Home » Uncategorized » ਮੁੱਖ ਮੰਤਰੀ ਨੇ ਨੰਬਰਦਾਰ ਯੂਨੀਅਨ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਲਾਗੂ ਕਰਨ ਦਾ ਵਾਅਦਾ ਨਹੀਂ ਕੀਤਾ ਪੂਰਾ : ਨੰਬਰਦਾਰ ਸਤਨਾਮ ਸਿੰਘ ਗਿੱਲ ਲਾਂਡਰਾਂ

ਮੁੱਖ ਮੰਤਰੀ ਨੇ ਨੰਬਰਦਾਰ ਯੂਨੀਅਨ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਲਾਗੂ ਕਰਨ ਦਾ ਵਾਅਦਾ ਨਹੀਂ ਕੀਤਾ ਪੂਰਾ : ਨੰਬਰਦਾਰ ਸਤਨਾਮ ਸਿੰਘ ਗਿੱਲ ਲਾਂਡਰਾਂ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 11 ਮਾਰਚ (ਮੰਗਤ ਸਿੰਘ ਸੈਦਪੁਰ) : ਪੰਜਾਬ ਸਰਕਾਰ ਵੱਲੋਂ ਨੰਬਰਦਾਰਾਂ ਦੀਆਂ ਮੰਗਾਂ ਨੂੰ ਹਜੇ ਤੱਕ ਲਾਗੂ ਨਹੀਂ ਕੀਤਾ ਗਿਆ। ਜਿਸ ਕਾਰਨ ਪੰਜਾਬ ਦੇ ਸਮੁੱਚੇ ਨੰਬਰਦਾਰਾਂ ‘ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੰਜਾਬ ਨੰਬਰਦਾਰ ਯੂਨੀਅਨ ਦੇ ਸਹਾਇਕ ਸਰਪ੍ਰਸਤ ਸਤਨਾਮ ਸਿੰਘ ਗਿੱਲ ਲਾਂਡਰਾਂ ਨੇ ਦੱਸਿਆ ਕਿ ਜਦੋਂ ‘ਆਪ’ ਸਰਕਾਰ ਬਣੀ ਸੀ ਤਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪਹਿਲ ਦੇ ਅਧਾਰ ‘ਤੇ ਨੰਬਰਦਾਰਾਂ ਦੀਆਂ ਮੰਗਾਂ ਨੂੰ ਲਾਗੂ ਕਰਨ ਦਾ ਵਾਅਦਾ ਕੀਤਾ ਗਿਆ ਸੀ। ਪਰੰਤੂ ਫਿਲਹਾਲ ਹਜੇ ਤੱਕ ਨੰਬਰਦਾਰਾਂ ਦੀਆਂ ਇੱਕ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ। ਉਹਨਾਂ ਦੱਸਿਆ ਕਿ ਜੱਦੀ ਪੁਸ਼ਤੀ ਨੰਬਰਦਾਰੀ ਹੱਕ ਦੀ ਮੰਗ ਜਿਸ ਨੂੰ ਪਿਛਲੀਆਂ ਸਰਕਾਰਾਂ ਨੇ ਨਹੀਂ ਮੰਨਿਆ ਸੀ ਨੂੰ ਸਰਕਾਰ ਵੱਲੋਂ ਲਾਗੂ ਕਰਨ ਦੀ ਗੱਲ ਕਹੀ ਗਈ ਸੀ। ਪਰ ਹਜੇ ਤੱਕ ਨੰਬਰਦਾਰਾਂ ਦੀਆਂ ਮੰਗਾਂ ਮੰਨਣ ਪ੍ਰਤੀ ਸਰਕਾਰ ਵੱਲੋਂ ਕੋਈ ਗੰਭੀਰਤਾ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ। ਉਹਨਾਂ ਦੱਸਿਆ ਕਿ ਨੰਬਰਦਾਰਾਂ ਦੀਆਂ ਮੰਗਾਂ ਨੂੰ ਲੈ ਕੇ ਜਦੋਂ ਭਗਵੰਤ ਮਾਨ ਮੈਂਬਰ ਪਾਰਲੀਮੈਂਟ ਸੀ ਉਦੋਂ ਉਹਨਾਂ ਨਾਲ ਨਿਜੀ ਤੌਰ ‘ਤੇ ਟੀਡੀਆਈ ਸੈਕਟਰ 110 ਵਿਖੇ ਵੀ ਮੀਟਿੰਗ ਹੋਈ ਸੀ। ਉਦੋਂ ਭਗਵੰਤ ਮਾਨ ਨੇ ਇਹ ਗੱਲ ਕੀਤੀ ਸੀ ਕਿ ਨੰਬਰਦਾਰਾ ਯੂਨੀਅਨ ਵੱਲੋਂ ਪੰਜਾਬ ਵਿੱਚ ‘ਆਪ’ ਸਰਕਾਰ ਬਣਾਉਣ ਲਈ ਸਹਿਯੋਗ ਦਿੱਤਾ ਜਾਵੇ ਅਤੇ ਉਹਨਾਂ ਦੀਆਂ ਸਾਰੀਆਂ ਮੰਗਾਂ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੇ ਪੂਰੀਆਂ ਕੀਤੀਆਂ ਜਾਣਗੀਆਂ। ਇਹਨਾਂ ਦੇ ਵਾਅਦਿਆਂ ‘ਤੇ ਭਰੋਸਾ ਕਰਦਿਆਂ ਪੰਜਾਬ ਦੀਆਂ ਨੰਬਰਦਾਰ ਯੂਨੀਅਨਾਂ ਨੇ ਆਮ ਆਦਮੀ ਪਾਰਟੀ ਨੂੰ ਪੂਰਾ ਸਹਿਯੋਗ ਦੇ ਕੇ ਸਰਕਾਰ ਹੋਂਦ ਵਿੱਚ ਲਿਆਂਦੀ। ਪਰੰਤੂ ਹੁਣ ਸਾਰੀਆਂ ਮੰਗਾਂ ਪੂਰੀਆਂ ਤਾਂ ਕੀ ਕਰਨੀਆਂ ਸੀ ਇੱਕ ਵੀ ਮੰਗ ਮੰਨਣ ਲਈ ‘ਆਪ’ ਸਰਕਾਰ ਨੇ ਕਦੇ ਕੋਈ ਧਿਆਨ ਨਹੀਂ ਦਿੱਤਾ। ਜਿਸ ਨੂੰ ਲੈ ਕੇ ਨੰਬਰਦਾਰ ਯੂਨੀਅਨ ਵਿੱਚ ਵੱਡੇ ਪੱਧਰ ‘ਤੇ ਰੋਸ ਹੈ। ਸਹਾਇਕ ਸਰਪ੍ਰਸਤ ਸਤਨਾਮ ਸਿੰਘ ਲਾਂਡਰਾਂ ਨੇ ਕਿਹਾ ਕਿ ਦੁੱਖ ਦੀ ਗੱਲ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਨੰਬਰਦਾਰ ਯੂਨੀਅਨ ਦੇ ਮੁੱਖ ਅਹੁਦੇਦਾਰਾਂ ਨੂੰ ਬੁਲਾ ਕੇ ਕਦੇ ਵੀ ਉਹਨਾਂ ਨਾਲ ਮੰਗਾਂ ਪ੍ਰਤੀ ਮੀਟਿੰਗ ਵਗੈਰਾ ਕਰਨ ਦੀ ਕੋਈ ਕੋਸ਼ਿਸ਼ ਨਹੀਂ ਕੀਤੀ। ਉਹਨਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਜਲਦੀ ਨੰਬਰਦਾਰਾਂ ਦੀਆਂ ਮੰਗਾਂ ਲਾਗੂ ਨਾ ਕੀਤੀਆਂ ਗਈਆਂ ਤਾਂ ਪੂਰੇ ਪੰਜਾਬ ਵਿੱਚ ਨੰਬਰਦਾਰਾਂ ਯੂਨੀਅਨਾਂ ਵੱਲੋਂ ਇੱਕ ਪਲੇਟਫਾਰਮ ‘ਤੇ ਇਕੱਤਰ ਕਰਕੇ ‘ਆਪ’ ਸਰਕਾਰ ਦੇ ਵਿਰੁੱਧ ਸੰਘਰਸ਼ ਵਿੱਢਿਆ ਜਾਵੇਗਾ ਅਤੇ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਵੱਡੇ ਪੱਧਰ ‘ਤੇ ਵਿਰੋਧ ਕੀਤਾ ਜਾਵੇਗਾ। ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੰਬਰਦਾਰਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਤੁਰੰਤ ਲਾਗੂ ਕੀਤਾ ਜਾਵੇ।

Leave a Reply

Your email address will not be published. Required fields are marked *