
ਮਾਛੀਵਾੜਾ ਸਾਹਿਬ, 29 ਜੁਲਾਈ (ਅੰਮ੍ਰਿਤਪਾਲ)-ਸਥਾਨਕ ਪੁਲਿਸ ਵੱਲੋਂ 11 ਗ੍ਰਾਮ ਹੈਰੋਇਨ ਸਮੇਤ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ ਗਈ ਹੈ। ਥਾਣਾ ਮਾਛੀਵਾੜਾ ਦੇ ਐਸਐਚਓ ਸਬ ਇੰਸਪੈਕਟਰ ਚਰਨਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਹਾਇਕ ਥਾਣੇਦਾਰ ਜਰਨੈਲ ਸਿੰਘ ਦੁਆਰਾ ਪੁਲਿਸ ਪਾਰਟੀ ਸਮੇਤ ਗਸ਼ਤ ਕੀਤੀ ਜਾ ਰਹੀ ਸੀ ਕਿ ਮਾਛੀਵਾੜਾ ਸਾਹਿਬ ਦੇ ਸਟੇਡੀਅਮ ਦੇ ਪਿਛਲੇ ਪਾਸੇ ਅਡਿਆਣਾ ਰੋਡ ਵਾਲੇ ਪਾਸੇ ਤੋਂ ਇੱਕ ਕਾਰ ਆ ਰਹੀ ਸੀ, ਜਿਸ ਨੂੰ ਪੁਲਿਸ ਟੀਮ ਨੇ ਰੋਕਣ ਦੀ ਕੋਸ਼ਿਸ਼ ਕੀਤੀ। ਪ੍ਰੰਤੂ ਕਾਰ ਚਾਲਕ ਆਪਣੀ ਕਾਰ ਨੂੰ ਪਿੱਛੇ ਮੋੜਨ ਲੱਗਾ, ਐਨੀ ਦੇਰ ‘ਚ ਪੁਲਿਸ ਪਾਰਟੀ ਨੇ ਕਾਰ ਨੂੰ ਘੇਰ ਲਿਆ ਅਤੇ ਕਾਰ ਚਾਲਕ ਨੂੰ ਆਪਣੀ ਪਹਿਚਾਣ ਦੱਸਣ ਲਈ ਕਿਹਾ। ਕਾਰ ਚਾਲਕ ਨੇ ਆਪਣਾ ਨਾਮ ਹਰਮਨਜੋਤ ਸਿੰਘ ਉਰਫ਼ ਹਰਮਨ ਗਰੇਵਾਲ ਨਿਵਾਸੀ ਮਾਛੀਵਾੜਾ ਦੱਸਿਆ ਅਤੇ ਨਾਲ ਹੀ ਬੈਠੇ ਦੂਜੇ ਨੌਜਵਾਨ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਉਰਫ਼ ਗੁੱਗੂ ਨਿਵਾਸੀ ਪਿੰਡ ਮਾਣੇਵਾਲ ਦੱਸਿਆ। ਜਦੋਂ ਕਾਰ ਦੀ ਤਲਾਸ਼ੀ ਲਈ ਗਈ, ਤਾਂ ਉਸ ‘ਚੋਂ 11 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਨੇ ਦੋਵਾਂ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ ਕਿ ਮੁਲਜ਼ਮ ਇਹ ਨਸ਼ਾ ਕਿੱਥੋਂ ਲਿਆਉਂਦੇ ਸਨ।


