ਵਾਇਰਲ ਪੋਸਟ ਰਾਹੀਂ ਦਵਿੰਦਰ ਬੰਬੀਹਾ ਤੇ ਗੋਪੀ ਘਣਸ਼ਾਮਪੁਰੀਆ ਗਰੁੱਪ ਨੇ ਲਈ ਜ਼ਿੰਮੇਵਾਰੀ…
ਚੰਡੀਗੜ੍ਹ 17 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਬੌਟਨੀ ਵਿਭਾਗ ਦੀ ਪਾਰਕਿੰਗ ਵਿੱਚ ਸੋਪੂ ਦੇ ਨੈਸ਼ਨਲ ਪ੍ਰਧਾਨ ਜਸ਼ਨ ਜਵੰਦਾ ‘ਤੇ ਅਣਪਛਾਤੇ ਹਮਲਾਵਰਾਂ ਵੱਲੋਂ ਫਾਇਰਿੰਗ ਕੀਤੀ ਗਈ। ਇਸ ਹਮਲੇ ਨੇ ਕੈਂਪਸ ਵਿੱਚ ਸੁਰੱਖਿਆ ਪ੍ਰਬੰਧਾਂ ‘ਤੇ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਬੇਸ਼ੱਕ ਫਾਇਰਿੰਗ ਦੀ ਸੂਚਨਾ ਮਿਲਦੇ ਹੀ ਚੰਡੀਗੜ੍ਹ ਪੁਲਿਸ ਦੇ ਉੱਚ ਅਧਿਕਾਰੀ ਅਤੇ ਫੋਰੈਂਸਿਕ ਟੀਮ ਮੌਕੇ ‘ਤੇ ਪਹੁੰਚ ਗਈ। ਪੁਲਿਸ ਪਾਰਕਿੰਗ ਖੇਤਰ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਯੂਨੀਵਰਸਿਟੀ ਵਿੱਚ ਬਾਹਰੀ ਲੋਕਾਂ ਦਾ ਦਾਖਲਾ ਅਤੇ ਹਥਿਆਰਾਂ ਸਮੇਤ ਅੰਦਰ ਪਹੁੰਚਣਾ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਪੀਯੂ ਕੈਂਪਸ ਵਿੱਚ ਹੋਈ ਇਸ ਵਾਰਦਾਤ ਤੋਂ ਬਾਅਦ ਹੋਸਟਲਾਂ ਅਤੇ ਵਿਭਾਗਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਵਿੱਚ ਸਹਿਮ ਦਾ ਮਾਹੌਲ ਹੈ। ਹਮਲੇ ਤੋਂ ਕੁਝ ਦੇਰ ਬਾਅਦ ਹੀ ਸੋਸ਼ਲ ਮੀਡੀਆ ‘ਤੇ ਇੱਕ ਕਥਿਤ ਪੋਸਟ ਵਾਇਰਲ ਹੋਈ ਹੈ, ਜਿਸ ਵਿੱਚ ਦਵਿੰਦਰ ਬੰਬੀਹਾ ਅਤੇ ਗੋਪੀ ਘਣਸ਼ਾਮਪੁਰੀਆ ਗਰੁੱਪ ਨੇ ਇਸ ਫਾਇਰਿੰਗ ਦੀ ਜ਼ਿੰਮੇਵਾਰੀ ਲਈ ਹੈ। ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਇਹ ਗੋਲੀ ਡੋਨੀ ਬੱਲ ਅਤੇ ਸ਼ਗਨਪ੍ਰੀਤ ਨੇ ਚਲਾਈ ਹੈ। ਹਮਲਾਵਰਾਂ ਨੇ ਲਿਖਿਆ, “ਜਸ਼ਨ ਜਵੰਦਾ ਦੀ ਕਿਸਮਤ ਚੰਗੀ ਸੀ ਕਿ ਉਹ ਬਚ ਗਿਆ, ਪਰ ਹਰ ਇੱਕ ਦੀ ਕਿਸਮਤ ਅਜਿਹੀ ਨਹੀਂ ਹੋਵੇਗੀ।” ਪੋਸਟ ਰਾਹੀਂ ਸਿੱਧੀ ਚਿਤਾਵਨੀ ਦਿੱਤੀ ਗਈ ਹੈ ਕਿ ਜੋ ਕੋਈ ਵੀ ਲਾਰੈਂਸ-ਸੋਪੂ ਗਰੁੱਪ ਨਾਲ ਚੱਲੇਗਾ, ਉਸ ਦਾ ਅੰਜਾਮ ਸਿਰਫ਼ ਮੌਤ ਹੋਵੇਗਾ। ਖਾਸ ਗੱਲ ਇਹ ਹੈ ਕਿ ਨੌਜਵਾਨਾਂ ਦੇ ਵੱਖ-ਵੱਖ ਗਰੁੱਪਾਂ ਵਿੱਚ ਆਪਸੀ ਲੜਾਈ ਕਾਰਨ ਵੱਡੇ ਪੱਧਰ ‘ਤੇ ਜਾਨੀ ਨੁਕਸਾਨ ਖਾਸ ਕਰਕੇ ਪੰਜਾਬ ‘ਚ ਹੋ ਰਿਹਾ ਹੈ। ਇਸ ਪ੍ਰਤੀ ਰੋਕਥਾਮ ਲਈ ਕੀ ਸਰਕਾਰਾਂ ਵੱਲੋਂ ਕਰਨਾ ਚਾਹੀਦਾ ਹੈ ਜਾਂ ਕੀ ਕਰ ਰਹੀਆਂ ਹਨ। ਫਿਲਹਾਲ ਇਹੋ ਜਿਹੀਆਂ ਘਟਨਾਵਾਂ ਜੋ ਸ਼ਰੇਆਮ ਵਾਪਰਦੀਆਂ ਹਨ। ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਭਵਿੱਖ ‘ਚ ਇਸ ਮਾਮਲੇ ਨੂੰ ਲੈ ਕੇ ਹੋਰ ਕੀ ਖੁਲਾਸੇ ਹੋਣਗੇ। ਫਿਲਹਾਲ ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰੰਤ ਨੌਜਵਾਨਾਂ ਨੂੰ ਆਪਸੀ ਤਣਾਅ ਨੂੰ ਖਤਮ ਕਰਕੇ ਇੱਕਜੁੱਟ ਹੋ ਕੇ ਪੰਜਾਬ ਦੇ ਸੁਨਹਿਰੀ ਭਵਿੱਖ ਲਈ ਕਾਰਜ ਕਰਨੇ ਚਾਹੀਦੇ ਹਨ। ਤਾਂ ਕਿ ਪੰਜਾਬ ਨੂੰ ਹਰ ਪੱਖੋਂ ਮਜਬੂਤ ਕੀਤਾ ਜਾ ਸਕੇ।


