ਸਮਰਾਲਾ, (ਸੁਰਜੀਤ ਸਿੰਘ) ਪੀਜੀਆਈ ਚੰਡੀਗੜ੍ਹ ਦੀ ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਇੰਜੀਨੀਅਰਜ਼ ਦਿਵਸ ਮੌਕੇ ਆਯੋਜਿਤ ਖੂਨਦਾਨ ਕੈਂਪ ਵਿਚ ਭਾਰਤ ਪ੍ਰਸਿੱਧ ਨਾਮੀ ਸਿਹਤ ਸੰਸਥਾ ਪੀਜੀਆਈ ਦੇ ਨਿਦੇਸ਼ਕ ਪ੍ਰੋ ਵਿਵੇਕ ਲਾਲ ਨੇ ਇੱਕ ਮਿਸਾਲ ਕਾਇਮ ਕਰਦਿਆਂ ਅਤੇ ਹੋਰਨਾਂ ਪ੍ਰੇਰਨਾ ਸੰਦੇਸ਼ ਦਿੰਦਿਆਂ ਖੁਦ ਕੈਂਪ ਵਿਚ ਖੂਨਦਾਨ ਕੀਤਾ।
ਇਸ ਤੋਂ ਪਹਿਲਾਂ ਪ੍ਰੋ. ਵਿਵੇਕ ਲਾਲ, ਡਾਇਰੈਕਟਰ, ਪੀਜੀਆਈਐੱਮਈਆਰ, ਚੰਡੀਗੜ੍ਹ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਖੂਨਦਾਨ ਕੈਂਪ ਦਾ ਉਦਘਾਟਨ ਕੀਤਾ। ਉਹਨਾਂ ਇਸ ਨੇਕ ਕਾਰਜ ਲਈ ਪੀਜੀਆਈ ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਕੀਤੇ ਜਾ ਰਹੇ ਸਮਾਜ ਸੇਵੀ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸ੍ਰੀ ਪੰਕਜ ਰਾਏ, ਡੀ.ਡੀ.ਏ.; ਪ੍ਰੋ. ਅਸ਼ੋਕ ਕੁਮਾਰ, ਮੈਡੀਕਲ ਸੁਪਰਡੈਂਟ; ਪ੍ਰੋ. (ਡਾ.) ਰੱਤੀ ਰਾਮ ਸ਼ਰਮਾ, ਮੁਖੀ, ਟਰਾਂਸਫਿਊਜ਼ਨ ਮੈਡੀਸਨ ਵਿਭਾਗ ਅਤੇ ਪ੍ਰੋ. ਸਮੀਰ ਅਗਰਵਾਲ, ਪ੍ਰੋਫੈਸਰ ਇੰਚਾਰਜ, ਇੰਜੀਨੀਅਰਿੰਗ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ।
ਕੈਂਪ ਦੌਰਾਨ ਲਗਭਗ 400 ਸਵੈ-ਇੱਛੁਕ ਖੂਨਦਾਨੀਆਂ ਨੇ ਖੂਨਦਾਨ ਕੀਤਾ, ਜਦਕਿ ਖੂਨਦਾਨ ਤੋਂ ਪਹਿਲਾਂ ਕੀਤੀ ਗਈ ਡਾਕਟਰੀ ਜਾਂਚ ਦੌਰਾਨ 70 ਸੰਭਾਵੀ ਖੂਨਦਾਨੀਆਂ ਨੂੰ ਖੂਨਦਾਨ ਲਈ ਅਯੋਗ ਪਾਇਆ ਗਿਆ।
ਇੰਜੀ. ਤਨੁਜ ਪੋਸ਼ਵਾਲ, ਪ੍ਰਧਾਨ, ਪੀਜੀਆਈ ਇੰਜੀਨੀਅਰਜ਼ ਐਸੋਸੀਏਸ਼ਨ, ਚੰਡੀਗੜ੍ਹ ਨੇ ਪ੍ਰੋ. (ਡਾ.) ਵਿਵੇਕ ਲਾਲ ਸਮੇਤ ਸਾਰੇ ਪਤਵੰਤੇ ਮਹਿਮਾਨਾਂ ਅਤੇ ਡੈਲੀਗੇਟਾਂ ਦਾ ਕੈਂਪ ਵਿੱਚ ਆਪਣਾ ਕੀਮਤੀ ਸਮਾਂ ਕੱਢ ਕੇ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਟਰਾਂਸਫਿਊਜ਼ਨ ਮੈਡੀਸਨ ਵਿਭਾਗ ਦੇ ਪ੍ਰੋ. (ਡਾ.) ਰੱਤੀ ਰਾਮ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਦੇ ਨਾਲ-ਨਾਲ ਸਾਰੇ ਸਵੈ-ਇੱਛੁਕ ਖੂਨਦਾਨੀਆਂ ਵੱਲੋਂ ਇਸ ਨੇਕ ਕਾਰਜ ਵਿੱਚ ਪਾਏ ਯੋਗਦਾਨ ਲਈ ਵੀ ਧੰਨਵਾਦ ਕੀਤਾ।
ਇੰਜੀ. ਬਿੰਦੀਆ ਵਰਮਾ, ਜਨਰਲ ਸਕੱਤਰ, ਪੀਜੀਆਈ ਇੰਜੀਨੀਅਰਜ਼ ਐਸੋਸੀਏਸ਼ਨ, ਚੰਡੀਗੜ੍ਹ ਨੇ ਵੀ ਇੰਜੀ. ਸੰਜੀਵ ਸ਼ਰਮਾ, ਇੰਜੀ. ਪੀ. ਐਸ. ਗਿੱਲ, ਇੰਜੀ. ਰਜਨੀਸ਼ ਮਿੱਤਲ, ਇੰਜੀ. ਇੰਦਰਜੀਤ ਸਿੰਘ, ਸਰਭਜੀਤ ਸਿੰਘ, ਇੰਜੀ. ਹੇਮਲਤਾ ਮੀਨਾ, ਇੰਜੀ. ਦੀਪੇਸ਼ ਗੁਪਤਾ, ਇੰਜੀ. ਪ੍ਰਵੀਨ ਚੌਧਰੀ, ਇੰਜੀ. ਲਲਿਤ ਵਸ਼ਿਸ਼ਠ ਅਤੇ ਐਸੋਸੀਏਸ਼ਨ ਦੇ ਹੋਰ ਮੈਂਬਰਾਂ ਦਾ ਕੈਂਪ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਕੀਤੇ ਕੀਮਤੀ ਯਤਨਾਂ ਅਤੇ ਸਰਗਰਮ ਭਾਗੀਦਾਰੀ ਲਈ ਧੰਨਵਾਦ ਕੀਤਾ।
ਭਾਰਤ ਵਿੱਚ ਹਰ ਸਾਲ 15 ਸਤੰਬਰ ਨੂੰ ਇੰਜੀਨੀਅਰਜ਼ ਡੇ ਮਨਾਇਆ ਜਾਂਦਾ ਹੈ। ਇਹ ਦਿਨ ਭਾਰਤ ਦੇ ਪ੍ਰਸਿੱਧ ਇੰਜੀਨੀਅਰ ਸਰ ਐੱਮ. ਵਿਸ਼ਵੇਸ਼ਵਰੱਈਆ ਦੀ ਜਨਮ ਵਰ੍ਹੇਗੰਢ ਨੂੰ ਸਮਰਪਿਤ ਹੈ। ਪ੍ਰਸਿੱਧ ਸਿਵਲ ਇੰਜੀਨੀਅਰ ਅਤੇ ਰਾਜਨੇਤਾ ਸਰ ਐੱਮ. ਵਿਸ਼ਵੇਸ਼ਵਰੱਈਆ ਨੇ ਦੇਸ਼ ਦੇ ਵਿਕਾਸ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਰਾਸ਼ਟਰ ਨਿਰਮਾਣ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਮਾਨਤਾ ਦਿੰਦਿਆਂ ਉਨ੍ਹਾਂ ਨੂੰ 1955 ਵਿੱਚ ਭਾਰਤ ਰਤਨ ਨਾਲ ਸਨਮਾਨਿਤ ਕੀਤਾ ਗਿਆ ਸੀ।
ਇਹ ਖੂਨਦਾਨ ਕੈਂਪ ਸਮਾਜਿਕ ਜ਼ਿੰਮੇਵਾਰੀ ਅਤੇ ਭਾਈਚਾਰਕ ਸੇਵਾ ਦੀ ਭਾਵਨਾ ਨੂੰ ਦਰਸਾਉਂਦਾ ਹੈ ਅਤੇ ਜ਼ਿੰਦਗੀਆਂ ਬਚਾਉਣ ਵਾਲੀਆਂ ਸਿਹਤ ਸੇਵਾਵਾਂ ਵਿੱਚ ਇੰਜੀਨੀਅਰਾਂ ਅਤੇ ਸਿਹਤ ਪੇਸ਼ੇਵਰਾਂ ਦੀ ਮਹੱਤਵਪੂਰਨ ਭੂਮਿਕਾ ਨੂੰ ਉਜਾਗਰ ਕਰਦਾ ਹੈ।


