ਮਾਛੀਵਾੜਾ ਸਾਹਿਬ, 24 ਅਗਸਤ (ਅੰਮ੍ਰਿਤਪਾਲ)-ਪੰਜਾਬੀ ਸਾਹਿਤ ਸਭਾ ਸ੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਮਿੱਤ ਸਿੰਘ ਯਾਦਗਾਰੀ ਹਾਲ ਵਿਖੇ ਸਭਾ ਦੇ ਸੇਵਾਦਾਰ ਗੁਰਸੇਵਕ ਸਿੰਘ ਢਿੱਲੋਂ ਦੀ ਸਰਪ੍ਰਸਤੀ ਹੇਠ ਹੋਈ। ਮੀਟਿੰਗ ਦੀ ਆਰੰਭਤਾ ਵੇਲੇ ਉੱਘੇ ਲੇਖਕ ਪੱਤਰਕਾਰ ਸੰਘਰਸ਼ਸ਼ੀਲ ਯੋਧੇ ਧਰਮਪਾਲ ਉਪਾਸ਼ਕ ਜੀ ਦੇ ਸਦੀਵੀ ਵਿਛੋੜੇ ‘ਤੇ ਸ਼ੋਕ ਮਤਾ ਪਾਇਆ ਗਿਆ। ਉਪਰੰਤ ਸ. ਢਿੱਲੋਂ ਨੇ ਬੋਲਦਿਆਂ ਕਿਹਾ ਕਿ ਸਾਹਿਤ ਸਭਾਵਾਂ ਸਾਡੇ ਕਾਲਜ ਅਤੇ ਯੂਨੀਵਰਸਿਟੀਆਂ ਹਨ। ਅਸੀਂ ਇਹਨਾਂ ‘ਚੋਂ ਬਹੁਤ ਕੁਝ ਸਿੱਖ ਸਕਦੇ ਹਾਂ। ਸੱਚ ਲਿਖਣਾ ਸਾਡਾ ਫਰਜ਼ ਬਣਦਾ ਹੈ। ਉਹਨਾਂ ਸਮੂਹ ਲੇਖਕਾਂ ਨੂੰ ਆਉਣ ਵਾਲੇ ਸਮੇਂ ‘ਚ ਇੱਕਜੁਟ ਹੋਣ ਦੀ ਅਪੀਲ ਕੀਤੀ।
ਰਚਨਾਵਾਂ ਦੇ ਦੌਰ ‘ਚ ਉੱਘੇ ਗਜ਼ਲਗੋ ਸਰਦਾਰ ਪੰਛੀ ਨੇ “ਇਸ਼ਾਰਾ ਹੋ ਗਿਆ” (ਗ਼ਜ਼ਲ), ਅਮਰਜੀਤ ਕੌਰ ਮੋਰਿੰਡਾ ਨੇ “ਹਸ਼ਰ” (ਗ਼ਜ਼ਲ), ਇੰਦਰਜੀਤ ਕੌਰ ਲੋਟੇ ਨੇ “ਮੈਂ ਵੱਖਰਾ ਹਾਂ” (ਕਵਿਤਾ), ਬੁੱਧ ਸਿੰਘ ਨੀਲੋਂ ਨੇ “ਸਾਹਿਤ ਦੇ ਪਟਵਾਰੀ” (ਵਿਅੰਗ), ਜ਼ੋਰਾਵਰ ਸਿੰਘ ਪੰਛੀ ਨੇ “ਪਿਆਰਾ ਹੋ ਗਿਆ” (ਗ਼ਜ਼ਲ), ਮੀਤ ਪਾਣੀਪਤ ਨੇ “ਦਿਲ ਕੋ ਚੈਨ ਮਿਲੇ” (ਗ਼ਜ਼ਲ), ਗੀਤਕਾਰ ਪੱਪੂ ਬਲਵੀਰ ਨੇ “ਪੱਟ ਲਏ ਕਦਮ” (ਗੀਤ), ਹਰਬੰਸ ਸਿੰਘ ਰਾਏ ਨੇ “ਬਾਪੂ ਵਿਚਾਰਾ” (ਗੀਤ), ਬਲਵੰਤ ਸਿੰਘ ਵਿਰਕ ਨੇ “ਇਸ਼ਾਰਾ ਹੋ ਗਿਆ” (ਗ਼ਜ਼ਲ), ਮਨਜੀਤ ਸਿੰਘ ਰਾਗੀ ਨੇ “ਆਜ਼ਾਦੀ” (ਕਵਿਤਾ), ਗੁਰਸੇਵਕ ਸਿੰਘ ਢਿੱਲੋਂ ਨੇ “ਚਿੰਤਾਤੁਰ ਸਰਕਾਰ ਨਹੀਂ” (ਗ਼ਜ਼ਲ), ਜਸਵੀਰ ਸਿੰਘ ਝੱਜ ਨੇ “ਧਰਨਾ” (ਕਵਿਤਾ), ਜਗਵੀਰ ਸਿੰਘ ਵਿੱਕੀ ਨੇ “ਯੂ.ਐਸ.ਏ” (ਗੀਤ), ਜਗਦੇਵ ਮਕਸੂਦੜਾ ਨੇ “ਗੱਲਾਂ ਗੱਲਾਂ ‘ਚ” (ਕਵਿਤਾ) ਆਦਿਕ ਰਚਨਾਵਾਂ ਪੇਸ਼ ਕੀਤੀਆਂ।
ਪੜ੍ਹੀਆਂ ਸੁਣੀਆਂ ਰਚਨਾਵਾਂ ‘ਤੇ ਗੁਰਸੇਵਕ ਸਿੰਘ ਢਿੱਲੋਂ, ਬੁੱਧ ਸਿੰਘ ਨੀਲੋਂ, ਜਸਵੀਰ ਸਿੰਘ ਝੱਜ ਅਤੇ ਹਾਜ਼ਰ ਲੇਖਕਾਂ ਵੱਲੋਂ ਗੰਭੀਰ ਚਿੰਤਨ, ਮਿਆਰੀ ਤੇ ਪ੍ਰਭਾਵਸ਼ਾਲੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਜਗਵੀਰ ਸਿੰਘ ਵਿੱਕੀ ਨੇ ਬਹੁਤ ਖੂਬਸੂਰਤ ਅੰਦਾਜ਼ ਵਿੱਚ ਚਲਾਈ। ਗੁਰਸੇਵਕ ਸਿੰਘ ਢਿੱਲੋਂ ਨੇ ਦੂਰੋਂ ਨੇੜਿਓ ਆਏ ਹੋਏ ਸ਼ਾਇਰਾਂ ਦਾ ਧੰਨਵਾਦ ਕੀਤਾ।


