Home » Uncategorized » ਸ਼ਰਾਬ ਨਾਲ ਭਰੀ ਇਨੋਵਾ ਕਾਰ ਨਹਿਰ ‘ਚ ਡਿੱਗਣ ਨਾਲ 2 ਦੀ ਮੌਤ…

ਸ਼ਰਾਬ ਨਾਲ ਭਰੀ ਇਨੋਵਾ ਕਾਰ ਨਹਿਰ ‘ਚ ਡਿੱਗਣ ਨਾਲ 2 ਦੀ ਮੌਤ…

ਮ੍ਰਿਤਕ ਚਾਚਾ-ਭਤੀਜਾ ਦੱਸੇ ਜਾ ਰਹੇ ਹਨ, ਦੋਵਾਂ ਦੀ ਉਮਰ 20 ਤੋਂ ਘੱਟ

ਮਾਛੀਵਾੜਾ ਸਾਹਿਬ – 24 ਜੁਲਾਈ (ਅੰਮ੍ਰਿਤਪਾਲ)-ਮਾਛੀਵਾੜਾ ਸਾਹਿਬ ਨੇੜੇ ਗੜੀ ਪੁੱਲ ‘ਤੇ ਸਰਹਿੰਦ ਨਹਿਰ ਵਿੱਚ ਇੱਕ ਸ਼ਰਾਬ ਨਾਲ ਭਰੀ ਇਨੋਵਾ ਕਾਰ ਡਿੱਗਣ ਕਾਰਨ ਦੋ ਨੌਜਵਾਨਾਂ ਦੀ ਮੌਤ ਹੋ ਜਾਣ ਦੀ ਦੁਖਦਾਈ ਘਟਨਾ ਸਾਹਮਣੇ ਆਈ ਹੈ। ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਅਤੇ ਗੋਤਾਖੋਰਾਂ ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਨਹਿਰ ‘ਚੋਂ ਕਾਰ ਅਤੇ ਨੌਜਵਾਨਾਂ ਦੀ ਭਾਲ ਲਈ ਵੱਡੇ ਪੱਧਰ ‘ਤੇ ਰੈਸਕਿਊ ਆਪ੍ਰੇਸ਼ਨ ਚਲਾਇਆ ਗਿਆ। ਕਈ ਘੰਟਿਆਂ ਦੀ ਮਸ਼ੱਕਤ ਤੋਂ ਬਾਅਦ ਗੋਤਾਖੋਰਾਂ ਵੱਲੋਂ ਨਹਿਰ ਵਿੱਚ ਡੁੱਬੀ ਇਨੋਵਾ ਕਾਰ ਲੱਭ ਲਈ ਗਈ। ਮੌਕੇ ‘ਤੇ ਪੁਲਿਸ ਵੱਲੋਂ ਹਾਈਡਰਾ ਜੇਸੀਬੀ ਮੰਗਵਾਈ ਗਈ, ਜਿਸਦੀ ਮੱਦਦ ਨਾਲ ਇਨੋਵਾ ਕਾਰ ਬਾਹਰ ਕੱਢੀ ਗਈ। ਜਦੋਂ ਕਾਰ ਬਾਹਰ ਸੜ੍ਹਕ ਤੇ ਕੱਢੀ ਗਈ ਤਾਂ ਦੋਵੇਂ ਨੌਜਵਾਨ ਕਾਰ ਦੇ ਅੰਦਰ ਹੀ ਮ੍ਰਿਤਕ ਅਵੱਸਥਾ ਵਿੱਚ ਮਿਲੇ ਅਤੇ ਕਾਰ ਦੇ ਅੰਦਰ ਹੀ ਕਾਫ਼ੀ ਮਾਤਰਾ ਵਿਚ ਸ਼ਰਾਬ ਦੀਆਂ ਬੋਤਲਾਂ ਵੀ ਸਨ। ਐਸਐਚਓ ਹਰਵਿੰਦਰ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਬਾਰੀਕੀ ਨਾਲ ਜਾਂਚ ਕਰਨ ਤੋਂ ਬਾਅਦ ਹੀ ਅਸਲ ਕਾਰਨਾਂ ਦਾ ਪਤਾ ਲੱਗੇਗਾ ਕਿ ਇਹ ਇਨੋਵਾ ਕਾਰ ਨਹਿਰ ਵਿਚ ਕਿਸ ਤਰ੍ਹਾਂ ਡਿੱਗੀ। ਉਹਨਾਂ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਇਨੋਵਾ ਕਾਰ ਵਿਚ ਗੈਰਕਾਨੂੰਨੀ ਸ਼ਰਾਬ ਲਿਜਾਈ ਜਾ ਰਹੀ ਸੀ।

​ਠੇਕੇਦਾਰਾਂ ਦੀਆਂ ਗੱਡੀਆਂ ਵੱਲੋਂ ਇਨੋਵਾ ਨੂੰ ਫੇਟ ਮਾਰਨ ਦਾ ਦੋਸ਼
​ਫ਼ਰੀਦਕੋਟ ਦੇ ਪਿੰਡ ਸਿੱਖਾਂ ਵਾਲਾ ਦੇ ਰਹਿਣ ਵਾਲੇ ਰਿੰਪੀ ਸਿੰਘ ਨੇ ਦੱਸਿਆ ਕਿ ਮ੍ਰਿਤਕ ਆਕਾਸ਼ਦੀਪ (19) ਅਤੇ ਵਕਾਸ਼ਦੀਪ (20) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਗੱਡੀ ਵਿੱਚ ਸ਼ਰਾਬ ਲੈ ਕੇ ਆ ਰਹੇ ਸਨ, ਜਦਕਿ ਪਿੱਛੋਂ ਆਈਆਂ ਸ਼ਰਾਬ ਦੇ ਠੇਕੇਦਾਰਾਂ ਦੀਆਂ ਗੱਡੀਆਂ ਨੇ ਉਨ੍ਹਾਂ ਦੀ ਇਨੋਵਾ ਕਾਰ ਨੂੰ ਜ਼ੋਰਦਾਰ ਫੇਟ (ਟੱਕਰ) ਮਾਰ ਦਿੱਤੀ, ਜਿਸ ਕਾਰਨ ਗੱਡੀ ਨਿਯੰਤਰਣ ਖੋ ਕੇ ਸਿੱਧੀ ਨਹਿਰ ਵਿੱਚ ਜਾ ਡਿੱਗੀ। ਘਟਨਾ ਤੜਕੇ ਸਾਢੇ ਚਾਰ ਵਜੇ ਦੇ ਨੇੜੇ-ਤੇੜੇ ਦੀ ਦੱਸੀ ਜਾ ਰਹੀ ਹੈ, ਜਿਸ ਤੋਂ ਬਾਅਦ ਨੌਜਵਾਨਾਂ ਦੇ ਮੋਬਾਇਲ ਫੋਨ ਵੀ ਬੰਦ ਆ ਰਹੇ ਹਨ।
​ਗੰਧਲੇ ਪਾਣੀ ਦੇ ਤੇਜ਼ ਵਹਾਅ ਕਾਰਨ ਬਚਾਅ ਕਾਰਜਾਂ ‘ਚ ਆਈ ਰੁਕਾਵਟ
​ਨਹਿਰ ‘ਚ ਡੁੱਬੀ ਕਾਰ ਦੀ ਭਾਲ ਲਈ ਪਹੁੰਚੇ ਗੋਤਾਖੋਰ ਸੁਭਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਨੀਲੋ ਤੋਂ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀ 4 ਮੈਂਬਰੀ ਟੀਮ ਨਹਿਰ ‘ਚ ਉੱਤਰੀ। ਹਾਲਾਂਕਿ, ਨਹਿਰ ਦਾ ਪਾਣੀ ਬਹੁਤ ਜ਼ਿਆਦਾ ਗੰਧਲਾ ਹੋਣ ਕਰਕੇ 2 ਤੋਂ ਢਾਈ ਫੁੱਟ ਤੋਂ ਡੂੰਘਾ ਕੁਝ ਵੀ ਨਜ਼ਰ ਨਹੀਂ ਆ ਰਹਾ ਸੀ। ਪ੍ਰੰਤੂ ਗੋਤਾਖੋਰਾਂ ਦੀ ਮੁਸਤੈਦੀ ਨੇ ਆਖਿਰਕਾਰ ਕਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਇਨੋਵਾ ਕਾਰ ਨੂੰ ਲੱਭ ਲਿਆ।

Leave a Reply

Your email address will not be published. Required fields are marked *

ਕੌਮੀ ਇਨਸਾਫ ਮੋਰਚੇ ਵੱਲੋਂ 28 ਜੁਲਾਈ ਨੂੰ ਸਾਰੀਆਂ ਪੰਥਕ, ਕਿਸਾਨ ਜਥੇਬੰਦੀਆਂ, ਪੰਥ ਪੰਜਾਬ ਦਰਦੀ ਸ਼ਖਸ਼ੀਅਤਾਂ ਨੂੰ ਕਿਸਾਨ ਭਵਨ ‘ਚ 11 ਵਜੇ ਨੁਮਾਇੰਦਾ ਮੀਟਿੰਗ ਵਿੱਚ ਪੁੱਜਣ ਦੀ ਕੀਤੀ ਅਪੀਲ : ਸਰਪ੍ਰਸਤ ਬਾਪੂ ਗੁਰਚਰਨ ਸਿੰਘ/ਮੁੱਖ ਬੁਲਾਰਾ ਗੁਰਦੀਪ ਸਿੰਘ ਬਠਿੰਡਾ