Home » ਦੇਸ਼-ਵਿਦੇਸ » ਅਮਰੀਕਾ ਦੇ ਗੁਰਦੁਆਰਿਆਂ ਉੱਤੇ ਛਾਪੇ ਮਾਰਨ ਦੀਆਂ ਗੋਦੀ ਮੀਡੀਆ ਝੂਠੀਆਂ ਖ਼ਬਰਾਂ ਦੇ ਕੇ ਕਰ ਰਿਹਾ ਸਿੱਖਾਂ ਨੂੰ ਬਦਨਾਮ : ਕੇਂਦਰੀ ਸਿੰਘ ਸਭਾ

ਅਮਰੀਕਾ ਦੇ ਗੁਰਦੁਆਰਿਆਂ ਉੱਤੇ ਛਾਪੇ ਮਾਰਨ ਦੀਆਂ ਗੋਦੀ ਮੀਡੀਆ ਝੂਠੀਆਂ ਖ਼ਬਰਾਂ ਦੇ ਕੇ ਕਰ ਰਿਹਾ ਸਿੱਖਾਂ ਨੂੰ ਬਦਨਾਮ : ਕੇਂਦਰੀ ਸਿੰਘ ਸਭਾ

ਚੰਡੀਗੜ੍ਹ, 30 ਜਨਵਰੀ (ਮੰਗਤ ਸਿੰਘ ਸੈਦਪੁਰ/ਜੀਵਨ ਭਾਗੀ) : ਭਾਰਤੀ ਗੋਦੀ ਮੀਡੀਆ ਅਮਰੀਕਾ ਦੇ ਗੁਰਦੁਆਰਿਆਂ ਉੱਤੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਛਾਪੇ ਮਾਰਨ ਦੀਆਂ ਝੂਠੀਆਂ/ਮਨਘੜਤ ਖ਼ਬਰਾਂ ਦੇ ਕੇ, ਸਿੱਖ ਭਾਈਚਾਰੇ ਨੂੰ ਬਦਨਾਮ/ਗੁੰਮਰਾਹ ਕਰਨ ਦਾ ਕਾਰਜ ਕਰ ਰਿਹਾ ਹੈ। ਕੱਲ੍ਹ, ਭਾਰਤੀ ਮੀਡੀਆ ਦੇ ਵੱਡੇ ਹਿੱਸੇ ਵਿੱਚ ਰੀਪੋਰਟਾਂ ਛਪੀਆਂ ਸਨ ਕਿ ਨਿਊਯਾਰਕ ਦੇ ਰਿਚਮੰਡ ਹਿੱਲ ਗੁਰਦੁਆਰੇ ਅਤੇ ਨਿਊਜਰਸੀ ਦੇ ਗੁਰਦੁਆਰੇ ’ਤੇ ਅਮਰੀਕਾ ਦੀ ਇਮੀਗ੍ਰੇਸ਼ਨ ਏਜੰਸੀ ਨੇ ਗ਼ੈਰ-ਕਾਨੂੰਨੀ ਪਰਵਾਸੀਆਂ ਨੂੰ ਫੜਨ ਲਈ ਛਾਪੇ ਮਾਰੇ ਸਨ। ਕਈ ਅਖਬਾਰਾਂ ਨੇ ਤਾਂ ਇਸ ਖ਼ਬਰ ਨੂੰ ਪਹਿਲੇ ਸਫੇ ਉੱਤੇ ਤਿੱਖੀਆਂ ਸੁਰਖੀਆਂ ਨਾਲ ਉਛਾਲਿਆ ਹੈ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਨਾਲ ਜੁੜੇ ਚਿੰਤਕਾਂ/ਬੁਧੀਜੀਵੀਆਂ ਨੇ ਕਿਹਾ ਕਿ ਸਬੰਧਤ ਗੁਰਦੁਆਰਿਆਂ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਕੌਸ਼ਲ ਆਨ ਰਿਲੀਜਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਰਾਜਵੰਤ ਸਿੰਘ ਅਤੇ ਹੋਰ ਪਤਵੰਤੇ ਸਿੱਖਾਂ ਨੇ ਦੱਸਿਆ ਹੈ ਕਿ ਛਾਪੇ ਮਾਰਨ ਦੀਆਂ ਖ਼ਬਰਾਂ ਬਿਲਕੁਲ ਝੂਠੀਆਂ ਹਨ। ਕਿਉਂਕਿ ਅਮਰੀਕਾ ਸਰਕਾਰ ਦੇ ਅਫਸਰ ਸਿੱਖ ਭਾਈਚਾਰੇ ਦੇ ਪਤਵੰਤੇ ਸੱਜਣਾਂ ਨਾਲ ਸਮੇਂ-ਸਮੇਂ ਗ਼ੈਰ-ਕਾਨੂੰਨੀ ਗਤੀਵਿਧੀਆਂ ਬਾਰੇ ਸਲਾਹ-ਮਸ਼ਵਰਾ ਕਰਦੇ ਰਹਿੰਦੇ ਹਨ। ਇਸ ਕਰਕੇ, ਗੁਰਦੁਆਰਿਆਂ ’ਤੇ ਛਾਪੇ ਮਾਰਨ ਦੀ ਨੌਬਤ ਹੀ ਨਹੀਂ ਖੜ੍ਹੀ ਹੁੰਦੀ। ਅਫਸੋਸ ਹੈ ਕਿ ਅਮਰੀਕਾ/ਕੈਨੇਡਾ ਵਿੱਚ ਭਾਰਤੀ ਮੀਡੀਆ ਦਾ ਇਕ ਹਿੱਸਾ ਸਿੱਖ-ਵਿਰੋਧੀ ਪ੍ਰਚਾਰ ਕਰਨ ਵਿੱਚ ਖੁਫੀਆਂ ਏਜੰਸੀਆਂ ਦੇ ਇਸ਼ਾਰੇ ਤੇ ਖ਼ਬਰਾਂ ਘੜਦਾ ਅਤੇ ਛਾਪਦਾ ਰਹਿੰਦਾ ਹੈ ਅਤੇ ਕੰਮਕਾਜੀ/ਮਿਹਨਤੀ ਸਿੱਖਾਂ ਨੂੰ ਜਾਣ ਬੁੱਝ ਕੇ ਭਾਰਤ ਵਿਰੋਧੀ ਅਤੇ ਅੱਤਵਾਦੀ ਪੇਸ਼ ਕਰਦਾ ਰਹਿੰਦਾ ਹੈ। ਵਿਦੇਸ਼ਾਂ ਵਿੱਚ ਹਿੰਦੂਤਵੀ ਅਤੇ ਫਿਰਕੂ ਸਿਆਸਤ ਦੇ ਕਾਰਕੁੰਨਾਂ ਦੇ ਗੁੰਮਰਾਹਕੁਨ ਪ੍ਰਾਪੇਗੰਡੇ ਨੂੰ ਵੀ ਭਾਰਤੀ ਗੋਦੀ ਮੀਡੀਆ ਖ਼ਬਰਾਂ ਦੇ ਰੂਪ ਵਿੱਚ ਉਛਾਲਦਾ ਰਹਿੰਦਾ ਹੈ। ਜਿਵੇਂ ਕਿ ਕੁਝ ਹਫ਼ਤੇ ਪਹਿਲਾਂ ਟਰਾਂਟੋ ਦੇ ਮੰਦਰ ਦੇ ਬਾਹਰ ਦੋ ਵਿਰੋਧੀ ਗਰੁੱਪਾਂ ਦੀ ਆਪਸੀ ਝੱਪਟ ਨੂੰ ਗੋਦੀ ਮੀਡੀਆ ਨੇ ਮੰਦਰ ’ਤੇ ਸਿੱਖ ਅੱਤਵਾਦੀਆਂ ਵੱਲੋਂ ਹਮਲੇ ਦੇ ਤੌਰ ਉੱਤੇ ਛਾਇਆ ਕਰਕੇ, ਅਸਲੀਅਤ ਤੇ ਪੜਦਾ-ਪੋਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਸੀਂ ਪਰਵਾਸੀ ਭਾਰਤੀਆਂ ਨੂ ਅਪੀਲ ਕਰਦੇ ਹਾਂ ਕਿ ਉਹ ਸਿੱਖ ਵਿਰੋਧੀ ਤਾਕਤਾਂ ਦੇ ਹੱਥਾਂ ਵਿੱਚ ਖੇਡ ਕੇ ਆਪਣੇ ਆਪ ਨੂੰ ਭਾਰਤ ਦੀ ਅੰਦਰੂਨੀ ਸਿਆਸਤ ਲਈ ਵਰਤੇ ਜਾਣ ਤੋਂ ਗੁਰੇਜ਼ ਕਰਨ। ਇਸ ਸਾਂਝੇ ਬਿਆਨ ਵਿੱਚ ਪ੍ਰੋਫੈਸਰ ਸ਼ਾਮ ਸਿੰਘ (ਪ੍ਰਧਾਨ), ਪੱਤਰਕਾਰ ਜਸਪਾਲ ਸਿੰਘ ਸਿੱਧੂ, ਰਾਜਵਿੰਦਰ ਸਿੰਘ ਰਾਹੀ, ਗੁਰਪ੍ਰੀਤ ਸਿੰਘ (ਗਲੋਬਲ ਸਿੱਖ ਕੌਂਸਲ), ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਡਾ. ਖੁਸ਼ਹਾਲ ਸਿੰਘ (ਜਨਰਲ ਸਕੱਤਰ) ਆਦਿ ਸ਼ਾਮਿਲ ਸਨ।

Leave a Reply

Your email address will not be published. Required fields are marked *