ਸਮਰਾਲਾ, (ਸੁਰਜੀਤ ਸਿੰਘ) ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹਿੰਦੀ ਵਿਭਾਗ ਵੱਲੋਂ ਹਿੰਦੀ ਦਿਵਸ ਦੇ ਮੌਕੇ ਵਿੱਚ ਦੋ ਰੋਜ਼ਾ ਸਮਾਗਮ ਕਰਵਾਇਆ ਗਿਆ। ਵਿਭਾਗ ਮੁਖੀ ਡਾ. ਰਜਨੀ ਪ੍ਰਤਾਪ ਨੇ ਵਿਦਿਆਰਥੀਆਂ ਨੂੰ ਹਿੰਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਹਿੰਦੀ ਕੇਵਲ ਭਾਸ਼ਾ ਨਹੀਂ, ਸਗੋਂ ਭਾਰਤੀ ਸੱਭਿਆਚਾਰ ਦੀ ਪਛਾਣ ਹੈ। ਉਨ੍ਹਾਂ ਕਿਹਾ ਕਿ ਆਪਣੀਆਂ ਸੱਭਿਆਚਾਰਕ ਜੜ੍ਹਾਂ ਨੂੰ ਮਜ਼ਬੂਤ ਕਰਨ ਲਈ ਸਾਨੂੰ ਹਿੰਦੀ ਪ੍ਰਤੀ ਹਮੇਸ਼ਾ ਵਚਨਬੱਧ ਰਹਿਣਾ ਚਾਹੀਦਾ ਹੈ। ਇਸ ਮੌਕੇ ਵਿਭਾਗ ਵੱਲੋਂ ਕਵਿਤਾ ਵਾਚਨ, ਭਾਸ਼ਣ ਅਤੇ ਲੇਖ ਲਿਖਣ ਸਮੇਤ ਵੱਖ-ਵੱਖ ਮੁਕਾਬਲੇ ਕਰਵਾਏ ਗਏ। ਸਮਾਗਮ ਵਿੱਚ ਮੁੱਖ ਬੁਲਾਰੇ ਵਜੋਂ ਪਦਮ ਸ਼੍ਰੀ ਪ੍ਰੋ. ਹਰਮਹਿੰਦਰ ਸਿੰਘ ਬੇਦੀ, ਕੁਲਾਧਿਪਤੀ, ਕੇਂਦਰੀ ਯੂਨੀਵਰਸਿਟੀ, ਹਿਮਾਚਲ ਪ੍ਰਦੇਸ਼ ਨੇ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਮੌਕੇ ਵਿਭਾਗ ਮੁਖੀ ਡਾ. ਰਜਨੀ ਨੇ ਹਾਜ਼ਰ ਸਮੂਹ ਮਹਿਮਾਨਾਂ ਦਾ ਸਵਾਗਤ ਕੀਤਾ।
ਆਪਣੇ ਸੰਬੋਧਨ ਵਿੱਚ ਡਾ. ਹਰਮਹਿੰਦਰ ਸਿੰਘ ਬੇਦੀ ਨੇ ਕਿਹਾ ਕਿ ਪੰਜਾਬ ਭਾਰਤੀ ਭਾਸ਼ਾਵਾਂ ਦਾ ਕੇਂਦਰ ਰਿਹਾ ਹੈ। ਭਾਰਤੀ ਭਾਸ਼ਾਵਾਂ ਦੇ ਵਿਕਾਸ ਦੇ ਨਾਲ ਹੀ ਹਿੰਦੀ ਦਾ ਵੀ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਹਿੰਦੀ ਅੱਜ ਸੰਪਰਕ ਦੀ ਭਾਸ਼ਾ ਵਜੋਂ ਪੂਰੇ ਭਾਰਤ ਵਿੱਚ ਸਵੀਕਾਰ ਕੀਤੀ ਜਾ ਚੁੱਕੀ ਹੈ। ਹਿੰਦੀ ਲੋਕਤੰਤਰ ਦੀ ਭਾਸ਼ਾ ਹੈ ਅਤੇ ਭਾਰਤੀ ਅਖੰਡਤਾ ਤੇ ਸੱਭਿਆਚਾਰਕ ਏਕਤਾ ਦਾ ਪ੍ਰਤੀਕ ਹੈ। ਵਿਸ਼ਵ ਪੱਧਰ ’ਤੇ ਵੀ ਹਿੰਦੀ ਆਪਣਾ ਪਰਚਮ ਲਹਿਰਾ ਰਹੀ ਹੈ। ਅੱਜ ਹਿੰਦੀ ਰੁਜ਼ਗਾਰ ਅਤੇ ਕਾਰੋਬਾਰ ਦੀ ਭਾਸ਼ਾ ਬਣ ਚੁੱਕੀ ਹੈ।
ਇਸ ਮੌਕੇ ਭਾਸ਼ਾ ਫੈਕਲਟੀ ਦੇ ਡੀਨ ਡਾ. ਸੁਰਜੀਤ ਨੇ ਹਿੰਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਾਰੀਆਂ ਭਾਸ਼ਾਵਾਂ ਨੂੰ ਦਰਜਾਬੰਦੀ ਤੋਂ ਮੁਕਤ ਹੋ ਕੇ ਆਪਸੀ ਸਹਿਯੋਗ ਨਾਲ ਅੱਗੇ ਵਧਣਾ ਚਾਹੀਦਾ ਹੈ। ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਵੀ ਹਿੰਦੀ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਭਾਸ਼ਾਵਾਂ ਦੀ ਮਹੱਤਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਕਰਵਾਏ ਗਏ ਮੁਕਾਬਲਿਆਂ ਦੇ ਨਤੀਜੇ ਵੀ ਐਲਾਨੇ ਗਏ। ਕਵਿਤਾ ਵਾਚਨ ਮੁਕਾਬਲੇ ਦੀ ਅੰਡਰਗ੍ਰੈਜੂਏਟ ਸ਼੍ਰੇਣੀ ਵਿੱਚ ਨਰਿੰਕਾ (ਬੀ.ਏ. ਬੀ.ਐੱਡ. ਪਹਿਲਾ ਭਾਗ) ਨੇ ਪਹਿਲਾ, ਜਤਿਨ (ਬੀ.ਏ. ਪਹਿਲਾ ਭਾਗ) ਨੇ ਦੂਜਾ ਅਤੇ ਹਰਪ੍ਰੀਤ ਕੌਰ (ਬੀ.ਏ. ਪਹਿਲਾ ਭਾਗ) ਅਤੇ ਰਿੰਕਾ (ਬੀ.ਏ. ਬੀ.ਐੱਡ. ਪਹਿਲਾ ਭਾਗ) ਨੇ ਸਾਂਝੇ ਤੌਰ ’ਤੇ ਤੀਜਾ ਸਥਾਨ ਹਾਸਲ ਕੀਤਾ।
ਕਵਿਤਾ ਵਾਚਨ ਮੁਕਾਬਲੇ ਦੀ ਪੋਸਟ ਗ੍ਰੈਜੂਏਟ ਸ਼੍ਰੇਣੀ ਵਿੱਚ ਸਿਮਰਨ (ਐੱਮ.ਏ. ਪਹਿਲਾ ਭਾਗ) ਨੇ ਪਹਿਲਾ, ਵੰਦਨਾ ਸਿੰਘ (ਐੱਮ.ਏ. ਦੂਜਾ ਭਾਗ) ਨੇ ਦੂਜਾ ਅਤੇ ਮਨਜੀਤ (ਐੱਫ.ਵਾਈ.ਆਈ.ਪੀ., ਸੱਤਵਾਂ ਸਮੈਸਟਰ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ ਭਾਸ਼ਣ ਮੁਕਾਬਲੇ ਵਿੱਚ ਜਤਿਨ (ਬੀ.ਏ. ਪਹਿਲਾ ਭਾਗ) ਨੇ ਪਹਿਲਾ, ਪ੍ਰੀਤੀ ਤ੍ਰਿਪਾਠੀ (ਬੀ.ਏ. ਦੂਜਾ ਭਾਗ) ਨੇ ਦੂਜਾ ਅਤੇ ਜਤਿਨ (ਐੱਮ.ਏ. ਐਜੂਕੇਸ਼ਨ ਪਹਿਲਾ ਭਾਗ) ਨੇ ਤੀਜਾ ਸਥਾਨ ਹਾਸਲ ਕੀਤਾ।
ਲੇਖ ਮੁਕਾਬਲੇ ਦੀ ਅੰਡਰਗ੍ਰੈਜੂਏਟ ਸ਼੍ਰੇਣੀ ਵਿੱਚ ਕੁਲਦੀਪ ਸਿੰਘ (ਬੀ.ਏ. ਪਹਿਲਾ ਭਾਗ) ਨੇ ਪਹਿਲਾ, ਕਮਲਦੀਪ ਕੌਰ (ਬੀ.ਏ. ਦੂਜਾ ਭਾਗ) ਨੇ ਦੂਜਾ ਅਤੇ ਜਸ਼ਨਦੀਪ ਸਿੰਘ (ਬੀ.ਏ. ਪਹਿਲਾ ਭਾਗ) ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਪੋਸਟ ਗ੍ਰੈਜੂਏਟ ਸ਼੍ਰੇਣੀ ਵਿੱਚ ਅਮਨਦੀਪ ਕੌਰ (ਐੱਫ.ਵਾਈ.ਆਈ.ਪੀ. ਸੱਤਵਾਂ ਸਮੈਸਟਰ) ਨੇ ਪਹਿਲਾ, ਮਨਪ੍ਰੀਤ ਕੌਰ (ਐੱਮ.ਏ. ਦੂਜਾ ਭਾਗ) ਨੇ ਦੂਜਾ ਅਤੇ ਅੰਮ੍ਰਿਤਪਾਲ ਸਿੰਘ (ਐੱਮ.ਏ. ਪਹਿਲਾ ਭਾਗ) ਨੇ ਤੀਜਾ ਸਥਾਨ ਹਾਸਲ ਕੀਤਾ।
ਸਮਾਗਮ ਦੇ ਅੰਤ ਵਿੱਚ ਡਾ. ਨੀਤੂ ਕੌਸ਼ਲ ਨੇ ਹਾਜ਼ਰ ਸਮੂਹ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਹਿੰਦੀ ਦੇ ਪ੍ਰਸਿੱਧ ਸਾਹਿਤਕਾਰ ਡਾ. ਧਰਮਪਾਲ ਸਾਹਿਲ, ਡਾ. ਨਰੇਸ਼, ਡਾ. ਮਲਕੀਤ ਸਿੰਘ, ਕੇਂਦਰੀ ਯੂਨੀਵਰਸਿਟੀ ਹਿਮਾਚਲ ਪ੍ਰਦੇਸ਼, ਡਾ. ਸੁਖਦੇਵ ਸਿੰਘ ਮਿਨਹਾਸ, ਰਿਟਾ. ਪ੍ਰੋਫੈਸਰ, ਸਰਕਾਰੀ ਕਾਲਜ ਚੰਡੀਗੜ੍ਹ ਤੋਂ ਇਲਾਵਾ ਵਿਭਾਗ ਦੇ ਸਮੂਹ ਅਧਿਆਪਕ ਡਾ. ਰਿਤੂ, ਡਾ. ਪਰਵਿੰਦਰ ਕੌਰ, ਡਾ. ਵਰਿੰਦਰਜੀਤ ਕੌਰ, ਡਾ. ਸੋਨੀਆ, ਡਾ. ਪਰਵਿੰਦਰ ਸਿੰਘ ਅਤੇ ਵਿਭਾਗ ਦੇ ਸਮੂਹ ਖੋਜਾਰਥੀ ਤੇ ਵਿਦਿਆਰਥੀ ਹਾਜ਼ਰ ਸਨ।


