Translate Your Language

October 5, 2026 8:55 am

PUNPUN03583/19/1/2007-TC

PUNPUN03583/19/1/2007-TC

Home » Uncategorized » ਇੰਡੀਅਨ ਸਟੇਟ ਵਿੱਚ ‘ਵੰਦੇ ਮਾਤਰਮ’ ਗੀਤ ਨੇ ਸਿੱਖ, ਹਿੰਦੂ ਅਤੇ ਮੁਸਲਮਾਨ ਭਾਈਚਾਰਿਕ ਸਾਂਝ ‘ਚ ਪਾਇਆ ਵੱਡਾ ਪਾੜਾ : ਡਾ. ਖੁਸ਼ਹਾਲ ਸਿੰਘ ਚੰਡੀਗੜ੍ਹ

ਇੰਡੀਅਨ ਸਟੇਟ ਵਿੱਚ ‘ਵੰਦੇ ਮਾਤਰਮ’ ਗੀਤ ਨੇ ਸਿੱਖ, ਹਿੰਦੂ ਅਤੇ ਮੁਸਲਮਾਨ ਭਾਈਚਾਰਿਕ ਸਾਂਝ ‘ਚ ਪਾਇਆ ਵੱਡਾ ਪਾੜਾ : ਡਾ. ਖੁਸ਼ਹਾਲ ਸਿੰਘ ਚੰਡੀਗੜ੍ਹ

ਚੰਡੀਗੜ੍ਹ, 26 ਸਤੰਬਰ (ਮੰਗਤ ਸਿੰਘ ਸੈਦਪੁਰ) : ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ, ਸੈਕਟਰ 28-ਏ, ਚੰਡੀਗੜ੍ਹ ਵਿਖੇ ‘ਵੰਦੇ ਮਾਤਰਮ’ ਗੀਤ ਸਬੰਧੀ ਇੱਕ ਗੰਭੀਰ ਵਿਚਾਰ-ਸੈਮੀਨਾਰ ਕਰਵਾਇਆ ਗਿਆ। ਇਸ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਬੁੱਧੀਜੀਵੀਆਂ, ਕਾਨੂੰਨਦਾਨਾਂ, ਧਾਰਮਿਕ ਅਤੇ ਸਮਾਜਿਕ ਆਗੂਆਂ ਨੇ ਭਾਗ ਲਿਆ। ਸਭਾ ਦੇ ਪ੍ਰਧਾਨ ਪ੍ਰੋ. ਸ਼ਾਮ ਸਿੰਘ ਨੇ ਕਿਹਾ ਕਿ ‘ਵੰਦੇ ਮਾਤਰਮ’ ਨੂੰ ਰਾਸ਼ਟਰੀ ਗਾਨ ਦੇ ਬਰਾਬਰ ਕਾਨੂੰਨੀ ਸੁਰੱਖਿਆ ਦੇਣ ਨਾਲ ਘੱਟ-ਗਿਣਤੀ ਭਾਈਚਾਰਿਆਂ ਵਿੱਚ ਚਿੰਤਾਵਾਂ ਵਧੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਵੱਖ-ਵੱਖ ਧਰਮਾਂ ਅਤੇ ਭਾਈਚਾਰਿਆਂ ਦਾ ਦੇਸ਼ ਹੈ ਅਤੇ ਕਿਸੇ ਇੱਕ ਧਾਰਮਿਕ ਪਰੰਪਰਾ ਨੂੰ ਦੂਜੇ ਭਾਈਚਾਰਿਆਂ ਉੱਤੇ ਥੋਪਿਆ ਨਹੀਂ ਜਾਣਾ ਚਾਹੀਦਾ। ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਜਨਰਲ ਸਕੱਤਰ ਡਾ. ਖੁਸ਼ਹਾਲ ਸਿੰਘ ਨੇ ਕਿਹਾ ਕਿ ਦੇਸ਼ ਵਿੱਚ ਬਹੁਗਿਣਤੀਵਾਦੀ ਰਾਜਨੀਤੀ ਦੇ ਵਧ ਰਹੇ ਪ੍ਰਭਾਵ ਕਾਰਨ ਸਿੱਖਾਂ ਅਤੇ ਮੁਸਲਮਾਨਾਂ ਸਮੇਤ ਘੱਟ-ਗਿਣਤੀਆਂ ਵਿੱਚ ਅਸੁਰੱਖਿਆ ਦੀ ਭਾਵਨਾ ਪੈਦਾ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਵੱਲੋਂ ਦਿੱਤੇ ਧਾਰਮਿਕ ਅਤੇ ਨਾਗਰਿਕ ਅਧਿਕਾਰਾਂ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਦਿੱਲੀ ਤੋਂ ਆਏ ਸਾਬਕਾ ਰਾਜ ਸਭਾ ਮੈਂਬਰ ਮੁਹੰਮਦ ਅਦੀਬ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਮੁਸਲਮਾਨਾਂ ਨੇ ਭਾਰਤ ਵਿੱਚ ਰਹਿ ਕੇ ਦੇਸ਼ ਦੀ ਲੋਕਤੰਤਰੀ ਅਤੇ ਧਰਮ-ਨਿਰਪੱਖ ਵਿਵਸਥਾ ਵਿੱਚ ਆਪਣਾ ਯੋਗਦਾਨ ਪਾਇਆ ਹੈ। ਉਨ੍ਹਾਂ ਕਿਹਾ ਕਿ ‘ਵੰਦੇ ਮਾਤਰਮ’ ਦੀਆਂ ਕੁਝ ਪੰਕਤੀਆਂ ਵਿੱਚ ਦੇਵੀ-ਦੇਵਤਿਆਂ ਦੀ ਉਪਾਸਨਾ ਨਾਲ ਜੁੜੇ ਹਵਾਲਿਆਂ ਕਾਰਨ ਮੁਸਲਮਾਨ ਭਾਈਚਾਰੇ ਵਿੱਚ ਲੰਮੇ ਸਮੇਂ ਤੋਂ ਇਸ ਸਬੰਧੀ ਧਾਰਮਿਕ ਇਤਰਾਜ਼ ਰਹੇ ਹਨ। ਪਟਨਾ ਹਾਈ ਕੋਰਟ ਦੇ ਸਾਬਕਾ ਮੁੱਖ ਜੱਜ ਜਸਟਿਸ ਇਕਬਾਲ ਅਨਸਾਰੀ ਨੇ ਕਿਹਾ ਕਿ ਬੰਕਿਮ ਚੰਦਰ ਚੱਟੋਪਾਧਿਆਏ ਦੀ ਰਚਨਾ ‘ਵੰਦੇ ਮਾਤਰਮ’ ਅਤੇ ਨਾਵਲ ‘ਆਨੰਦ ਮਠ’ ਇਤਿਹਾਸਕ ਤੌਰ ’ਤੇ ਵਿਵਾਦਾਂ ਦਾ ਵਿਸ਼ਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਸੰਵਿਧਾਨ ਧਰਮ-ਨਿਰਪੱਖ ਹੈ ਅਤੇ ਕਿਸੇ ਨਾਗਰਿਕ ਨੂੰ ਉਸ ਦੀ ਧਾਰਮਿਕ ਆਸਥਾ ਦੇ ਵਿਰੁੱਧ ਕੋਈ ਰਸਮ ਨਿਭਾਉਣ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਸਿੱਖ ਚਿੰਤਕ ਰਾਜਵਿੰਦਰ ਸਿੰਘ ਰਾਹੀ ਨੇ ‘ਵੰਦੇ ਮਾਤਰਮ’ ਅਤੇ ‘ਆਨੰਦ ਮਠ’ ਦੇ ਇਤਿਹਾਸਕ ਸੰਦਰਭਾਂ ਬਾਰੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਇਨ੍ਹਾਂ ਰਚਨਾਵਾਂ ਦੇ ਮੁਸਲਮਾਨ ਭਾਈਚਾਰੇ ਪ੍ਰਤੀ ਰੁਖ ਬਾਰੇ ਇਤਿਹਾਸਕਾਰਾਂ ਵਿੱਚ ਲੰਮੇ ਸਮੇਂ ਤੋਂ ਚਰਚਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਇਤਿਹਾਸਕ ਤੱਥਾਂ ਅਤੇ ਸਮਾਜਿਕ ਸਦਭਾਵਨਾ ਦੇ ਨਜ਼ਰੀਏ ਨਾਲ ਸਮਝਣ ਦੀ ਲੋੜ ਹੈ। ਇਸ ਮੌਕੇ ਹਰਦੀਪ ਸਿੰਘ ਡਿਬਡਿਬਾ, ਐਡਵੋਕੇਟ ਭਾਨੂੰ ਪ੍ਰਤਾਪ, ਆਤਮਜੀਤ ਸਿੰਘ, ਵਰਿੰਦਰ ਹੂਡਾ ਅਤੇ ਦਿਆ ਸਿੰਘ ਦਿੱਲੀ ਸਮੇਤ ਹੋਰ ਬੁਲਾਰਿਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਬੁਲਾਰਿਆਂ ਨੇ ਕਿਹਾ ਕਿ ਰਾਸ਼ਟਰੀ ਪ੍ਰਤੀਕਾਂ ਦਾ ਸਨਮਾਨ ਕਰਦਿਆਂ ਸੰਵਿਧਾਨਕ ਅਧਿਕਾਰਾਂ ਅਤੇ ਧਾਰਮਿਕ ਆਜ਼ਾਦੀ ਦੀ ਵੀ ਰੱਖਿਆ ਹੋਣੀ ਚਾਹੀਦੀ ਹੈ। ਇਸ ਮੌਕੇ ਜਸਟਿਸ ਰਣਜੀਤ ਸਿੰਘ, ਗੁਰਤੇਜ ਸਿੰਘ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਹਮੀਰ ਸਿੰਘ, ਨਜ਼ੀਰ ਮੁਹੰਮਦ, ਐਡਵੋਕੇਟ ਪੂਨਮ ਆਰੀਆ, ਸਤਵਿੰਦਰ ਕੌਰ, ਰਾਜਿੰਦਰ ਸਿੰਘ, ਉਪਕਾਰ ਸਿੰਘ, ਕੈਪਟਨ ਗੁਰਦੀਪ ਸਿੰਘ ਘੁੰਮਣ ਅਤੇ ਦੀਪਕ ਚਨਾਰਥਲ ਸਮੇਤ ਕਈ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।

Leave a Reply

Your email address will not be published. Required fields are marked *