Home » Uncategorized » ਸਫ਼ਰ-ਏ-ਸ਼ਹਾਦਤ’ 9 ਪੋਹ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮਾਛੀਵਾੜੇ ਦੇ ਜੰਗਲਾ ਵਿਚ ਪਹੁੰਚਣਾ

ਸਫ਼ਰ-ਏ-ਸ਼ਹਾਦਤ’ 9 ਪੋਹ ਨੂੰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਮਾਛੀਵਾੜੇ ਦੇ ਜੰਗਲਾ ਵਿਚ ਪਹੁੰਚਣਾ

ਮੁਗਲਾਂ ਅਤੇ ਪਹਾੜੀ ਰਾਜਿਆਂ ਦੀਆਂ 10 ਲੱਖ ਫੌਜਾਂ ਨੂੰ ਨਜ਼ਰ ਆਈ ਆਪਣੀ ਹਾਰ…
8 ਪੋਹ ਦੀ ਅੱਧੀ ਰਾਤ ਤੋਂ ਬਾਅਦ ਸਤਿਗੁਰੂ ਕਲਗੀਧਰ ਜੀ ਤਿੰਨਾਂ ਸਿੰਘਾਂ ਸਮੇਤ ਗੜ੍ਹੀ ਤੋਂ ਬਾਹਰ ਨਿਕਲ ਆਏ। ਮੈਦਾਨਿ ਵਿੱਚ ਲਾਸ਼ਾਂ ਦੇ ਢੇਰ ਲੱਗੇ ਹੋਏ ਸੀ। ਇਸ ਦਿਨ ਅਸਮਾਨ ‘ਤੇ ਬੱਦਲ ਵੀ ਗਰਜ ਰਿਹਾ ਏ, ਕਦੇ-ਕਦੇ ਅਸਮਾਨੀ ਬਿਜਲੀ ਵੀ ਚਮਕਦੀ ਸੀ। ਸਤਿਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਕਿਹਾ ਕਿ ਅਸੀਂ ਵੈਰੀ ਨੂੰ ਵੰਗਾਰ ਪਾਉਣ ਲੱਗੇ ਹਾਂ ਤੁਸੀਂ ਸਾਰੇ ਸਾਵਧਾਨ ਹੋਵੋ : ਗਇਆ ਹਿੰਦ ਪੀਰ ਕਹਿ ਤਾਲੀ ਬਜਾਈ । ਪੀਛੇ ਕਹਾ ਖੁਆਜ ਪਕਰੋ ਸਹਾਈ। (ਸੌ ਸਾਖੀ- ਸਾਖੀ ੫੮, -ਸੰਪਾਦਕ ਪਿਆਰਾ ਸਿੰਘ ਪਦਮ
ਇਸ ਤਰ੍ਹਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਉੱਚੀ ਅਵਾਜ ਵਿੱਚ ਹੱਥਾਂ ਨਾਲ ਤਾੜੀ ਮਾਰ ਕੇ ਕਿਹਾ ਕਿ ਹਿੰਦ ਦਾ ਪੀਰ ਚੱਲਿਆ ਏ, ਸਿੱਖਾਂ ਦਾ ਗੁਰੂ ਜਾ ਰਿਹਾ ਏ। ਖਵਾਜਾ ਮਹਿਮੂਦ ਅਲੀ ਨੂੰ ਲਲਕਾਰ ਕੇ ਕਿਹਾ ਕਿ ਜੇ ਕਿਸੇ ਵਿੱਚ ਹਿੰਮਤ ਹੈ ਤਾਂ ਫੜ ਲਓ। ਇਹ ਸੁਣਦਿਆਂ ਹੀ ਮੁਗਲ ਅੰਨ੍ਹੇਵਾਹ ਨੱਠ ਉੱਠੇ। ਜਿਹੜਾ ਹਥਿਆਰ ਹੱਥ ਆਇਆ ਹੱਥੀਂ ਫੜ ਆਪਣੇ ਹੀ ਪਾਰ ਬੁਲਾ ਦਿੱਤੇ। ਮਸ਼ਾਲਚੀ ਮਸ਼ਾਲਾਂ ਲੈ ਗੁਰੂ ਜੀ ਵੱਲ ਰੌਸ਼ਨੀ ਲੈ ਦੌੜੇ। ਪਾਤਸ਼ਾਹ ਜੀ ਨੇ ਇਹਨਾਂ ਦਾ ਅਜਿਹਾ ਨਿਸ਼ਾਨਾ ਸਾਧਿਆ ਕਿ ਇਨ੍ਹਾਂ ਦੀ ਆਪਣੀ ਜੀਵਨ ਜੋਤ ਸਦਾ ਲਈ ਬੁਝ ਗਈ। ਮਸ਼ਾਲਾਂ ਥੱਲੇ ਡਿੱਗ ਬੁਝ ਗਈਆਂ, ਸਾਰੇ ਪਾਸੇ ਹਨੇਰਾ ਪਸਰ ਗਿਆ।
ਬੁਝ ਗਈ ਤਬੈ ਮਸਾਲ ਨਬਾਬੁ ਸੰਘਾਰਿਆ।
ਹੋ ਆਪਸ ਮੋ ਲਰੁ ਪਰੇ ਤਲਾਵੈ ਸਾਰਿਯਾ।
ਸਿੰਘ ਸਾਗਰ ਬੀਰ ਸਿੰਘ ਬਲ ਪੰਨਾ ੧੩੦ (ਪੰਜਾਬੀ ਯੂਨੀਵਰਸਿਟੀ ਪਟਿਆਲਾ)
ਮਸ਼ਾਲਾਂ ਬੁਝਣ ਨਾਲ ਤਾਂ ਕਿਸੇ ਨੂੰ ਕੁਝ ਪਤਾ ਨਾ ਲੱਗਾ, ਵੈਰੀ ਆਪਸ ਵਿੱਚ ਕੱਟ-ਵੱਢ ਕਰਨ ਲੱਗੇ। ਗੜ੍ਹੀ ਵਿਚਲੇ ਸਿੰਘ ਨਗਾਰੇ ਵਜਾ ਜੈਕਾਰੇ ਛੱਡਦੇ ਰਹੇ। ਇਸ ਹਫੜਾ-ਦਫੜੀ ਵਿੱਚ ਸ਼ਾਹੀ ਫੌਜ ਹਵੇਲੀ ਵੱਲ ਹੋ ਤੁਰੀ। ਗੜ੍ਹੀ ਵਿਚਲੇ ਸਿੰਘਾਂ ਬਹੁਤ ਜਬਰਦਸਤ ਮੁਕਾਬਲਾ ਕੀਤਾ। ਭਾਈ ਸੰਗਤ ਸਿੰਘ ਜੀ ਵਿੱਚ ਬੇਮਿਸਾਲ ਵੀਰਤਾ ਆ ਗਈ। ਉਸ ਦੇ ਸੀਸ ‘ਤੇ ਪੰਥ ਦੇ ਵਾਲੀ ਦੀ ਕਲਗੀ ਸੀ, ਚੋਲਾ ਵੀ ਚੋਜੀ ਪ੍ਰੀਤਮ ਦਾ ਪਹਿਨਿਆ ਹੋਇਆ ਸੀ। ਇਸ ਸੂਰਮੇ ਨੇ ਬਹੁਤ ਭਾਰੀ ਵੀਰਤਾ ਦਿਖਾਈ, ਅਨੇਕਾਂ ਵੈਰੀਆਂ ਨੂੰ ਨਰਕਾਂ ਦੇ ਰਸਤੇ ਤੋਰ ਆਪ ਵੀ ਸ਼ਹੀਦਾਂ ਦੀ ਕਤਾਰ ਵਿੱਚ ਜਾ ਰਲਿਆ।
ਸ਼੍ਰੀ ਚਮਕੌਰ ਸਾਹਿਬ ਦੀ ਗੜ੍ਹੀ ਵਿਚਲੇ ਸਾਰੇ ਸਿੰਘ ਸ਼ਹੀਦੀ ਜਾਮ ਪੀ ਗਏ। ਵੈਰੀ, ਭਾਈ ਸੰਗਤ ਸਿੰਘ ਜੀ ਦਾ ਸੀਸ ਉਤਾਰ ਜਸ਼ਨ ਮਨਾਉਣ ਲੱਗਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਮਾਰ ਲਿਆ ਏ। ਗੁਰੂ ਜੀ ਦਾ ਸੀਸ ਜਾਣ ਸ਼ਾਹੀ ਫੌਜ ਵਿੱਚ ਦੇਖਣ ਦੀ ਭੀੜ ਲੱਗੀ ਹੋਈ ਸੀ। ਉਹ ਦੇਖਣਾ ਚਾਹੁੰਦੇ ਸੀ ਕਿ ਉਹ ਕਿਹੋ ਜਿਹਾ ਸਿਰ ਏ ਜਿਹੜਾ ਤਾਕਤਵਰ ਬਾਦਸ਼ਾਹ ਔਰੰਗਜ਼ੇਬ ਦੇ ਅੱਗੇ ਨਹੀਂ ਝੁਕਿਆ, ਜਿਹਨੇ ਦਸ ਲੱਖ ਫੌਜ ਦੇ ਸਾਹਮਣੇ ਈਨ ਨਹੀਂ ਮੰਨੀ। ਪਹਾੜੀ ਰਾਜੇ ਤੇ ਮੁਗਲ ਜਸ਼ਨ ਮਨਾ ਰਹੇ ਸੀ। ਇਸ ਨੂੰ ਉਹ ਆਪਣੀ ਬਹੁਤ ਵੱਡੀ ਪ੍ਰਾਪਤੀ ਸਮਝਦੇ ਸੀ।
ਸਵੇਰ ਹੁੰਦਿਆਂ ਇਹਨਾਂ ਦੀ ਸਾਰੀ ਖੁਸ਼ੀ ਗਮੀ ਵਿੱਚ ਬਦਲ ਗਈ, ਜਦੋਂ ਇਹਨਾਂ ਨੂੰ ਪਤਾ ਲੱਗਾ ਕਿ ਇਹ ਸਿਰ ਗੁਰੂ ਦਾ ਨਹੀਂ ਕਿਸੇ ਸਿੰਘ ਦਾ ਏ, ਗੁਰੂ ਤਾਂ ਰਾਤੋ-ਰਾਤ ਗੜ੍ਹੀ ‘ਚੋਂ ਨਿਕਲ ਗਿਆ। ਆਪਣੇ ਮਰੇ ਸਿਪਾਹੀ ਦੇਖ ਇਹਨਾਂ ਨੂੰ ਆਪਣੀ ਹਾਰ ਸਾਫ ਨਜ਼ਰ ਆਈ। ਆਪਸ ਵਿੱਚ ਝੂਠੇ-ਸੱਚੇ ਹੁੰਦਿਆਂ ਸ਼ਾਹੀ ਫੌਜ ਵਾਪਸ ਹੋ ਤੁਰੀ। ਗਿਣਤੀ ਦੇ ਸਿਪਾਹੀ ਰਹਿ ਗਏ ਜੋ ਆਪਣੇ ਮੁਰਦਿਆਂ ਨੂੰ ਵੱਡੇ-ਵੱਡੇ ਟੋਹੇ ਕੱਢ ਦਫਨਾਉਣ ਲੱਗੇ। ਵਜ਼ੀਰ ਖਾਂ ਨੂੰ ਚੈਨ ਨਾ ਆਈ। ਉਸ ਨੇ ਕਈ ਫੌਜੀ ਦਸਤੇ ਪਿੰਡਾਂ ਵਿੱਚ ਮਾਛੀਵਾੜੇ ਵੱਲ ਗੁਰੂ ਜੀ ਨੂੰ ਲੱਭਣ ਲਈ ਭੇਜੇ ਤੇ ਢੰਡੋਰਾ ਪਿਟਵਾਇਆ ਕਿ ਜਿਹੜਾ ਵੀ ਗੁਰੂ ਨੂੰ ਤੇ ਉਸ ਦੇ ਸਿੱਖਾਂ ਨੂੰ ਪਨਾਹ ਦੇਵੇਗਾ ਜਾਂ ਚਮਕੌਰ ਸਾਹਿਬ ਦੀ ਕੱਚੀ ਗੜੀ ਵਿੱਚ ਮਾਰੇ ਸਿੰਘਾਂ ਦੀਆਂ ਲਾਸ਼ਾਂ ਦਾ ਸਸਕਾਰ ਕਰੇਗਾ, ਉਸ ਨੂੰ ਸਰਕਾਰ ਦਾ ਬਾਗੀ ਜਾਣ ਸਮੇਤ ਪਰਿਵਾਰ ਕੋਹਲੂ ਵਿੱਚ ਪੀੜਿਆ ਜਾਵੇਗਾ।
ਸਤਿਗੁਰੂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੜ੍ਹੀ ਵਿੱਚੋਂ ਨਿਕਲਦਿਆਂ ਹੀ ਨੱਠ-ਭੱਜ ਵਿੱਚ ਤਿੰਨਾਂ ਸਿੰਘਾਂ ਨਾਲੋਂ ਅਲੱਗ ਹੋ ਗਏ। ਪਾਤਸ਼ਾਹ ਜੀ ਪਿੰਡ ਰਾਏਪੁਰ ਵਿੱਚ ਦੀ ਜੰਡ ਸਾਹਿਬ ਕੁਝ ਦੇਰ ਜੰਡ ਦੇ ਦਰੱਖਤ ਥੱਲੇ ਬੈਠ ਅੱਗੇ ਕਈ ਪਿੰਡਾਂ ਵਿੱਚ ਦੀ ਹੁੰਦੇ ਹੋਏ ਮਾਛੀਵਾੜੇ ਦੇ ਜੰਗਲ ਵਿੱਚ ਜਾ ਵਿਰਾਜੇ। ਏਥੇ ਹੀ ਵਿੱਛੜ ਗਏ ਤਿੰਨਾਂ ਸਿੰਘਾਂ ਦਾ ਮਿਲਾਪ ਹੋਇਆ। ਪੰਥ ਦਾ ਵਾਲੀ ਪੁੱਤਾਂ ਨੂੰ ਦੇਸ-ਕੌਮ ਤੋਂ ਵਾਰ ਖਾਲੀ ਹੱਥ ਝਾੜ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਪੂਰੀ ਅਡੋਲਤਾ ਨਾਲ ਵਿਚਰ ਰਿਹਾ ਸੀ।
ਮੁਗਲ ਹਕੂਮਤ ਆਪਣਾ ਪੂਰਾ ਜੋਰ ਲਾ ਕੇ ਵੀ ਕਲਗੀਧਰ ਪਾਤਸ਼ਾਹ ਜੀ ਨੂੰ ਸਿਦਕ ਤੇ ਸਿਰੜ ਤੋਂ ਡੁਲਾ ਨਾ ਸਕੀ। ਸਤਿਗੁਰੂ ਪਾਤਸ਼ਾਹ ਜੀ ਦੇ ਚਿਹਰੇ ‘ਤੇ ਰੱਤੀ ਭਰ ਵੀ ਉਦਾਸੀ ਨਾ ਆਈ। ਆਪਣੇ ਰੁਹਾਨੀਅਤ ਬਲ ਨੂੰ ਸ਼ਕਤੀ ਦੇ ਰੂਪ ‘ਚ ਪਾਤਸ਼ਾਹ ਜੀ ਨੇ ਆਪਣੇ ਸਰੀਰ ਲਈ ਕਦੇ ਨਾ ਵਰਤਿਆ। ਆਪ ਮੁਰੀਦ ਤੇ ਅਕਾਲ ਪੁਰਖ ਨੂੰ ਪਿਆਰਾ ਮਿੱਤਰ ਜਾਣ ਮੇਰੇ ਬਾਜਾਂ ਵਾਲੇ ਪ੍ਰੀਤਮ ਦੇ ਮੁੱਖੋਂ ਇਹੋ ਅਵਾਜ ਮਾਛੀਵਾੜੇ ਦੇ
ਜੰਗਲਾਂ ਵਿੱਚ ਗੂੰਜ ਉੱਠੀ :- ਮਿੱਤਰ ਪਿਆਰੇ ਨੂੰ ਹਾਲੁ ਮੁਰੀਦਾਂ ਦਾ ਕਹਣਾ॥ ਤੁਧੁ ਬਿਨੁ ਰੋਗੁ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਣਾ॥ ਸੂਲ ਸੁਰਾਹੀ ਖੰਜਰੁ ਪਿਯਾਲਾ ਬਿੰਗ ਕਸਾਈਆਂ ਦਾ ਸਹਣਾ॥ ਯਾਰੜੇ ਦਾ ਸਾਨੂੰ ਸੱਥਰੁ ਚੰਗਾ ਭੱਠ ਖੇੜਿਆਂ ਦਾ ਰਹਣਾ॥ ਦਸਮ ਗ੍ਰੰਥ, (ਪੰਨਾ ੭੧੧) ਸਤਿਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜ੍ਹੀ ਨੂੰ ੮ ਪੋਹ, ੧੭੬੧ ਬਿ: (੨੨ ਦਸੰਬਰ, ੧੭੦੪ ਈ:) ਦੀ ਰਾਤ ਨੂੰ ਛੱਡਿਆ ਸੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
-ਮੰਗਤ ਸਿੰਘ ਸੈਦਪੁਰ (ਸਟਾਫ ਰਿਪੋਰਟਰ) ਚੰਡੀਗੜ੍ਹ। 
ਮੋਬਾਈਲ : 70877-76975

Leave a Reply

Your email address will not be published. Required fields are marked *