਿਟੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਅੱਜ ਦਾ ਢਾਂਚਾ ਸਿੱਖਿਆ, ਸਿਹਤ ਅਤੇ ਹੋਰ ਮੁੱਢਲੀਆਂ ਲੋੜਾਂ ਦੇ ਨਿੱਜੀਕਰਨ ਅਤੇ ਵਪਾਰੀਕਰਨ ਨੂੰ ਵਧਾ ਰਿਹਾ ਹੈ। ਜਿਸ ਨਾਲ਼ ਲੋਕਾਂ ਨੂੰ ਸਿੱਖਿਆ ਅਤੇ ਸਿਹਤ ਸਹੂਲਤਾਂ ਤੋਂ ਉਹਨਾਂ ਨੂੰ ਵਾਂਝਾ ਕੀਤਾ ਜਾ ਰਿਹਾ ਹੈ। ਸ਼ਰੇਆਮ ਇਸ ਢਾਂਚੇ ਵਿਰੁੱਧ ਉੱਠਦੀਆਂ ਆਵਾਜਾਂ ਨੂੰ ਦਬਾਉਣ ਲਈ ਪੁਲਿਸ ਦਾ ਸਹਾਰਾ ਲਿਆ ਜਾ ਰਿਹਾ ਹੈ। ਇਸ ਲਈ ਭਗਤ ਸਿੰਘ ਦੇ ਵਿਚਾਰਾਂ ਨੂੰ ਸਮਝਣਾ ਅਤੇ ਉਸ ਰਾਹ ‘ਤੇ ਅੱਗੇ ਵਧਣਾ ਅੱਜ ਦੀ ਅਣਸਰਦੀ ਲੋੜ ਬਣ ਚੁੱਕਿਆ ਹੈ। ਜਿਕਰਯੋਗ ਹੈ ਕਿ ਇਨਕਲਾਬੀ ਸ਼ਹੀਦਾਂ ਨੂੰ ਸਮਰਪਿਤ ਹਫਤੇ ਨੂੰ ਕੱਲ੍ਹ 24 ਮਾਰਚ ਨੂੰ ਰੋਸ ਗਾਰਡਨ ਪੀਯੂ ਵਿਖੇ ਇੱਕ ਵਿਚਾਰ ਚਰਚਾ ਨਾਲ਼ ਸਮਾਪਤ ਕੀਤਾ ਜਾਵੇਗਾ। ਜਿਸ ਦਾ ਵਿਸ਼ਾ, ‘ਅੱਜ ਦੇ ਸਮੇਂ ਵਿੱਚ ਇਨਕਲਾਬ ਜਿੰਦਾਬਾਦ ਦਾ ਨਾਅਰਾ ਕਿਉਂ.? ਹੋਵੇਗਾ। ਪੀਐਸਯੂ (ਲਲਕਾਰ) ਵੱਲੋਂ ਅਸੀਂ ਹਰਮਨ ਪਿਆਰੇ ਸ਼ਹੀਦਾਂ ਦੀ ਯਾਦ ਵਿੱਚ ਰੱਖੇ ਇਸ ਪ੍ਰੋਗਰਾਮ ਦਾ ਵੀ ਨਿੱਘਾ ਸੱਦਾ ਦਿੰਦੇ ਹਾਂ।
Home
»
Uncategorized
»
ਪੰਜਾਬ ਸਟੂਡੈਂਟ ਯੂਨੀਅਨ (ਲਲਕਾਰ) ਨੇ ਪੰਜਾਬ ਯੂਨੀਵਰਸਿਟੀ ਵਿੱਚ 23 ਮਾਰਚ ਦੇ ਸ਼ਹੀਦਾਂ ਨੂੰ ਸਮਰਪਿਤ ਮਨਾਇਆ ਇਨਕਲਾਬੀ ਹਫਤਾ…


